ਹੁਣ ਫ਼ਸਲਾਂ ਤੇ ਡ੍ਰੋਨ ਜ਼ਰੀਏ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਆਈਆਈਟੀ ਮਦਰਾਸ ਦੇ ਵਿਦਿਆਰਥੀਆਂ ਨੇ ਅਜਿਹਾ ਡ੍ਰੋਨ ਬਣਾਇਆ ਹੈ ਜਿਸ ਨਾਲ ਮੌਜੂਦਾ ਤਰੀਕੇ ਦੇ ਮੁਕਾਬਲੇ 10 ਗੁਣਾ ਤੇਜ਼ੀ ਨਾਲ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਨੂੰ ਐਗਰੀਕਾਪਟਰ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਲੱਗੇ ਕੈਮਰੇ ਨਾਲ ਫਸਲਾਂ ਦੀ ਸਿਹਤ ਤੇ ਵੀ ਨਜ਼ਰ ਰੱਖੀ ਜਾ ਸਕੇਗੀ। ਇਸ ਦੇ ਖੋਜੀਆਂ ਨੇ ਇਸ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ।
ਆਈਆਈਟੀ ਮਦਰਾਸ ਦੇ ਸੈਂਟਰ ਫਾਰ ਇਨੋਵੇਸ਼ਨ ਦੇ ਖੋਜੀਆਂ ਮੁਤਾਬਕ ਮੈਨੂਅਲ ਕੀਟਨਾਸ਼ਕ ਦਾ ਛਿੜਕਾਅ ਕਰਨ ਤੇ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਕਿਸਾਨਾਂ ਤੇ ਮਜ਼ਦੂਰਾਂ ਤੇ ਜ਼ਹਿਰੀਲੇ ਰਸਾਇਣ ਦਾ ਬੁਰਾ ਪ੍ਰਭਾਵ ਰੋਕਣ ਲਈ ਇਹ ਡ੍ਰੋਨ ਵਿਕਸਤ ਕੀਤਾ ਗਿਆ ਹੈ।
ਡ੍ਰੋਨ ਵਿੱਚ ਲੱਗਾ ਅਤਿ-ਆਧੁਨਿਕ ਮਲਟੀਸਪੈਕਟਰਲ ਇਮੇਜਿੰਗ ਕੈਮਰਾ ਫ਼ਸਲਾਂ ਦੀ ਸਿਹਤ ਦੇ ਆਧਾਰ ਤੇ ਖੇਤ ਦਾ ਸਮਾਰਟ ਨਕਸ਼ਾ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਆਟੋਮੈਟਿਕ ਕੀਟਨਾਸ਼ਕ ਰੀਫਿਲਿੰਗ ਸਿਸਟਮ ਲਾਇਆ ਗਿਆ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕੀਟਨਾਸ਼ਕ ਦਾ ਛਿੜਕਾਅ ਆਪਣੇ-ਆਪ ਲਗਾਤਾਰ ਹੁੰਦਾ ਰਹੇ।
ਇਸ ਡ੍ਰੋਨ ਨੂੰ ਤਿਆਰ ਕਰਨ ਵਿੱਚ 5.1 ਲੱਖ ਦੀ ਲਾਗਤ ਆਈ ਹੈ। ਇਹ 15 ਲੀਟਰ ਕੀਟਨਾਸ਼ਕ ਲੈ ਕੇ ਜਾਣ ਦੀ ਸਮਰਥਾ ਰੱਖਦਾ ਹੈ। ਇਸ ਦਾ ਲਕਸ਼ 10 ਗੁਣਾ ਤੇਜ਼ੀ ਨਾਲ ਕੀਟਨਾਸ਼ਕ ਦਾ ਛਿੜਕਾਅ ਕਰਨਾ ਹੈ। ਇਸ ਦੀ ਖੋਜ ਲਈ ਖੋਜੀਆਂ ਨੂੰ ਇੰਡੀਅਨ ਇਨੋਵੇਸ਼ਨ ਗ੍ਰੋਥ ਪ੍ਰੋਗਰਾਮ ਦਾ ਖ਼ਿਤਾਬ ਵੀ ਮਿਲ ਚੁੱਕਿਆ ਹੈ। ਬਤੌਰ ਪੁਰਸਕਾਰ ਟੀਮ ਨੂੰ 10 ਲੱਖ ਰੁਪਏ ਦਿੱਤੇ ਗਏ ਸੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ