ਕੋਟਾ ਦੇ ਡਾਕਟਰ ਨੇ ਦੇਸ਼ ਭਰ ਵਿਚ ਘੁੰਮ ਰਹੀਆਂ ਆਵਾਰਾ ਗਾਵਾਂ ਨੂੰ ਦੁਧਾਰੂ ਬਣਾਉਣ ਲਈ ਅਤਿ-ਆਧੁਨਿਕ ਮਾਈਕ੍ਰੋਸਕੋਪ ਤਿਆਰ ਕੀਤਾ ਹੈ ਅਤੇ ਉਸ ਦੀ ਯੋਜਨਾ ਦੇਸ਼ ਦੇ ਕਿਸਾਨਾਂ ਨੂੰ ਆਪਣੀ ਮੁਹਿੰਮ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ। ਕੋਟਾ ਦੇ ਡਾਕਟਰ ਸੰਜੇ ਸੋਨੀ ਨੇ ਜਿਹੜਾ ਮਾਈਕਰੋਸਕੋਪ ਤਿਆਰ ਕੀਤਾ ਹੈ, ਉਹ ਜਾਨਵਰਾਂ ਦੀ ਕਈ ਤਰ੍ਹਾਂ ਦੀ ਡਾਕਟਰੀ ਜਾਂਚ ਤੋਂ ਇਲਾਵਾ ਇਲਾਜ, ਖੋਜ, ਖੇਤੀ ਅਤੇ ਸਿਖਿਆ ਵਿਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਦਸਿਆ ਕਿ ਇਸ ਉਪਕਰਨ ਜ਼ਰੀਏ ਦੂਰ-ਦੁਰਾਡੇ ਦੇ ਪਿੰਡਾਂ ਵਿਚ ਰੋਗੀ ਅਤੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਰੋਗ ਦਾ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕੋਟਾ ਵਿਚ ਆਵਾਰਾ ਅਤੇ ਦੁੱਧ ਨਾ ਦੇਣ ਵਾਲੀਆਂ ਗਾਵਾਂ ਨੂੰ ਦੁਧਾਰੂ ਬਣਾਉਣ ਲਈ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਦਸਦੇ ਹਨ ਕਿ ਇਥੇ ਚੱਲ ਰਹੀਆਂ 80-90 ਗਊ ਸ਼ਾਲਾਵਾਂ ਦੇ ਸੰਚਾਲਕਾਂ ਨੇ ਇਸ ਉਪਕਰਨ ਨੂੰ ਖ਼ਰੀਦਣ ਵਿਚ ਦਿਲਚਸਪੀ ਵਿਖਾਈ ਹੈ। ਦਸ ਸਾਲਾਂ ਦੀ ਖੋਜ ਅਤੇ ਪਰਖ ਮਗਰੋਂ 25 ਹਜ਼ਾਰ ਰੁਪਏ ਕੀਮਤ ਦੇ ਇਸ ਉਪਕਰਨ ਨੂੰ ਲਾਂਚ ਕੀਤਾ ਗਿਆ ਹੈ।
ਇੰਜ ਪਸ਼ੂਆਂ ਦੀ ਬੀਮਾਰੀ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਸੌਖਾ ਹੋ ਜਾਵੇਗਾ। ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ ਤੋਂ ਇਸ ਉਪਕਰਨ ਨੂੰ ਮਾਨਤਾ ਮਿਲ ਚੁੱਕੀ ਹੈ। ਇਸ ਡਿਜੀਟਲ ਮਾਈਕ੍ਰੋਸਕੋਪ ਨਾਲ ਖ਼ੂਨ ਦੀ ਪੈਰੀਫ਼ੇਰੀਅਲ ਬਲੱਡ ਸਮੀਅਰ, ਪੀਬੀਐਫ਼, ਸੈਲ ਕਾਊਂਟ, ਫ਼ਲੋਰੋਸੈਂਟ, ਮਾਈਕ੍ਰੋਸਕੋਪੀ ਆਦਿ ਦੀ ਜਾਂਚ ਕੀਤੀ ਜਾ ਸਕਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ