ਇਸ ਸਾਲ ਫਿਰ ਆਲੂਆਂ ਦੀ ਹੋ ਰਹੀ ਬੇਕਦਰੀ ਕਾਰਨ ਪੰਜਾਬ ਦਾ ਕਿਸਾਨ ਭਾਰੀ ਸਦਮੇ ਚ ਹੈ ਅਤੇ ਬਹੁਤ ਸਾਰੇ ਕਿਸਾਨ ਅਗਾਂਹ ਤੋਂ ਆਲੂ ਲਗਾਉਣ ਤੋਂ ਤੌਬਾ ਕਰ ਚੁੱਕੇ ਹਨ। ਦੋ ਸਾਲ ਪਹਿਲਾਂ ਹੋਈ ਨੋਟਬੰਦੀ ਤੋਂ ਬਾਅਦ ਵੀ ਆਲੂ ਉਤਪਾਦਕ ਕਿਸਾਨਾਂ ਨੂੰ 2017 ਚ ਆਪਣੀ ਆਲੂ ਦੀ ਫਸਲ 3 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣੀ ਪਈ ਸੀ ਅਤੇ ਭਾਰੀ ਘਾਟਾ ਸਹਿਣਾ ਪਿਆ ਸੀ ਅਤੇ ਹੁਣ ਫਿਰ ਇਸ ਸਾਲ ਵਪਾਰੀ ਆਲੂ ਦਾ ਰੇਟ 3 ਤੋਂ ਲੈ ਕੇ 4 ਰੁਪਏ ਪ੍ਰਤੀ ਕਿਲੋ ਹੀ ਲਗਾ ਰਹੇ ਹਨ, ਜਦਕਿ ਦੋ ਸਾਲ ਚ ਵਧੀ ਮਹਿੰਗਾਈ ਕਾਰਨ ਆਲੂ ਦੀ ਫਸਲ ਪੈਦਾ ਕਰਨ ਲਈ ਕਿਸਾਨ ਨੂੰ 5 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਲਾਗਤ ਤੇ ਹੀ ਖਰਚ ਕਰਨਾ ਪਿਆ ਹੈ। ਆਲੂ ਦੇ ਰੇਟ ਘੱਟ ਹੋਣ ਕਾਰਨ ਪਏ ਘਾਟੇ ਕਾਰਨ ਜਿੱਥੇ ਕਿਸਾਨ ਭਾਰੀ ਪਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਰਹੇ ਹਨ, ਉੱਥੇ ਦਿਨੋ ਦਿਨ ਖੇਤੀ ਲਈ ਲਿਆ ਹੋਇਆ ਦਵਾਈਆਂ, ਖਾਦਾਂ ਅਤੇ ਲੇਬਰ ਦਾ ਖਰਚਾ ਦੇਣ ਲਈ ਕਿਸਾਨ ਹੋਰ ਕਰਜ਼ਾ ਚੁੱਕਣ ਲਈ ਮਜਬੂਰ ਹਨ।
ਆਲੂ ਉਤਪਾਦਕ ਕਿਸਾਨ ਕਰਨੈਲ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸਾਹਿਬ ਸਿੰਘ, ਜਸਵਿੰਦਰ ਸਿੰਘ ਨੰਡਾ ਸਰਪੰਚ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਅੱਜ ਪਿੰਡਾਂ ਚ ਕਈ ਦਿਨ ਉਡੀਕ ਤੋਂ ਬਾਅਦ ਆਲੂ ਖਰੀਦਣ ਲਈ ਵਪਾਰੀ ਆਇਆ ਤਾਂ ਸਿਰਫ 350 ਰੁਪਏ ਪ੍ਰਤੀ ਕੁਇੰਟਲ ਰੇਟ ਲਗਾ ਕੇ ਹੀ ਮੁੜਨ ਲੱਗਾ, ਜਦ ਕਿਸਾਨਾਂ ਇੱਕਠੇ ਹੋ ਕੇ ਵਪਾਰੀ ਨੂੰ ਪੈਣ ਵਾਲੇ ਘਾਟੇ ਬਾਰੇ ਦੱਸਿਆ ਤਾਂ ਉਸਨੇ 370 ਰੁਪਏ ਤੋਂ ਵੱਧ ਰੇਟ ਦੇਣ ਤੋਂ ਇਨਕਾਰ ਕਰ ਦਿੱਤਾ। ਮੰਦੀ ਦੇ ਚੱਲਦੇ ਇਸ ਦੌਰਾਨ ਬਹੁਤ ਕਿਸਾਨ ਆਪਣੇ ਆਲੂ 350 ਤੋਂ ਲੈ ਕੇ 415 ਰੁਪਏ ਚ ਜਿੰਨਾ-ਜਿੰਨਾ ਵੀ ਕਿਸੇ ਨੂੰ ਰੇਟ ਮਿਲਿਆ ਆਲੂ ਵੇਚ ਰਹੇ ਹਨ ਅਤੇ ਬੋਰੀਆਂ ਭਰੀਆਂ ਜਾ ਰਹੀਆਂ ਹਨ। ਲਗਾਤਾਰ ਪੈ ਰਹੇ ਘਾਟੇ ਤੋਂ ਨਿਰਾਸ਼ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਦੀ ਲਾਗਤ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਹੀ ਕਰਜ਼ੇ ਤੋਂ ਡਰਦੇ ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਚ ਨਾ ਤਾਂ ਪੜ੍ਹੇ ਲਿਖੇ ਨੌਜਵਾਨਾਂ ਲਈ ਕੋਈ ਨੌਕਰੀ ਹੈ ਅਤੇ ਨਾ ਹੀ ਖੇਤੀਬਾੜੀ ਕਰਦੇ ਕਿਸਾਨਾਂ ਦੇ ਬੱਚਿਆਂ ਨੂੰ ਹੀ ਕੋਈ ਮੁਨਾਫਾ ਮਿਲਦਾ ਹੈ ਅਤੇ ਨਿਰਾਸ਼ ਹੋਏ ਲੋਕ ਵਿਦੇਸ਼ਾਂ ਚ ਸੈਟਲ ਹੋਣ ਲਈ ਜ਼ਮੀਨਾਂ ਵੇਚ ਰਹੇ ਹਨ। ਕਿਸਾਨ ਰਣਜੀਤ ਸਿੰਘ ਥਿੰਦ ਬੂਲਪੁਰ ਨੇ ਦੱਸਿਆ ਕਿ ਕਈ ਕਿਸਾਨਾਂ ਦਾ ਤਾਂ ਆਲੂ ਵੇਚ ਕੇ ਲੇਬਰ ਦੀ ਮਜ਼ਦੂਰੀ ਅਤੇ ਡੀਜ਼ਲ ਦਾ ਖਰਚਾ ਵੀ ਪੂਰਾ ਨਹੀਂ ਹੋ ਸਕਿਆ ਅਤੇ ਕੁਝ ਕਿਸਾਨ ਹਾਲੇ ਢੇਰੀ ਲਾ ਕੇ ਆਲੂ ਦੇ ਵਪਾਰੀ ਦੀ ਉਡੀਕ ਕਰ ਰਹੇ ਹਨ ਕਿ ਸ਼ਾਇਦ ਰੇਟ ਵੱਧ ਜਾਵੇ ਤਾਂ ਉਹ ਆਪਣੇ ਪਰਿਵਾਰ ਦਾ ਖਰਚਾ ਪੂਰਾ ਕਰ ਸਕਣ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Jagbani