ਟਰੈਕਟਰ ਟਰਾਲੀਆਂ ਰਾਹੀਂ ਅਨਾਜ ਦੀ ਢੋਆ-ਢੁਆਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਕਮਰਸ਼ੀਅਲ ਪਰਮਿਟ ਵਾਲੀਆਂ ਟਰੈਕਟਰ ਟਰਾਲੀਆਂ ਨੂੰ ਵਰਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਸਟਿਸ ਅਰੁਣ ਮੋਂਗਾ ਨੇ ਸਪੱਸ਼ਟ ਕੀਤਾ ਕਿ ਪਰਮਿਟ ਵਾਲੇ ਵਾਹਨ ਟੈਂਡਰ ਪ੍ਰਕਿਰਿਆ ’ਚ ਸ਼ਾਮਲ ਹੋ ਸਕਦੇ ਹਨ ਅਤੇ ਪੰਜਾਬ ਸਰਕਾਰ ਇਸ ਬਾਬਤ ਨੋਟੀਫਿਕੇਸ਼ਨ ਦਾ ਢੁਕਵਾਂ ਪ੍ਰਚਾਰ ਕਰੇ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਵੱਲੋਂ ਦਾਖ਼ਲ ਚਾਰ ਪਟੀਸ਼ਨਾਂ ’ਤੇ ਇਹ ਫ਼ੈਸਲਾ ਆਇਆ ਹੈ ਜਿਨ੍ਹਾਂ ਮੰਗ ਕੀਤੀ ਸੀ ਕਿ ਟਰੈਕਟਰ ਟਰਾਲੀਆਂ ਨੂੰ ਕਾਰੋਬਾਰੀ ਕੰਮਾਂ ਲਈ ਵਰਤੇ ਜਾਣ ਤੋਂ ਰੋਕੇ ਜਾਣ ਦੇ ਨਿਰਦੇਸ਼ ਦਿੱਤੇ ਜਾਣ। ਸਰਕਾਰੀ ਵਕੀਲ ਨੇ ਬੈਂਚ ਮੂਹਰੇ 25 ਅਪਰੈਲ 2018 ਦੇ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਰਾਜ ਟਰਾਂਸਪੋਰਟ ਕਮਿਸ਼ਨਰ ਬੀ ਪੁਰਸ਼ਾਰਥਾ ਵੱਲੋਂ ਤਿਆਰ ਹਲਫ਼ਨਾਮਾ ਦਾਖ਼ਲ ਕੀਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ