Government runs away from farmer s full debt waiver: Harsimrat                                        
                                        
                                            
                                            February 20 2019                                        
                                    
                                     This content is currently available only in Punjabi language.
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਫ਼ਸਾਨਾ ਮੰਤਰੀ ਦੱਸਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਅੱਜ ਬਜਟ ਵਿਚ ਕਿਸਾਨੀ ਦਾ ਪੂਰਾ ਕਰਜ਼ਾ ਮੁਆਫ਼ ਕਰਨ ਤੋਂ ਭੱਜ ਗਈ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਅਤੇ ਮਨਪ੍ਰੀਤ ਬਾਦਲ ਮਹਾਂਫੇਲ੍ਹ ਮੰਤਰੀ ਸਿੱਧ ਹੋਏ ਹਨ। ਉਨ੍ਹਾਂ ਆਖਿਆ ਕਿ ਸਰਕਾਰ ਨੇ ਪੰਜਾਬ ਬਜਟ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਆਖਿਆ ਕਿ ਤੇਲ ਦੀਆਂ ਕੀਮਤਾਂ ਵਿਚ ਦੋ ਰੁਪਏ ਜ਼ਿਆਦਾ ਰਿਆਇਤ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਬਾਕੀ ਸੂਬਿਆਂ ਦੇ ਮੁਕਾਬਲੇ ਦੇਰੀ ਨਾਲ ਰੇਟ ਘਟਾਏ ਹਨ। ਉਨ੍ਹਾਂ ਆਖਿਆ ਕਿ ‘ਦੇਰ ਆਏ ਦਰੁਸਤ ਆਏ’ ਪਰ ਕਿਸਾਨੀ ਦਾ ਪੂਰਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਪੰਜਾਬ ਬਜਟ ਵਿਚ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ 900 ਕਿਸਾਨ ਕਾਂਗਰਸ ਰਾਜ ਦੌਰਾਨ ਖ਼ੁਦਕੁਸ਼ੀਆਂ ਕਰ ਗਏ ਹਨ। ਕਾਂਗਰਸ ਨੇ ਜੋ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਸਾਨੀ ਦਾ ਮਾਡਲ ਪੇਸ਼ ਕੀਤਾ ਸੀ, ਉਹ ਫੇਲ੍ਹ ਹੋ ਗਿਆ ਹੈ ਤੇ ਸਰਕਾਰ ਦੇ ਇਰਾਦੇ ਬਦਲ ਗਏ ਹਨ। ਬਜਟ ਵਿਚ ਸਰਕਾਰ ਨੇ ਸ਼ਗਨ ਸਕੀਮ ਦੀ ਰਕਮ ਵਧਾ ਕੇ 51 ਹਜ਼ਾਰ ਤਾਂ ਕੀ ਕਰਨੀ ਸੀ, ਦੋ ਵਰ੍ਹਿਆਂ ਤੋਂ ਸ਼ਗਨ ਸਕੀਮ ਦਾ ਪੈਸਾ ਹੀ ਨਹੀਂ ਦਿੱਤਾ। ਕੇਂਦਰੀ ਮੰਤਰੀ ਨੇ ਅੱਜ ਇੱਥੇ ਬਠਿੰਡਾ ਜੰਕਸ਼ਨ ਦੇ ਆਧੁਨਿਕੀਕਰਨ ਦੀ ਸਕੀਮ ਤਹਿਤ ਦੋ ਫੁੱਟ ਬਰਿੱਜਾਂ ਅਤੇ ਇੱਕ ਆਧੁਨਿਕ ਵੇਟਿੰਗ ਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਸਰਕਾਰ ਨੇ ਬਜਟ ਵਿਚ ਘਿਓ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ ਬਲਕਿ ਆਟਾ-ਦਾਲ ਸਕੀਮ ਦੇ 50 ਫ਼ੀਸਦੀ ਨੀਲੇ ਕਾਰਡ ਵੀ ਕੱਟ ਦਿੱਤੇ ਹਨ। ਉਨ੍ਹਾਂ ਆਖਿਆ ਕਿ ਬੁਢਾਪਾ ਪੈਨਸ਼ਨਾਂ ’ਤੇ ਵੀ ਵੱਡਾ ਕੱਟ ਮਾਰ ਦਿੱਤਾ ਹੈ।
 
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune