ਸੈਟੇਲਾਈਟ ਤੋਂ ਲਈਆਂ ਪੰਜਾਬ ਦੀਆਂ ਤਸਵੀਰਾਂ ਨੇ ਉਡਾਏ ਹੋਸ਼, 2050 ਤਕ ਨਹੀਂ ਰਹੇਗੀ ਸਾਹ ਲੈਣ ਯੋਗ ਹਵਾ

October 29 2018

ਚੰਡੀਗੜ੍ਹ: ਸ਼ਨੀਵਾਰ ਦੁਪਹਿਰ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਤਕਰੀਬਨ 2000 ਤੋਂ ਵੱਧ ਥਾਵਾਂ ਤੇ ਪਰਾਲ਼ੀ ਸਾੜੀ ਗਈ। ਪਰਾਲ਼ੀ ਸਾੜਨ ਨਾਲ ਹਵਾ ਪ੍ਰਦੂਸ਼ਣ ਬਾਰੇ ਖੋਜ ਕੀਤੀ ਗਈ ਹੈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਇਸੇ ਤਰ੍ਹਾਂ ਫ਼ਸਲਾਂ ਦੀ ਰਹਿੰਦ-ਖੂਹੰਦ ਸਾੜੀ ਜਾਂਦੀ ਰਹੀ ਤਾਂ ਸਾਲ 2050 ਤਕ ਹਵਾ ਦੁੱਗਣੀ ਪਲੀਤ ਹੋ ਜਾਵੇਗੀ। ਪ੍ਰਦੂਸ਼ਕਾਂ ਵਿੱਚ 2.5 ਪੀਐਮ ਕਣਾਂ ਨੂੰ ਅਦਿੱਖ ਕਾਤਲ ਕਿਹਾ ਜਾਂਦਾ ਹੈ। ਇਨ੍ਹਾਂ ਮਨੁੱਖੀ ਸਾਹ ਪ੍ਰਣਾਲੀ ਵੀ ਛਾਣ ਨਹੀਂ ਸਕਦੀ ਤੇ ਇਹ ਬਾਰੀਕ ਕਣ ਖ਼ੂਨ ਵਿੱਚ ਮਿਲ ਕੇ ਸਿਹਤ ਖ਼ਰਾਬ ਕਰਦੇ ਹਨ। ਜਦ ਪਰਾਲ਼ੀ ਸਾੜੀ ਜਾਂਦੀ ਹੈ ਤਾਂ ਅੱਧ ਤੋਂ ਵੱਧ ਮਾਤਰਾ ਇਨ੍ਹਾਂ ਬਾਰੀਕ (2.5PM) ਕਣਾਂ ਦੀ ਹੁੰਦੀ ਹੈ।

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਦੇ ਵਾਤਾਵਰਣ ਵਿਗਿਆਨੀ ਡਾ. ਰਵਿੰਦਰ ਕਹੀਵਾਲ ਨੇ ਦੱਸਿਆ ਕਿ ਤਾਜ਼ਾ ਉਪਗ੍ਰਹਿ ਤਸਵੀਰ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ 2,328 ਥਾਵਾਂ ਤੇ ਅੱਗ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਦਰ ਤੇ ਅੱਗ ਲਾਈ ਜਾਂਦੀ ਰਹੀ ਤਾਂ ਸਾਲ 2017 ਦੇ ਮੁਕਾਬਲੇ 2050 ਤਕ ਇਹ 45% ਤਕ ਹੋ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ 488 ਮਿਲੀਅਨ ਟਨ ਫ਼ਸਲ ਦੀ ਰਹਿੰਦ-ਖੂਹੰਦ ਬਚੀ ਸੀ ਤੇ ਜਿਸ ਵਿੱਚੋਂ ਚੌਥੇ ਹਿੱਸੇ ਨੂੰ ਸਾੜਿਆ ਗਿਆ, ਜਿਸ ਕਾਰਨ ਪੂਰੇ ਉੱਤਰ ਭਾਰਤ ਵਿੱਚ ਕਈ ਦਿਨ ਧੁੰਦ ਤੇ ਧੂੰਏਂ ਦੇ ਮੇਲ ਕਾਰਨ ਬਣੀ ਚਿੱਟੀ ਚਾਦਰ ਛਾ ਗਈ ਸੀ। ਜੇਕਰ ਚੌਥਾ ਹਿੱਸਾ ਪਰਾਲ਼ੀ ਸਾੜੇ ਜਾਣ ਨਾਲ ਇੰਨੇ ਭਿਆਨਕ ਸਿੱਟੇ ਨਿੱਕਲ ਸਕਦੇ ਹਨ ਤਾਂ ਬਹੁਤ ਜਲਦ ਇਸ ਦਾ ਹੱਲ ਤਲਾਸ਼ਣਾ ਪਵੇਗਾ।

ਕਣਕ ਦੇ ਨਾੜ ਨੂੰ ਕਿਸਾਨ ਘੱਟ ਅੱਗ ਲਾਉਂਦੇ ਹਨ ਕਿਉਂਕਿ ਉਸ ਤੋਂ ਤੂੜੀ ਤਿਆਰ ਕਰ ਲਈ ਜਾਂਦੀ ਹੈ, ਜੋ ਪਸ਼ੂਆਂ ਦਾ ਚਾਰਾ ਬਣਦੀ ਹੈ। ਝੋਨੇ ਦੀ ਪਰਾਲ਼ੀ ਤੋਂ ਤਿਆਰ ਤੂੜੀ ਪਸ਼ੂਆਂ ਲਈ ਵੀ ਲਾਹੇਵੰਦ ਨਹੀਂ ਹੁੰਦੀ ਇਸ ਲਈ ਕਿਸਾਨ ਸਮੇਂ ਸਿਰ ਖੇਤ ਵਿਹਲਾ ਕਰਨ ਲਈ ਇਸ ਨੂੰ ਸਾੜ ਦਿੰਦੇ ਹਨ। ਨਾ ਹੀ ਝੋਨੇ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਅਜਿਹਾ ਕਰਨ ਲਈ ਕਿਸਾਨ ਨੂੰ ਵਧੀਆ ਖੇਤੀ ਸੰਦ ਤੇ ਮਸ਼ੀਨਰੀ ਦੀ ਲੋੜ ਹੈ, ਜੋ ਮਹਿੰਗੀ ਹੋਣ ਕਾਰਨ ਪੰਜਾਬ ਦਾ ਕਿਸਾਨ ਖਰੀਦਣ ਤੋਂ ਅਸਮਰੱਥ ਹੈ।

ਹਾਲਾਂਕਿ, ਝੋਨੇ ਦੀ ਪਰਾਲ਼ੀ ਦਾ ਨਿਪਟਾਰਾ ਸਾੜ ਕੇ ਕੀਤੇ ਜਾਣ ਦਾ ਇੱਕ ਹੋਰ ਵਿਕਲਪ ਵੀ ਮੌਜੂਦ ਹੈ। ਜੇਕਰ ਇਸ ਪਰਾਲ਼ੀ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਵੇ ਤਾਂ ਤਕਰੀਬਨ 120 TWh (ਟੈਰਾਵਾਟ ਆਵਰ) ਬਿਜਲੀ ਬਣਾਈ ਜਾ ਸਕਦੀ ਹੈ, ਜੋ ਦੇਸ਼ ਦੀ ਕੁੱਲ ਬਿਜਲੀ ਪੈਦਾਵਾਰ ਦਾ 10 ਫ਼ੀਸਦ ਹਿੱਸਾ ਹੈ। ਪਰ ਇਹ ਤਾਂ ਸੰਭਵ ਹੈ ਜੇਕਰ ਬਾਇਓਮਾਸ ਪਲਾਂਟ ਲਾਏ ਜਾਣ, ਜਿਨ੍ਹਾਂ ਵਿੱਚ ਬਾਲਣ ਵਜੋਂ ਪਰਾਲ਼ੀ ਵਰਤੀ ਜਾਵੇ ਤੇ ਕਿਸਾਨ ਦੇ ਖੇਤ ਵਿੱਚੋਂ ਪਰਾਲ਼ੀ ਇਕੱਠੀ ਕਰਨ ਦਾ ਯੋਗ ਪ੍ਰਬੰਧ ਹੋਵੇ।

Source: ABP Sanjha