ਸਰਦ ਰੁੱਤ ਦੀ ਆਮਦ ਨਾਲ ਧੁੰਦ ਦੀ ਮੋਟੀ ਚਾਦਰ ਤੋਂ ਤਾਂ ਅਸੀਂ ਸਾਰੇ ਜਾਣੂ ਹਾਂ ਪਰ ਪਿਛਲੇ ਕੁਝ ਸਾਲਾਂ ਤੋਂ ਸਰਦ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ, ਅਕਤੂਬਰ ਤੋਂ ਨਵੰਬਰ ਮਹੀਨੇ ਦੌਰਾਨ ਕਈ ਵਾਰੀ ਇਕ ਧੂੰਆਂ ਰੂਪੀ ਧੁੰਦ ਜਿਸ ਨੂੰ ਸਾਇੰਸਦਾਨ ਸਮੋਗ ਕਹਿੰਦੇ ਹਨ, ਦਾ ਪ੍ਰਕੋਪ ਸਾਨੂੰ ਸਾਰਿਆਂ ਨੂੰ ਝੱਲਣਾ ਪੈਂਦਾ ਹੈ। ਵਧੇਰੇ ਪ੍ਰਦੂਸ਼ਣ ਕਾਰਨ ਪੈਦਾ ਹੋਇਆ ਧੂੰਆਂ ਜਦੋਂ ਧੁੰਦ ਨਾਲ ਰਲਦਾ ਹੈ ਤਾਂ ਇਸ ਦੇ ਮਿਸ਼ਰਣ ਨੂੰ ਅਸੀਂ ਸਮੋਗ ਕਹਿੰਦੇ ਹਾਂ। ਉੱਤਰ ਭਾਰਤ ਵਿਚ ਅਕਤੂਬਰ ਦੇ ਮਹੀਨੇ ਦੌਰਾਨ ਵੱਡੇ ਪੱਧਰ ਉਪਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਸਾਰਾ ਉੱਤਰ ਭਾਰਤ ਧੂੰਏਂ ਦੀ ਚਾਦਰ ਨਾਲ ਢਕਿਆ ਜਾਂਦਾ ਹੈ, ਜਿਸ ਕਰਕੇ ਮਨੁੱਖਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਕਿਉਂਕਿ ਵਾਤਾਵਰਣ ਲਈ ਜ਼ਮੀਨੀ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ, ਸੋ ਪ੍ਰਦੂਸ਼ਣ ਨਾਲ ਕਿਤੇ ਵੀ ਧੂੰਆਂ ਬਣੇ, ਇਸ ਦਾ ਮਾੜਾ ਅਸਰ ਸਾਰਿਆਂ ਨੂੰ ਝੱਲਣਾ ਪੈਂਦਾ ਹੈ। ਸਮੋਗ ਦਾ ਮੁੱਖ ਕਾਰਨ ਧੂੰਆਂ ਹੈ ਜੋ ਕਿ ਮੁੱਖ ਰੂਪ ਵਿਚ ਪਰਾਲੀ ਨੂੰ ਵੱਡੇ ਪੱਧਰ ਤੇ ਅੱਗ ਲਾਉਣ ਦੇ ਨਾਲ-ਨਾਲ ਦੀਵਾਲੀ ਦੇ ਤਿਉਹਾਰ ਤੇ ਅੰਨ੍ਹੇਵਾਹ ਪਟਾਕਿਆਂ ਦੇ ਚਲਾਉਣ ਨਾਲ, ਬੱਸਾਂ-ਕਾਰਾਂ ਅਤੇ ਕਾਰਖਾਨਿਆਂ ਤੋਂ ਪੈਦਾ ਹੋਇਆ ਧੂੰਆਂ ਹੈ। ਪਿਛਲੇ ਕੁਝ ਸਾਲਾਂ ਤੋਂ ਅਸੀਂ ਸਾਰੇ ਸਮੋਗ ਦਾ ਪ੍ਰਕੋਪ ਝੱਲ ਰਹੇ ਹਾਂ ਪੰ੍ਰਤੂ ਸਾਲ 2017 ਵਿਚ ਲਗਾਤਾਰ ਦੋ ਹਫਤੇ ਤਕਰੀਬਨ ਸਾਰਾ ਉੱਤਰ ਭਾਰਤ ਸਮੋਗ ਦੀ ਲਪੇਟ ਵਿਚ ਆਇਆ ਰਿਹਾ ਹੈ।
ਸਮੋਗ 2017 ਦੇ ਮੁੱਖ ਕਾਰਨ :
ਨਵੰਬਰ 2017 ਦੇ ਸ਼ੁਰੂ ਤੋਂ ਹੀ ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਆਮ ਨਾਲੋਂ ਜ਼ਿਆਦਾ ਸੜਕ ਦੁਰਘਟਨਾਵਾਂ ਹੋਈਆਂ। ਇਨ੍ਹਾਂ ਦਾ ਮੁੱਖ ਕਾਰਨ ਸਮੋਗ ਸੀ, ਜਿਸ ਦੀ ਵਜ੍ਹਾ ਨਾਲ ਸੜਕਾਂ ਉਪਰ ਠੀਕ ਤਰ੍ਹਾਂ ਦਿਖਾਈ ਨਾ ਦੇਣਾ ਸੀ। ਸੜਕਾਂ ਉਪਰ ਇਹ ਸਮੋਗ ਜ਼ਿਆਦਾ ਹੋਣ ਦਾ ਕਾਰਨ ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਸੀ, ਜੋ ਪ੍ਰਦੂਸ਼ਣ ਨੂੰ ਵਧੇਰੇ ਵਧਾਉਂਦਾ ਰਿਹਾ। ਹਸਪਤਾਲਾਂ ਵਿਚ ਦਮੇ ਦੇ ਮਰੀਜ਼ਾਂ ਦੇ ਨਾਲ-ਨਾਲ ਧੂੰਆਂ ਰੁਪੀ ਸਮੋਗ ਕਾਰਨ, ਚਮੜੀ ਅਤੇ ਅੱਖਾਂ ਦੀ ਐਲਰਜੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ। ਪਿਛਲੇ ਕੁਝ ਸਾਲਾਂ ਵਿਚ ਧੂੰਏਂ ਦੇ ਪ੍ਰਕੋਪ ਦਾ ਸਾਹਮਣਾ 2-3 ਦਿਨਾਂ ਵਾਸਤੇ ਤਾਂ ਅਸੀਂ ਕੀਤਾ ਹੀ ਸੀ, ਪਰ ਸਾਲ 2017 ਵਿਚ ਪਹਿਲੀ ਵਾਰ ਲਗਾਤਾਰ ਦੋ ਹਫਤੇ ਸਮੋਗ ਦਾ ਕਹਿਰ ਝੱਲਣਾ ਪਿਆ। ਇਸ ਦੇ ਹੇਠ ਲਿਖੇ ਪ੍ਰਮੁੱਖ ਕਾਰਨ ਹਨ :
1. ਇਸ ਸਾਲ ਦੀਵਾਲੀ (19 ਅਕਤੂਬਰ 2017) ਦੇ ਤਿਉਹਾਰ ਨਾਲ ਪੈਦਾ ਹੋਇਆ ਧੂੰਆਂ ਅਤੇ ਝੋਨੇ ਦੀ ਪਰਾਲੀ ਸਾੜਨ ਦਾ ਸਮਾਂ ਇਸ ਤਰ੍ਹਾਂ ਰਲਿਆ ਕਿ ਉੱਤਰ ਭਾਰਤ ਦੀ ਆਬੋ-ਹਵਾ ਵਿਚ ਬਹੁਤ ਜ਼ਿਆਦਾ ਧੂੰਆਂ ਇਕੱਠਾ ਹੋ ਗਿਆ।
2. ਨਵੰਬਰ ਦੇ ਪਹਿਲੇ ਹਫਤੇ ਤੋਂ ਹੀ ਹਵਾ ਦੀ ਗਤੀ ਘੱਟ ਕੇ ਤਕਰੀਬਨ 1.0 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ਜੇਕਰ ਹਵਾ ਦੀ ਗਤੀ ਘੱਟ ਤੋਂ ਘੱਟ 2.0 ਤੋਂ 2.5 ਕਿਲੋਮੀਟਰ ਪ੍ਰਤੀ ਘੰਟਾ ਹੋਵੇ ਤਾਂ ਹੀ ਹਵਾ ਵਿਚ ਇਕੱਠਾ ਹੋ ਰਿਹਾ ਧੂੰਆਂ ਖਿੱਲਰ ਕੇ ਵਾਤਾਵਰਣ ਦੀਆਂ ਉਪਰਲੀਆਂ ਪਰਤਾਂ ਵਿਚ ਰਲ-ਮਿਲ ਸਕਦਾ ਹੈ।
3. ਨਵੰਬਰ ਦੇ ਪਹਿਲੇ ਪੰਦਰਵਾੜੇ ਦੌਰਾਨ ਦਿਨ ਦਾ ਤਾਪਮਾਨ ਸਾਧਾਰਨ ਨਾਲੋਂ ਘਟਣ ਅਤੇ ਹਵਾ ਵਿਚ ਨਮੀ ਸਾਧਾਰਨ ਨਾਲੋਂ ਵਧਣ ਕਾਰਨ, ਸਮੋਗ ਦਾ ਪ੍ਰਕੋਪ ਵਧੇਰੇ ਹੋ ਗਿਆ।
ਉੱਪਰ ਦਿੱਤੇ ਕੁਦਰਤੀ ਅਤੇ ਮਨੁੱਖੀ ਕਾਰਨਾਂ ਕਰਕੇ, ਵਾਤਾਵਰਣ ਵਿਚ ਠਹਿਰਾਉ ਆ ਗਿਆ। ਇਸ ਕਾਰਨ ਹਵਾ ਵਿਚ ਇਕੱਠੇ ਹੋਏ ਧੂੰਏਂ ਦੇ ਕਣ ਜਿਨ੍ਹਾਂ ਉਪਰ ਘੱਟ ਤਾਪਮਾਨ ਅਤੇ ਵਧ ਨਮੀ ਕਾਰਨ ਪਾਣੀ ਜੰਮਦਾ ਗਿਆ ਅਤੇ ਸਮੋਗ ਦੀ ਚਾਦਰ ਦਿਨ ਪ੍ਰਤੀ ਦਿਨ ਮੋਟੀ ਹੁੰਦੀ ਗਈ। ਫਿਰ ਹੌਲੀ-ਹੌਲੀ ਇਸ ਵਿਚ ਕੁਝ ਰਸਾਇਣਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਜੋ ਕਿ ਮਨੁੱਖ, ਜੀਵ ਜੰਤੂ ਅਤੇ ਬਨਸਪਤੀ ਵਾਸਤੇ ਬਹੁਤ ਹਾਨੀਕਾਰਕ ਹਨ। ਅਸਲ ਵਿਚ ਸੂਰਜੀ ਊਰਜਾ ਕਾਰਨ ਪਹਿਲੇ ਦਰਜੇ ਦੇ ਪ੍ਰਦੂਸ਼ਣ ਤੱਤ (ਨਾਈਟ੍ਰੋਜਨ ਦੇ ਆਕਸਾਈਡ (Oxides of Nitrogen), ਅਸਥਿਰ ਜੈਵਿਕ ਕਾਰਬਨ (Volatile Organic Carbon), ਰਸਾਇਣਕ ਬਦਲਾਉ ਕਾਰਨ ਜਦ ਦੂਜੇ ਦਰਜੇ ਦੇ ਪ੍ਰਦੂਸ਼ਣ ਤੱਤ (ਨਾਈਟ੍ਰੋਜਨ ਡਾਈਆਕਸਾਈਡ (Nitrogen dioxide), ਓਜ਼ੋਨ (Ozone), ਐਲਡੀਹਾਈਡ (Aldehydes), ਪੈਨ (Peroxyl acetyl nitrate) ਆਦਿ ਵਿਚ ਤਬਦੀਲ ਹੋ ਜਾਂਦੇ ਹਨ ਤਾਂ ਇਹ ਵਧੇਰੇ ਹਾਨੀਕਾਰਕ ਹੋ ਜਾਂਦੇ ਹਨ। ਇਹ ਫਿਰ ਅੱਖਾਂ ਵਿਚ ਜਲਨ, ਸਾਹ ਲੈਣ ਵਿਚ ਤਕਲੀਫ ਅਤੇ ਕਈ ਹੋਰ ਸਰੀਰਕ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ।
ਅਕਤੂਬਰ ਮਹੀਨੇ ਤੋਂ ਕਿਸਾਨਾਂ ਦੁਆਰਾ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਕਿਰਿਆ ਸ਼ੁਰੂ ਹੁੰਦੀ ਹੈ, ਜੋ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਤਕ ਚੱਲਦੀ ਹੈ। ਇਸੇ ਸਮੇਂ ਦੌਰਾਨ ਦੀਵਾਲੀ ਦੇ ਤਿਉਹਾਰ ਦੇ ਦਿਨਾਂ ਵਿਚ ਪਟਾਕਿਆਂ ਦੀ ਜ਼ਿਆਦਾ ਵਰਤੋਂ ਨਾਲ ਹਵਾ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਕਾਫੀ ਵਾਧਾ ਹੋ ਜਾਂਦਾ ਹੈ।
ਸਮੋਗ ਦੇ ਪ੍ਰਭਾਵ :
1. ਧੁੰਦ ਕਾਰਨ ਠੀਕ ਤਰ੍ਹਾਂ ਨਾ ਦੇਖ ਸਕਣਾ, ਜਿਸ ਦੀ ਵਜ੍ਹਾ ਨਾਲ ਸੜਕ ਦੁਰਘਟਨਾਵਾਂ ਵਿਚ ਖਤਰਨਾਕ ਵਾਧਾ ਹੁੰਦਾ ਹੈ।
2. ਆਬੋ-ਹਵਾ ਜ਼ਹਿਰੀਲੀ ਹੋਣ ਕਾਰਨ ਮਨੁੱਖਾਂ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
3. ਸੂਰਜੀ ਊਰਜਾ ਕਾਰਨ ਹੋਏ ਰਸਾਇਣਕ ਬਦਲਾਉ ਕਾਰਨ ਦੂਜੇ ਦਰਜੇ ਦੇ ਪ੍ਰਦੂਸ਼ਣ ਤੱਤ (ਮੁੱਖ ਰੂਪ ਵਿਚ ਪੈਨ (Peroxyl acetyl nitrate) ਅੱਖਾਂ ਵਿਚ ਜਲਨ ਪੈਦਾ ਕਰਦੇ ਹਨ।
4. ਧੂੰਏਂ ਕਾਰਨ ਸੂਰਜ ਦੀਆਂ ਕਿਰਨਾਂ ਧਰਤੀ ਤਕ ਘੱਟ ਪਹੁੰਚ ਪਾਉਂਦੀਆਂ ਹਨ, ਜਿਸ ਨਾਲ ਹਾੜ੍ਹੀ ਦੀਆਂ ਫਸਲਾਂ (ਕਣਕ, ਸਰ੍ਹੋੋਂ ਆਦਿ) ਦੀ ਬਿਜਾਈ ਤੇ ਮਾੜਾ ਅਸਰ ਪੈਂਦਾ ਹੈ।
5. ਹਵਾ ਵਿਚ ਸਥਿਰ ਪ੍ਰਦੂਸ਼ਣ ਤੱਤ ਓਜ਼ੋਨ (Ozone) ਆਦਿ ਦਾ ਬਨਸਪਤੀ ਦੇ ਵਧਣ-ਫੁੱਲਣ ਤੇ ਮਾੜਾ ਅਸਰ ਹੁੰਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Sourece : jagbani