ਜਲਾਲਾਬਾਦ (ਸੇਤੀਆ/ਜਤਿੰਦਰ) : ਹਲਕੇ ਅੰਦਰ ਬੀਤੀ ਰਾਤ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਈਂ ਕਣਕ ਦੀ ਫਸਲ ਧਰਤੀ ਤੇ ਵਿਛ ਗਈ। ਜਿਸ ਕਾਰਨ ਜਿੱਥੇ ਕਣਕ ਦਾ ਝਾੜ ਘੱਟ ਹੋਣ ਦਾ ਖਤਰਾ ਹੈ, ਉਥੇ ਹੀ ਖਰਾਬ ਮੌਸਮ ਕਾਰਨ ਕਿਸਾਨਾਂ ਦੇ ਚੇਹਰੇ ਮੁਰਝਾਏ ਹੋਏ ਹਨ।
ਜਾਣਕਾਰੀ ਅਨੁਸਾਰ ਰਾਤ ਕਰੀਬ 1.30 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਪੂਰੀ ਰਾਤ ਰੁਕ-ਰੁਕ ਕੇ ਹਲਕੀ-ਹਲਕੀ ਵਰਖਾ ਹੁੰਦੀ ਰਹੀ। ਇਸ ਤੋਂ ਇਲਾਵਾ ਕੁੱਝ ਥਾਵਾਂ ਤੇ ਹਲਕੀ ਗੜ੍ਹੇਮਾਰੀ ਦੀਆਂ ਵੀ ਖਬਰਾਂ ਹਨ।
ਕਈ ਪਿੰਡਾਂ ਵਿਚ ਕਿਸਾਨਾਂ ਦੀ ਫਸਲ ਧਰਤੀ ਤੇ ਵਿਛੀ
ਵੱਖ-ਵੱਖ ਪਿੰਡਾਂ ਦੇ ਕਿਸਾਨ ਰਤਨ ਸਿੰਘ, ਸੁਰਜੀਤ ਸਿੰਘ, ਬਾਜ ਸਿੰਘ, ਮਿਲਖਾ ਸਿੰਘ ਅਤੇ ਹੋਰਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੀ ਸੋਨੇ ਵਰਗੀ ਫਸਲ ਦੀ ਕਟਾਈ ਦੀ ਤਿਆਰੀ ਕਰ ਰਹੇ ਸਨ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਲਈ ਕਟਾਈ ਦਾ ਕੰਮ ਹੁਣ ਦੇਰੀ ਵਿਚ ਪੈ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਹੋਈ ਵਰਖਾ ਨੇ ਉਨ੍ਹਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ ਕਿਉਂਕਿ ਜੇਕਰ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਰਿਹਾ ਤਾਂ ਇਸ ਦਾ ਪੂਰਾ ਅਸਰ ਕਣਕ ਦੇ ਝਾੜ ਤੇ ਪਵੇਗਾ।
ਉਧਰ ਇਸ ਸੰਬੰਧੀ ਬਲਾਕ ਖੇਤੀਬਾੜੀ ਅਧਿਕਾਰੀ ਸਰਵਨ ਸਿੰਘ ਦਾ ਕਹਿਣਾ ਹੈ ਕਿ ਬੀਤੀ ਰਾਤ ਹੋਈ ਵਰਖਾ ਤੋਂ ਬਾਅਦ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਜੇ ਕੋਈ ਨੁਕਸਾਨ ਦਾ ਅਨੁਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਕਿਸਾਨ ਡਰੇ ਹੋਏ ਹਨ ਕਿਉਂਕਿ ਕਣਕ ਦੀ ਫਸਲ ਦੀ ਕਟਾਈ ਦਾ ਸਮਾਂ ਆ ਚੁੱਕਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Jagbani