Date: 12 Oct 2017
ਦੁੱਧ ਨਾ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿੱਚ 50 ਫੀਸਦੀ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿੱਚ 30 ਫੀਸਦੀ ਤੱਕ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਝੋਨੇ ਦੀ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ ਉਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲਬਧ ਵੀ ਹੋ ਸਕੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨੈਲ ਸਿੰਘ ਵਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਰਾਜਸਥਾਨ ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰ ਕਣਕ ਦੀ ਤੂੜੀ ਅਤੇ ਪਰਾਲੀ ਦੇ ਪੌਸਟਿਕ ਗੁਣਾਂ ਦੀ ਤੁਲਨਾ ਕਰਕੇ ਦੱਸਦੇ ਹਨ। ਕਿਸਾਨ ਇਸ ਸਮੇਂ ਪਸ਼ੂਆਂ ਲਈ ਹਰੇ ਚਾਰੇ ਨਾਲ ਸੁੱਕੇ ਚਾਰੇ ਵਜੋਂ ਤੂੜੀ ਦੀ ਵਰਤੋਂ ਕਰਦੇ ਹਨ ਜੋ 350 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਜੇਕਰ ਪਰਾਲੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੇਵਲ 100 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ। ਇਹ ਪਰਾਲੀ 6 ਮਹੀਨੇ ਦੀ ਉਮਰ ਤੋਂ ਵੱਧ ਦੇ ਸਾਰੇ ਜੁਗਾਲੀ ਕਰਨ ਵਾਲੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਦੇ ਕਈ ਤਰੀਕੇ ਹਨ ਪਰ ਚਾਰੇ ਵੱਜੋਂ ਵਰਤੋਂ ਕਿਸਾਨਾਂ ਲਈ ਸਭ ਤੋਂ ਸਸਤਾ ਅਤੇ ਲਾਭਕਾਰੀ ਤਰੀਕਾ ਹੈ ਕਿਉਂਕਿ ਇਸ ਤਰੀਕੇ ਵਿੱਚ ਮਹਿੰਗੀ ਤੂੜੀ ਦੀ ਬਚਤ ਕਰ ਕੇ ਸਸਤੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ 3 ਪਸ਼ੂਆਂ ਲਈ 3 ਏਕੜ ਪਰਾਲੀ ਦੀ ਖਪਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਪੌਸ਼ਟਿਕ ਗੁਣ ਹੋਰ ਫਸਲਾਂ ਦੀ ਤੂੜੀ ਦੇ ਲਗਭਗ ਬਰਾਬਰ ਹੀ ਹਨ। ਉਨ੍ਹਾਂ ਦੱਸਿਆ ਕਿ ਦੱਖਣੀ ਭਾਰਤੀ ਰਾਜਾਂ ਵਿੱਚ ਜਿੱਥੇ ਕਣਕ ਦੀ ਕਾਸ਼ਤ ਨਹੀਂ ਹੁੰਦੀ ਹੈ ਉਥੇ ਕਣਕ ਦੀ ਤੂੜੀ ਉਪਲੱਬਧ ਨਹੀਂ ਹੁੰਦੀ ਉਥੇ ਪਸ਼ੂ ਪਾਲਕ ਝੋਨੇ ਦੀ ਪਰਾਲੀ ਨੂੰ ਪਸ਼ੂ ਚਾਰੇ ਵਜੋਂ ਵਰਤਦੇ ਹਨ। ਡਾ. ਕਰਨੈਲ ਸਿੰਘ ਨੇ ਦੱਸਿਆ ਕਿ ਰਾਜਸਥਾਨ ਵੈਟਨਰੀ ਯੂਨੀਵਰਸਿਟੀ ਦੇ ਮਾਹਿਰ ਦੱਸਦੇ ਹਨ ਕਿ ਪਰਾਲੀ ਨੂੰ ਕਟਾਈ ਤੋਂ 2 ਤੋਂ 10 ਦਿਨ ਵਿਚਕਾਰ ਸੰਭਾਲ ਲਿਆ ਜਾਵੇ ਤਾਂ ਇਸ ਨੂੰ ਜਾਨਵਰ ਜ਼ਿਆਦਾ ਪਸੰਦ ਕਰਦੇ ਹਨ। ਪਰਾਲੀ ਦਾ ਕੁਤਰਾ ਕਰ ਕੇ ਜਾਨਵਰਾਂ ਨੂੰ ਹੋਰ ਚਾਰੇ ਨਾਲ ਮਿਲਾ ਕੇ ਪਾਇਆ ਜਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Punjabi tribune