ਝੋਨੇ ਦੀ ਅਗੇਤੀ ਬੀਜੀ ਪਨੀਰੀ ਨੂੰ ਖੇਤੀਬਾੜੀ ਵਿਭਾਗ ਨੇ ਕੀਤਾ ਨਸ਼ਟ

May 21 2018

ਬਟਾਲਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਅਗੇਤੀ ਪਨੀਰੀ ਬੀਜਣ ਵਾਲੇ ਕਿਸਾਨ ਖਿਲਾਫ ਕਾਰਵਾਈ ਕਰਦਿਆਂ ਉਸ ਦੀ ਪਨੀਰੀ ਨੂੰ ਨਸ਼ਟ ਕਰ ਦਿੱਤਾ ਹੈ। ਡੇਰਾ ਬਾਬਾ ਨਾਨਕ ਨੇੜਲੇ ਪਿੰਡ ਖੰਨਾ ਚਮਾਰਾ ਦੇ ਕਿਸਾਨ ਸਤਵੰਤ ਸਿੰਘ ਨੇ ਆਪਣੇ ਖੇਤਾਂ ਚ ਅਗੇਤੀ ਪਨੀਰੀ ਬੀਜ ਲਈ ਸੀ, ਜਿਸ ਦਾ ਪਤਾ ਲੱਗਣ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਟਰੈਕਟਰ ਨਾਲ ਉਸ ਕਿਸਾਨ ਦੀ ਪਨੀਰੀ ਨੂੰ ਵਾਹ ਕੇ ਨਸ਼ਟ ਕਰ ਦਿੱਤਾ। 

ਖੇਤੀਬਾੜੀ ਵਿਕਾਸ ਅਫ਼ਸਰ ਡੇਰਾ ਬਾਬਾ ਨਾਨਕ ਬਲਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ, 2009 ਤਹਿਤ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਬੀਜਣ ਅਤੇ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਤੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਨੂੰ ਵੀ ਪਾਣੀ ਦੀ ਬੱਚਤ ਲਈ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਗੱਲ ਦੀ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਕਿਸਾਨ ਅਗੇਤਾ ਝੋਨਾ ਨਾ ਲਾਵੇ। 

ਬਲਜਿੰਦਰ ਸਿੰਘ ਨੇ ਕਿਹਾ ਕਿ ਖੰਨਾ ਚਮਾਰਾ ਪਿੰਡ ਦੇ ਕਿਸਾਨ ਸਤਵੰਤ ਸਿੰਘ ਨੇ ਅਗੇਤੀ ਪਨੀਰੀ ਬੀਜ ਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ ਅਤੇ ਵਿਭਾਗ ਵੱਲੋਂ ਇਸ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਇਸੇ ਦੌਰਾਨ ਕਿਸਾਨ ਸਤਵੰਤ ਸਿੰਘ ਨੇ ਆਪਣੀ ਗਲਤੀ ਕਬੂਲਦਿਆਂ ਕਿਹਾ ਕਿ ਉਹ ਭਵਿੱਖ ਚ ਅਜਿਹੀ ਗਲਤੀ ਨਹੀਂ ਕਰੇਗਾ। ਇਸ ਮੌਕੇ ਜਗਮੋਹਨ ਕੁਮਾਰ, ਸੰਜੀਵ ਕੁਮਾਰ, ਬਲਜੀਤ ਸਿੰਘ (ਸਾਰੇ ਖੇਤੀਬਾੜੀ ਉੱਪ-ਨਿਰੀਖਕ), ਏ. ਟੀ. ਐੱਮ. ਮਨਪ੍ਰੀਤ ਸਿੰਘ ਤੇ ਪ੍ਰੀਤਮ ਸਿੰਘ ਵੀ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Punjab Kesari