ਜਲਾਲਾਬਾਦ 'ਚ 40 ਹਜ਼ਾਰ ਹੈਕਟੇਅਰ 'ਚ ਹੋਵੇਗੀ ਝੋਨੇ ਦੀ ਫਸਲ ਦੀ ਬਿਜਾਈ

April 25 2018

ਜਲਾਲਾਬਾਦ (ਸੇਤੀਆ) : ਪੰਜਾਬ ਸਰਕਾਰ ਵਲੋਂ ਇਸ ਵਾਰ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਨੂੰ 10 ਜੂਨ ਦੀ ਬਜਾਏ 20 ਜੂਨ ਨੂੰ ਝੋਨੇ ਦੀ ਬਿਜਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਨੀਰੀ ਨੂੰ ਲਗਾਉਣ ਦੀ ਤਾਰੀਕ 20 ਮਈ ਰੱਖੀ ਗਈ ਹੈ ਤਾਂ ਕਿ ਝੋਨੇ ਦੀ ਬਿਜਾਈ 20 ਜੂਨ ਤੋਂ ਬਾਅਦ ਸ਼ੁਰੂ ਹੋ ਸਕੇ ਅਤੇ ਇਹ ਫੈਸਲਾ ਧਰਤੀ ਹੇਠਾਂ ਲਗਾਤਾਰ ਨੀਂਵਾਂ ਹੋ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਕੀਤਾ ਗਿਆ ਹੈ। 

ਇਸ ਸੰਬੰਧੀ ਜਦੋਂ ਬਲਾਕ ਖੇਤੀਬਾੜੀ ਅਧਿਕਾਰੀ ਸਰਵਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਇਸ ਵਾਰ ਮਾਨਸੂਨ ਚੰਗਾ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਕਿਸਾਨ 20 ਜੂਨ ਤੋਂ ਬਾਅਦ ਝੋਨੇ ਦੀ ਬਿਜਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਧਰਤੀ ਹੇਠਾਂ ਪਾਣੀ ਦੀ ਜ਼ਰੂਰਤ ਘੱਟ ਪਵੇਗੀ ਕਿਉਂਕਿ ਇਨ੍ਹਾਂ ਦਿਨਾਂ ਵਿਚ ਬਰਸਾਤਾਂ ਹੋਣਗੀਆਂ ਅਤੇ ਕਿਸਾਨ ਆਸਾਨੀ ਨਾਲ ਝੋਨੇ ਦੀ ਸਿੰਚਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਜਲਾਲਾਬਾਦ ਹਲਕੇ ਵਿਚ 40 ਹਜ਼ਾਰ ਹੈਕਟੇਅਰ ਵਿਚ ਪਰਮਲ ਅਤੇ ਬਾਸਮਤੀ ਝੋਨੇ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਜੇਕਰ ਕੋਈ ਵੀ ਕਿਸਾਨ 20 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰਦਾ ਹੈ ਤਾਂ ਉਸਦੀ ਫਸਲ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani