ਬਠਿੰਡਾ: ਕਿਸਾਨ ਸਰਕਾਰ ਵੱਲੋਂ ਮੋਟਰਾਂ ‘ਤੇ ਮੀਟਰ ਲਾਉਣ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ ਤੋਂ ਖੇਤੀ ਲਈ ਵਰਤੀ ਜਾਣ ਵਾਲੀ ਬਿਜਲੀ ਦਾ ਬਿਲ ਵਸੂਲਣ ਦੀ ਤਿਆਰੀ ਵਿੱਚ ਹੈ। ਕਿਸਾਨ ਸਰਕਾਰ ਦੇ ਇਸ ਕਦਮ ਦਾ ਲਗਾਤਾਰ ਵਿਰੋਧ ਕਰ ਦੇ ਆ ਰਹੇ ਹਨ। ਪਰ ਪੰਜਾਬ ਦੇ ਵਿੱਤ ਮੰਤਰੀ ਨੇ ਬਠਿੰਡਾ ਵਿੱਚ ਇਸ ਸਕੀਮ ਦਾ ਮੰਤਵ ਦੱਸਿਆ।
ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਾਉਣ ਬਾਰੇ ਸਫਾਈ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿਲ ਨਹੀਂ ਲਾਉਣ ਜਾ ਰਹੀ। ਸਰਕਾਰ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਇਲਟ ਸਟੱਡੀ ਰਾਹੀਂ ਇੱਕ ਤਜ਼ਰਬੇ ਦੇ ਤੌਰ ਦੇ ‘ਤੇ ਛੇ ਫੀਡਰਾਂ ਵਿੱਚ ਮੋਟਰਾਂ ‘ਤੇ ਮੀਟਰ ਲਗਾਏ ਜਾਣਗੇ।
ਇੱਕ ਫੀਡਰ ਵਿੱਚ ਤਕਰੀਬਨ ਪੰਜ ਸੌ ਕਿਸਾਨ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਨੂੰ 48 ਹਜ਼ਾਰ ਪ੍ਰਤੀ ਕੁਨੈਕਸ਼ਨ ਦੇ ਹਿਸਾਬ ਨਾਲ ਸਬਸਿਡੀ ਹਰ ਸਾਲ ਹੀ ਪੇਸ਼ਗੀ ਦੇ ਰੂਪ ਵਿੱਚ ਸਿੱਧੀ ਦਿੱਤੀ ਜਾਵੇਗੀ। ਹੁਣ ਕਿਸਾਨ ਦੇ ਹੱਥ ਹੈ ਕਿ ਉਹ ਕਿੰਨੀ ਬਿਜਲੀ ਵਰਤ ਕੇ ਉਸ ਵਿੱਚੋਂ ਕਿੰਨੇ ਪੈਸੇ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਅਤੇ ਪਾਣੀ ਨੂੰ ਬਚਾਉਣ ਦਾ ਇੱਕ ਤਜਰਬਾ ਕੀਤਾ ਜਾ ਰਿਹਾ ਹੈ ਲੋਕਾਂ ਉੱਪਰ ਬਿੱਲ ਨਹੀਂ ਲਾਏ ਜਾ ਰਹੇ।
ਨਵਜੋਤ ਸਿੱਧੂ ਦੀ ਕਾਂਗਰਸ ਪ੍ਰਤੀ ਨਾਰਾਜ਼ਗੀ ਤੋਂ ਇਨਕਾਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਮੀਟਿੰਗ ਵਿੱਚ ਬੜੇ ਖੁਸ਼ਗਵਾਰ ਮਾਹੌਲ ਵਿੱਚ ਪਹੁੰਚੇ ਸਨ। ਉਨ੍ਹਾਂ ਦਾ ਪੰਜਾਬ ਕਾਂਗਰਸ ਨਾਲ ਕੋਈ ਸ਼ਿਕਵਾ ਨਹੀਂ ਇਹ ਜਾਂ ਤਾਂ ਵਿਰੋਧੀਆਂ ਦੇ ਖ਼ੁਆਬਾਂ ਵਿੱਚ ਸਿੱਧੂ ਦਾ ਕਾਂਗਰਸ ਨਾਲ ਗੁੱਸਾ ਦਿਸਦਾ ਹੈ ਜਾਂ ਫਿਰ ਮੀਡੀਆ ਦੀਆਂ ਕਿਆਸਰਾਈਆਂ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source:ABP sanjha