ਕਦੇ ਮਿਲਦੀ ਸੀ 1000 ਰੁਪਏ ਤਨਖਾਹ, ਫੁੱਲਾਂ ਦੀ ਖੇਤੀ ਕਰਕੇ ਬਣਿਆ ਕਰੋੜਪਤੀ

November 06 2017

ਚੰਡੀਗੜ੍ਹ: ਹਜ਼ਾਰ ਰੁਪਏ ਦੀ ਨੌਕਰੀ ਕਰਨ ਵਾਲਾ ਬੋਲਾਪੱਤੀ ਸ੍ਰੀਕਾਂਤ ਅੱਜ ਫੁੱਲਾਂ ਦੀ ਖੇਤੀ ਕਰਕੇ ਕਰੋੜਪਤੀ ਬਣ ਚੁੱਕਾ ਹੈ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਤੋਂ ਪਹਿਲਾਂ ਆਧੁਨਿਕ ਤਕਨੀਕਾਂ ਨੂੰ ਚੰਗੇ ਢੰਗ ਨਾਲ ਸਮਝਿਆ ਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕੀਤੀ।ਸ਼ੁਰੂਆਤੀ ਦਿਨਾਂ ਵਿੱਚ ਸ੍ਰੀਕਾਂਤ ਆਪ ਹੀ ਫੁੱਲਾਂ ਦੀ ਪੈਦਾਵਾਰ ਇਕੱਠੀ ਕਰਕੇ ਪੈਕਿੰਗ ਤੇ ਪਾਰਸਲ ਕਰਦਾ ਹੁੰਦਾ ਸੀ। ਸਮੇਂ ਦੇ ਨਾਲ ਉਨ੍ਹਾਂ ਦੀ ਡਿਮਾਂਡ ਵਧ ਗਈ ਤੇ ਉਨ੍ਹਾਂ ਨੇ ਕਰਮਚਾਰੀ ਵੀ ਰੱਖ ਲਏ। 22 ਵਰ੍ਹੇ ਪਹਿਲਾਂ ਤੇਲੰਗਾਨਾ ਦੇ ਇੱਕ ਨਿੱਕੇ ਜਿਹੇ ਸ਼ਹਿਰ ‘ਚ ਰਹਿਣ ਵਾਲੇ ਬੋਲਾਪੱਤੀ ਸ੍ਰੀਕਾਂਤ ਦਾ ਸੁਫ਼ਨਾ ਸੀ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਹੋਵੇ, ਜਿੱਥੇ ਉਹ ਖੇਤੀ ਕਰ ਸਕੇ ਪਰ ਪਰਿਵਾਰਕ ਜ਼ਿੰਮੇਦਾਰੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਜਾ ਕੇ ਨੌਕਰੀ ਕਰਨੀ ਪਈ।ਸਾਲ 1995 ‘ਚ ਬੰਗਲੁਰੂ ਵਿੱਚ ਫੁੱਲਾਂ ਦਾ ਕੰਮ ਕਰਦੀ ਕੰਪਨੀ ਦੇ ਗਰੀਨ ਹਾਊਸ ਵਿੱਚ ਸ੍ਰੀਕਾਂਤ ਨੇ ਸੁਪਰਵਾਈਜ਼ਰ ਦੀ ਨੌਕਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੰਮ ਨੂੰ ਬਾਰੀਕੀ ਨਾਲ ਸਿੱਖ ਲਿਆ। ਦੋ ਸਾਲ ਨੌਕਰੀ ਕਰਨ ਦੌਰਾਨ ਕੀਤੀ ਬੱਚਤ ਨਾਲ ਬੰਗਲੁਰੂ ‘ਚ ਆਪਣਾ ਫੁੱਲਾਂ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ। ਹੌਲੇ-ਹੌਲੇ ਉਨ੍ਹਾਂ ਨੇ ਹੋਰ ਕੰਪਨੀਆਂ ਬਾਰੇ, ਡਿਸਟ੍ਰੀਬਿਉਟਰਾਂ ਤੇ ਕਿਸਾਨਾਂ ਨਾਲ ਸੰਪਰਕ ਕੀਤਾ। ਉਹ ਆਪ ਹੀ ਪੈਕਿੰਗ ਕਰਦੇ ਤੇ ਪਾਰਸਲ ਕਰਦੇ ਸੀ।ਸਾਲ 2012 ‘ਚ ਸ੍ਰੀਕਾਂਤ ਨੇ 10 ਏਕੜ ਜ਼ਮੀਨ ਲੈ ਕੇ ਆਧੁਨਿਕ ਖੇਤੀ ਤਕਨੀਕ ਨਾਲ ਫੁੱਲਾਂ ਦੀ ਖੇਤੀ ਕੀਤੀ।ਅੱਜ ਉਨ੍ਹਾਂ ਨਾਲ 30 ਏਕੜ ਤੋਂ ਵਧ ਜ਼ਮੀਨ ਹੈ। ਪਿਛਲੇ ਸਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਕੇ 9 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। ਇਸ ਸਾਲ ਇਹ ਵਧ ਕੇ 12 ਕਰੋੜ ਹੋ ਗਿਆ ਹੈ।ਹੁਣ ਉਨ੍ਹਾਂ ਦੇ ਨਾਲ 40 ਕਰਮਚਾਰੀ ਕੰਮ ਕਰਦੇ ਹਨ। ਸ੍ਰੀਕਾਂਤ ਨੇ ਹੁਣ ਫੁੱਲਾਂ ਲਈ ਗਰੀਨ ਹਾਊਸ ਤਿਆਰ ਕੀਤਾ ਹੈ ਤੇ ਨਵੀਂ ਤਕਨੀਕ ਸ਼ਾਮਲ ਕੀਤੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP sanjha