This content is currently available only in Punjabi language.
ਪੰਜਾਬ ਅੰਦਰ ਰਵਾਇਤੀ ਫਸਲਾਂ ਦੀ ਕਾਸ਼ਤ ਨਾਲ ਕਿਸਾਨਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ। ਇਸ ਤਹਿਤ ਖੁੰਬਾਂ ਦੀ ਕਾਸ਼ਤ ਅਜਿਹਾ ਸਹਾਇਕ ਧੰਦਾ ਹੈ ਜਿਸ ਦੀ ਬਦੌਲਤ ਨਾ-ਸਿਰਫ ਕਿਸਾਨ ਬਹੁਤ ਘੱਟ ਖਰਚ ਕਰਕੇ ਚੰਗੀ ਕਮਾਈ ਕਰ ਸਕਦੇ ਹਨ, ਸਗੋਂ ਇਸ ਨਾਲ ਲੋਕਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਚ ਵੀ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਪੰਜਾਬ ਦੇਸ਼ ਅੰਦਰ ਪੈਦਾ ਹੋਣ ਵਾਲੀ ਖੁੰਬ ਦਾ ਕਰੀਬ 14 ਫੀਸਦੀ ਹਿੱਸਾ ਪੈਦਾ ਕਰ ਰਿਹਾ ਹੈ ਪਰ ਦਿਨੋਂ-ਦਿਨ ਖੁੰਬ ਦੀ ਵਧ ਰਹੀ ਮੰਗ ਅਨੁਸਾਰ ਜੇਕਰ ਕਿਸਾਨ ਖੁੰਬ ਦੀ ਕਾਸ਼ਤ ਕਰਨ ਪ੍ਰਤੀ ਰੁਝਾਨ ਦਿਖਾਉਂਦੇ ਹਨ ਤਾਂ ਨਾ ਸਿਰਫ ਕਮਾਈ ਚ ਵਾਧਾ ਹੋਵੇਗਾ, ਸਗੋਂ ਪੰਜਾਬ ਚੋਂ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਸੁਚੱਜੇ ਰੂਪ ਚ ਵਰਤਣ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਸਾਰਥਿਕ ਹੱਲ ਹੋਣ ਦੀ ਸੰਭਾਵਨਾ ਹੋਵੇਗੀ।
ਨੌਜਵਾਨਾਂ ਨੂੰ ਆਸਾਨੀ ਨਾਲ ਮਿਲੇਗਾ ਰੋਜ਼ਗਾਰ
ਖੁੰਬਾਂ ਦੀ ਕਾਸ਼ਤ ਹੋਰ ਸਹਾਇਕ ਧੰਦਿਆਂ ਨਾਲੋਂ ਆਸਾਨ ਮੰਨੀ ਜਾਂਦੀ ਹੈ, ਕਿਉਂਕਿ ਇਸ ਨੂੰ ਸ਼ੁਰੂ ਕਰਨ ਲਈ ਨਾ ਤਾਂ ਬਹੁਤ ਵੱਡੀ ਰਕਮ ਦੀ ਲੋੜ ਹੈ ਤੇ ਨਾ ਹੀ ਇਸ ਲਈ ਜ਼ਿਆਦਾ ਜਗ੍ਹਾ ਲੋੜੀਂਦੀ ਹੈ। ਖੁੰਬਾਂ ਦੀ ਕਾਸ਼ਤ ਲਈ ਸਭ ਤੋਂ ਵੱਡੀ ਜ਼ਰੂਰਤ ਤੂੜੀ ਤੇ ਪਰਾਲੀ ਦੀ ਹੁੰਦੀ ਹੈ ਪਰ ਪੰਜਾਬ ਅੰਦਰ ਕਣਕ ਤੇ ਝੋਨਾ ਪ੍ਰਮੁੱਖ ਫਸਲਾਂ ਹੋਣ ਕਾਰਨ ਇਥੇ ਕਿਸਾਨਾਂ ਨੂੰ ਇਹ ਦੋਵੇਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਜੇਕਰ ਕਿਸਾਨਾਂ ਅੰਦਰ ਖੁੰਬਾਂ ਦੀ ਕਾਸ਼ਤ ਦਾ ਰੁਝਾਨ ਵਧੇਗਾ ਤਾਂ ਤੂੜੀ-ਪਰਾਲੀ ਦੀ ਵਰਤੋਂ ਤੇ ਮੰਗ ਵਧਣ ਕਾਰਨ ਖੇਤਾਂ ਚ ਦੋਵਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਰੁਝਾਨ ਘਟੇਗਾ। ਇਸ ਦੇ ਨਾਲ ਨੌਜਵਾਨਾਂ ਨੂੰ ਆਸਾਨੀ ਨਾਲ ਰੋਜ਼ਗਾਰ ਵੀ ਮਿਲੇਗਾ, ਕਿਉਂਕਿ ਖੁੰਬਾਂ ਦੀ ਕਾਸ਼ਤ ਲਈ ਨਾ ਤਾਂ ਜ਼ਿਆਦਾ ਖਰਚ ਕਰਨਾ ਪੈਂਦਾ ਹੈ ਤੇ ਨਾ ਹੀ ਇਸ ਲਈ ਜ਼ਿਆਦਾ ਜ਼ਮੀਨ ਤੇ ਸੰਦਾਂ ਦੀ ਜ਼ਰੂਰਤ ਹੁੰਦੀ ਹੈ। ਇਥੋਂ ਤੱਕ ਕਿ ਇਸ ਨੂੰ ਕਿਸੇ ਕਮਰੇ ਦੇ ਅੰਦਰ ਜਾਂ ਛੱਤ ਉਪਰ ਵੀ ਤਿਆਰ ਕੀਤਾ ਜਾ ਸਕਦਾ ਹੈ।
ਸੁਚੱਜੇ ਮੰਡੀਕਰਨ ਨਾਲ ਹੋਰ ਵਧਾਈ ਜਾ ਸਕਦੀ ਹੈ ਆਮਦਨ
ਇਕ ਵਰਗ ਮੀਟਰ ਰਕਬੇ ਚ ਕਰੀਬ 10 ਕਿਲੋ ਖੁੰਬਾਂ ਦੀ ਪੈਦਾਵਾਰ ਲਈ ਜਾ ਸਕਦੀ ਹੈ। ਸਰਦੀਆਂ ਦੇ ਸੀਜ਼ਨ ਚ ਖੁੰਬ ਦੀ ਮੰਗ ਬਹੁਤ ਵਧ ਜਾਣ ਕਾਰਨ ਕਿਸਾਨਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਖੁੰਬਾਂ ਦੇ ਮੰਡੀਕਰਨ ਲਈ ਕਈ ਕਿਸਾਨ ਤਾਂ ਖੁੰਬ ਨੂੰ ਸਾਫ ਕਰ ਕੇ ਸਿੱਧਾ ਕਿਸੇ ਦੁਕਾਨਦਾਰ ਨੂੰ ਵੇਚ ਦਿੰਦੇ ਹਨ ਤੇ ਕਈ ਕਿਸਾਨ ਇਸ ਨੂੰ ਮੰਡੀ ਚ ਲਿਜਾ ਕੇ ਪੈਸੇ ਕਮਾ ਲੈਂਦੇ ਹਨ। ਕਈ ਕਿਸਾਨ ਖੁੰਬ ਦਾ ਚੰਗਾ ਰੇਟ ਲੈਣ ਲਈ ਇਸ ਨੂੰ ਸਾਫ ਕਰਨ ਦੇ ਬਾਅਦ ਪੈਕ ਕਰਕੇ ਵੇਚਦੇ ਹਨ ਤੇ ਕਈ ਕਿਸਾਨ ਇਸ ਦਾ ਅਚਾਰ ਬਣਾ ਕੇ ਇਸ ਦੀ ਪ੍ਰਭਾਵਸ਼ਾਲੀ ਪੈਕਿੰਗ ਤਿਆਰ ਕਰਕੇ ਗਾਹਕਾਂ ਨੂੰ ਆਕਰਸ਼ਿਤ ਕਰਦਿਆਂ ਕਮਾਈ ਚ ਵਾਧਾ ਕਰ ਲੈਂਦੇ ਹਨ।
ਪੰਜਾਬ ਚ ਪੈਦਾ ਹੁੰਦੀਆਂ ਹਨ 17000 ਟਨ ਖੁੰਬਾਂ
ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਚ ਖੁੰਬਾਂ ਦੀਆਂ 20 ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਵਰਤੋਂ ਸਬਜ਼ੀਆਂ ਵਜੋਂ ਖਾਣ ਦੇ ਨਾਲ-ਨਾਲ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਭਾਰਤ ਅੰਦਰ ਹਰੇਕ ਸਾਲ ਕਰੀਬ ਸਵਾ ਲੱਖ ਟਨ ਖੁੰਬਾਂ ਦੀ ਪੈਦਾਵਾਰ ਹੁੰਦੀ ਹੈ, ਜਿਸ ਦਾ ਕਰੀਬ 13 ਤੋਂ 14 ਫੀਸਦੀ ਹਿੱਸਾ ਪੰਜਾਬ ਚ ਪੈਦਾ ਹੁੰਦਾ ਹੈ, ਕਿਉਂਕਿ ਇਸ ਸੂਬੇ ਦੇ ਕਰੀਬ 400 ਖੁੰਬ ਉਤਪਾਦਕ ਹਰੇਕ ਸਾਲ ਤਕਰੀਬਨ 17 ਹਜ਼ਾਰ ਟਨ ਖੁੰਬਾਂ ਪੈਦਾ ਕਰਦੇ ਹਨ।
ਸਾਰਾ ਸਾਲ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ
ਖੁੰਬਾਂ ਦੀ ਕਾਸ਼ਤ ਲਈ ਪੰਜਾਬ ਦਾ ਵਾਤਾਵਰਣ ਤੇ ਮੌਸਮ ਵੀ ਕਾਫੀ ਅਨੁਕੂਲ ਮੰਨਿਆ ਜਾਂਦਾ ਹੈ, ਜਿਸ ਕਾਰਨ ਇਸ ਸੂਬੇ ਚ ਖੁੰਬਾਂ ਦੀ ਕਾਸ਼ਤ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਸੂਬੇ ਅੰਦਰ ਤਕਰੀਬਨ ਸਾਰੇ ਮਹੀਨਿਆਂ ਦੌਰਾਨ ਹੀ ਖੁੰਬ ਦੀ ਕਿਸੇ ਨਾ ਕਿਸੇ ਕਿਸਮ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਪੰਜਾਬ ਅੰਦਰ ਖੁੰਬਾਂ ਦੀਆਂ ਚਾਰ ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਨ੍ਹਾਂ ਕਿਸਮਾਂ ਚੋਂ ਸਤੰਬਰ ਤੋਂ ਮਾਰਚ ਤੱਕ ਬਟਨ ਖੁੰਬ ਦੀਆਂ ਦੋ ਫਸਲਾਂ ਲਈਆਂ ਜਾ ਸਕਦੀਆਂ ਹਨ, ਜਦੋਂ ਕਿ ਅਕਤੂਬਰ-ਮਾਰਚ ਤੱਕ ਢੀਂਗਰੀ ਕਿਸਮ ਦੀਆਂ ਤਿੰਨ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਅਪ੍ਰੈਲ ਤੋਂ ਅਗਸਤ ਤਕ ਪਰਾਲੀ ਵਾਲੀ ਖੁੰਬ ਦੀਆਂ ਚਾਰ ਫਸਲਾਂ ਤੇ ਅਪ੍ਰੈਲ ਤੋਂ ਅਕਤੂਬਰ ਦੌਰਾਨ ਮਿਲਕੀ ਖੁੰਬ ਦੀਆਂ ਤਿੰਨ ਫਸਲਾਂ ਲੈ ਕੇ ਤਕਰੀਬਨ ਸਾਰਾ ਸਾਲ ਹੀ ਵਾਧੂ ਕਮਾਈ ਕਰ ਸਕਦੇ ਹਨ। ਪੰਜਾਬ ਅੰਦਰ ਇਨ੍ਹਾਂ ਚਾਰ ਕਿਸਮਾਂ ਚੋਂ ਬਟਨ ਖੁੰਬ ਦੀ ਸਭ ਤੋਂ ਜ਼ਿਆਦਾ ਕਾਸ਼ਤ ਕੀਤੀ ਜਾਂਦੀ ਹੈ। ਅੱਧ ਸਤੰਬਰ ਤੋਂ ਬਟਨ ਖੁੰਬ ਦੀ ਕਾਸ਼ਤ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ, ਜਦੋਂ ਕਿ ਅਕਤੂਬਰ ਤੋਂ ਬਾਅਦ ਦਾ ਸਮਾਂ ਢੀਂਗਰੀ ਲਈ ਢੁੱਕਵਾਂ ਹੈ। ਅੱਜ ਕੱਲ ਅਨੇਕਾਂ ਅਜਿਹੀਆਂ ਤਕਨੀਕਾਂ ਵੀ ਉਪਲਬਧ ਹੋ ਚੁੱਕੀਆਂ ਹਨ ਕਿ ਕਿਸਾਨ ਤਾਪਮਾਨ ਤੇ ਵਾਤਾਵਰਣ ਕੰਟਰੋਲ ਕਰਕੇ ਖੁੰਬਾਂ ਦੀ ਕਾਸ਼ਤ ਅਗੇਤੀ-ਪਿਛੇਤੀ ਵੀ ਕਰ ਸਕਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Jagbani