Farmers' organizations surrounded lead banks in Ludhiana

February 22 2019

This content is currently available only in Punjabi language.

ਸੂਬੇ ਦੀਆਂ 7 ਕਿਸਾਨ ਜੱਥੇਬੰਦੀਆਂ ਨੇ ਵੱਖ ਵੱਖ ਮੰਗਾਂ ਦੇ ਮੁੱਦੇ ’ਤੇ ਅੱਜ ਫਿਰੋਜ਼ਪੁਰ ਰੋਡ ਸਥਿਤ ਪੰਜਾਬ ਨੈਸ਼ਨਲ ਲੀਡ ਬੈਂਕ ਨੂੰ ਘੇਰ ਲਿਆ। ਤਿੰਨ ਘੰਟੇ ਤੱਕ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਕਿਸਾਨਾਂ ਨੇ ਫਿਰੋਜ਼ਪੁਰ ਰੋਡ ’ਤੇ ਚੱਕਾ ਜਾਮ ਕੀਤਾ। ਪ੍ਰਸ਼ਾਸਨ ਨੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਇਥੇ ਪੁਲੀਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਹੋਈ ਸੀ। ਜ਼ਿਕਰਯੋਗ ਹੈ ਕਿ ਕਿਸਾਨ ਦੋ ਦਿਨ ਪਹਿਲਾਂ ਤੋਂ ਹੀ ਪਿੰਡ ਇਯਾਲੀ ਦੇ ਖਾਲੀ ਮੈਦਾਨ ਵਿੱਚ ਆਪਣਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿੱਚ ਮੀਟਿੰਗ ਸੀ, ਜਿਸ ਵਿੱਚ ਕਈ ਮੰਗਾਂ ਦੇ ਮੁੱਦਿਆਂ ’ਤੇ ਸਰਕਾਰ ਨਾਲ ਸਹਿਮਤੀ ਨਹੀਂ ਬਣ ਸਕੀ। ਇਸ ਮਗਰੋਂ ਅੱਜ ਇਯਾਲੀ ਤੋਂ ਕਿਸਾਨਾਂ ਨੇ ਲੀਡ ਬੈਂਕ ਵੱਲ ਕੂਚ ਕਰ ਦਿੱਤਾ ਅਤੇ ਬੈਂਕ ਦੇ ਬਾਹਰ ਕਈ ਘੰਟੇ ਤੱਕ ਧਰਨਾ ਲਾ ਕੇ ਰੱਖਿਆ। ਕਿਸਾਨਾਂ ਦੇ ਚੱਕਾ ਜਾਮ ਕਾਰਨ ਫਿਰੋਜ਼ਪੁਰ ਰੋਡ ’ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ।

ਦਰਅਸਲ, ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬੇ ਦੀਆਂ ਸੱਤ ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਨੂ ਨੇ ਸਾਂਝਾ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨ ਆਗੂ ਦਰਸ਼ਨ ਪਾਲ ਤੇ ਅਵਤਾਰ ਮਹਿਮਾ ਨੇ ਦੱਸਿਆ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਦੌਰਾਨ ਬਾਕੀ ਮੰਗਾਂ ’ਤੇ ਤਾਂ ਸਹਿਮਤੀ ਬਣ ਗਈ ਸੀ ਪਰ ਇਸ ਗੱਲ ਨੂੰ ਲੈ ਕੇ ਮੀਟਿੰਗ ਬੇਸਿੱਟਾ ਰਹੀ ਕਿ 5 ਏਕੜ ਦੇ ਨਾਲ ਨਾਲ 10 ਏਕੜ ਜ਼ਮੀਨ ਤੱਕ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੁੱਦੇ ’ਤੇ ਕੋਈ ਸਹਿਮਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਤਾਂ ਧਰਨਾ ਖਤਮ ਹੋ ਗਿਆ ਹੈ ਪਰ ਹੁਣ ਸ਼ੁੱਕਰਵਾਰ ਨੂੰ ਦੁਬਾਰਾ ਜਥੇਬੰਦੀਆਂ ਦੇ ਆਗੂ ਮੀਟਿੰਗ ਕਰਨਗੇ ਤੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਏਗੀ।

ਉਨ੍ਹਾਂ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਨੇ ਪੱਕਾ ਮੋਰਚਾ ਲੀਡ ਬੈਂਕ ਦੇ ਬਾਹਰ ਲਗਾਉਣਾ ਸੀ ਪਰ ਪ੍ਰਸ਼ਾਸਨ ਨੇ ਸਰਕਾਰ ਨਾਲ ਮੀਟਿੰਗ ਹੋਣ ਕਾਰਨ ਪਿੰਡ ਇਯਾਲੀ ਵਿੱਚ ਥਾਂ ਦਿੱਤੀ ਸੀ, ਜਿੱਥੇ ਉਨ੍ਹਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਇਸ ਮੌਕੇ ਨਿਰਭੈ ਸਿੰਘ, ਜਤਿੰਦਰ ਸਿੰਘ ਛੀਨਾ, ਬੂਟਾ ਸਿੰਘ, ਜਗਮੋਹਨ ਸਿੰਘ, ਹਰਜੀਤ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਸੁਰਜੀਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਸਿੰਘ, ਝੰਡਾ ਸਿੰਘ ਆਦਿ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune