ਝੋਨੇ ਪਨੀਰੀ ਦੀ ਬਿਜਾਈ 20 ਮਈ ਤੇ ਝੋਨਾ 20 ਜੂਨ ਤੋਂ ਬਾਅਦ ਲਾਇਆ ਜਾਵੇਗੀ ਇਸ ਵਾਰ

April 26 2018

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਇਸ ਵਾਰ ਕਿਸਾਨ ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਅਤੇ ਝੋਨਾ 20 ਜੂਨ ਤੋਂ ਬਾਅਦ ਖੇਤਾਂ ਵਿਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਝੋਨੇ ਸਬੰਧੀ ਕਿਸਾਨਾਂ ਲਈ ਸਲਾਹ ਜਾਰੀ ਕਰਦਿਆਂ ਕਿਹਾ ਕਿ ਝੋਨੇ ਦੀਆਂ ਕਿਸਮਾਂ ਦੀ ਚੋਣ ਇਸ ਤਰਾਂ ਕੀਤੀ ਜਾਵੇ ਕਿ ਇਹ ਘੱਟ ਸਮੇਂ ਵਿਚ ਪੱਕਣ ਵਾਲੀਆਂ ਹੋਣ ਅਤੇ ਪਰਾਲੀ ਵੀ ਘੱਟ ਹੋਵੇ ਤਾਂ ਜੋ ਪਰਾਲੀ ਦੇ ਪ੍ਰਬੰਧਨ ਚ ਸੌਖ ਹੋਵੇ ਕਿਉਂਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਸਾੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਚੰਗੇ ਪਾਣੀਆਂ ਵਾਲੀਆਂ ਜ਼ਮੀਨਾਂ ਚ ਪੀ.ਆਰ.127 ਕਿਸਮ ਲਗਾਉਣ ਜੋ 137 ਦਿਨ ਵਿਚ ਪੱਕ ਜਾਂਦੀ ਹੈ ਅਤੇ ਬਿਮਾਰੀਆਂ ਪ੍ਰਤੀ ਵਧੇਰੇ ਸਹਿਣਸ਼ੀਲ ਹੈ। ਇਸੇ ਤਰਾਂ ਪੀ.ਆਰ. 126 ਕਿਸਮ 123 ਦਿਨ ਵਿਚ ਪੱਕ ਜਾਂਦੀ ਹੈ। ਇਸਦੀ ਪਨੀਰੀ 25 30 ਦਿਨਾਂ ਦੀ ਲੱਗ ਜਾਣੀ ਚਾਹੀਦੀ ਹੈ। ਪੀ.ਆਰ. 124 ਕਿਸਮ 135 ਦਿਨਾਂ ਵਿਚ ਪੱਕ ਜਾਂਦੀ ਹੈ। ਪੀ.ਆਰ. 121 ਕਿਸਮ 140 ਦਿਨ ਵਿਚ, ਪੀ.ਆਰ. 123 ਕਿਸਮ 143 ਦਿਨ ਵਿਚ ਅਤੇ ਪੀ.ਆਰ. 122 ਕਿਸਮ 147 ਦਿਨ ਵਿਚ ਪੱਕਦੀ ਹੈ। ਇਸੇ ਤਰਾਂ ਬਾਸਮਤੀ ਦੀ ਕਿਸਮ ਬਾਸਮਤੀ 1637 ਢੁੱਕਵੀਂ ਹੈ ਜੋ 138 ਦਿਨ ਵਿਚ ਪੱਕ ਜਾਂਦੀ ਹੈ। 

ਇਸ ਦੇ ਨਾਲ ਹੀ ਦੂਜੇ ਪਾਸੇ ਰਵਾਇਤੀ ਕਿਸਮਾਂ, ਜੋ ਕਿਸਾਨ ਪਹਿਲਾਂ ਤੋਂ ਬੀਜ ਰਹੇ ਹਨ, ਉਹ 156 ਤੋਂ 160 ਦਿਨ ਤੱਕ ਪੱਕਣ ਨੂੰ ਲੈਂਦੀਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਏ. ਓ., ਜਗਤਾਰ ਸਿੰਘ ਏ. ਈ. ਓ. ਅਤੇ ਆਤਮਾ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani