By: Abp Sanjha Date: 13 oct 2017
ਪੰਜਾਬ ਸਰਕਾਰ ਦੀ ਗੰਨੇ ਦਾ ਸਰਕਾਰੀ ਮੁੱਲ 10 ਰੁਪਏ ਫ਼ੀ ਕੁਇੰਟਲ ਵਧਾਉਣ ਦੀ ਯੋਜਨਾ ਹੈ। ਇਸ ਨਾਲ ਗੰਨੇ ਦੀ ਅਗੇਤੀ ਕਿਸਮ ਲਈ 310 ਰੁਪਏ, ਵਿਚਕਾਰਲੀ ਕਿਸਮ ਲਈ 300 ਤੇ ਪਿਛੇਤੀ ਕਿਸਮ ਲਈ 295 ਰੁਪਏ ਕੁਇੰਟਲ ਦਾ ਮੁੱਲ ਮਿਲੇਗਾ। ਇਹ ਵਾਧਾ ਦੋ ਸਾਲਾਂ ਬਾਅਦ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਸੂਤਰਾਂ ਮੁਤਾਬਕ ਵਿਭਾਗ ਨੇ ਰਾਜ ਸਰਕਾਰ ਨੂੰ ਵਾਧੇ ਦੀ ਇਹ ਸਿਫ਼ਾਰਸ਼ ਗੰਨਾ ਕਾਸ਼ਤਕਾਰਾਂ ਅਤੇ ਨਿਜੀ ਤੇ ਸਹਿਕਾਰੀ ਖੰਡ ਮਿੱਲਾਂ ਨਾਲ ਕਈ ਮੀਟਿੰਗਾਂ ਤੋਂ ਬਾਅਦ ਕੀਤੀ ਹੈ। ਇਸ ਸਬੰਧੀ ਗੰਨਾ ਕੰਟਰੋਲ ਬੋੋਰਡ ਦੀ ਮੀਟਿੰਗ ਮਹੀਨੇ ਦੇ ਅਖ਼ੀਰ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਦੇ ਆਸਾਰ ਹਨ, ਜਿਸ ਦੌਰਾਨ ਗੰਨੇ ਦਾ ਖ਼ਰੀਦ ਮੁੱਲ ਤੈਅ ਕਰ ਕੇ ਨੋਟੀਫਾਈ ਕੀਤਾ ਜਾਵੇਗਾ। ਮਿੱਲਾਂ ਵਿੱਚ ਗੰਨੇ ਦਾ ਪਿੜਾਈ ਸੀਜ਼ਨ ਅਧਿਕਾਰਤ ਤੌਰ ’ਤੇ 15 ਨਵੰਬਰ ਤੋਂ ਸ਼ੁਰੂ ਹੋਵੇਗਾ।
ਦੱਸਿਆ ਜਾਂਦਾ ਹੈ ਕਿ ਸੂਬੇ ਵਿੱਚ ਇਸ ਸਾਲ ਗੰਨੇ ਦੀ ਕਾਸ਼ਤ ਹੇਠਲਾ ਰਕਬਾ ਵਧ ਕੇ 97 ਹਜ਼ਾਰ ਹੈਕਟੇਅਰ ਤੱਕ ਪੁੱਜ ਗਿਆ, ਜੋ ਬੀਤੇ ਸਾਲ ਦੇ 95 ਹਜ਼ਾਰ ਹੈਕਟੇਅਰ ਸੀ। ਇਸ ਸਦਕਾ ਚੀਨੀ ਦੀ ਪੈਦਾਵਾਰ ਬੀਤੇ ਸਾਲ ਦੇ 66 ਹਜ਼ਾਰ ਕੁਇੰਟਲ ਦੇ ਮੁਕਾਬਲੇ ਇਸ ਵਾਰ 67 ਹਜ਼ਾਰ ਕੁਇੰਟਲ ਹੋਣ ਦੇ ਆਸਾਰ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।