ਸੰਪੂਰਨ ਖੇਤੀ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ

April 04 2018

ਮਾਂ ਧਰਤੀ ਦੀ ਗੋਦ ਵਿਚ ਪ੍ਰਫੁੱਲਿਤ ਹੋ ਕੇ ਪਲ ਰਹੀ ਬਨਸਪਤੀ ਉਸ ਦੀ ਖੇਤੀ ਹੀ ਹੈ। ਕੁਦਰਤ ਦੇ ਨਿਯਮ ਅਟਲ ਹਨ। ਇਸ ਗ੍ਰਹਿ ਤੇ ਚੱਲ ਰਿਹਾ ਜੀਵਨ ਇਨ੍ਹਾਂ ਨਿਯਮਾਂ ਤੇ ਹੀ ਆਧਾਰਤ ਹੈ।

ਜੋ ਬ੍ਰਹਿਮੰਡੈ, ਸੋਇ ਪਿੰਡੈ। ਯਾਨਿ ਜੋ ਤੱਤ ਬ੍ਰਹਿਮੰਡ ਵਿਚ ਮੌਜੂਦ ਹਨ, ਉਹ ਸਾਰੇ ਤੱਤ ਧਰਤੀ ਤੇ ਵੱਸ ਰਹੇ ਹਰੇਕ ਜੀਵਨ ਵਿਚ ਮੌਜੂਦ ਹਨ, ਜਿਸ ਨੂੰ ਜੀਵਨ ਧਾਰਾ ਕਿਹਾ ਜਾ ਸਕਦਾ ਹੈ।

ਵਿਗਿਆਨ ਕੁਦਰਤ ਵਿਚ ਪਹਿਲਾਂ ਹੀ ਮੌਜੂਦ ਅਟਲ ਨਿਯਮਾਂ ਦੇ ਸੱਚ ਨੂੰ ਲੱਭਣ ਦੀ ਇਕ ਪ੍ਰਕਿਰਿਆ ਹੈ। ਮਨੁੱਖ ਨੇ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਫਸਲੀ ਪੈਦਾਵਾਰ ਸ਼ੁਰੂ ਕੀਤੀ ਤੇ ਇਸ ਵਿਚ ਬਿਹਤਰੀ ਕਰਨ ਲਈ ਯਤਨ ਜਾਰੀ ਰੱਖੇ। ਖੇਤੀ ਨੂੰ ਕੁਦਰਤ ਦੀ ਖੇਤੀ ਯਾਨੀ ਸਮੁੱਚੀ ਬਨਸਪਤੀ ਵਿਚੋਂ ਕੱਢ ਕੇ ਸਿਰਫ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਫਸਲਾਂ ਪੈਦਾ ਕਰਨ ਦੀ ਵਿਧੀ ਤਕ ਹੀ ਸੀਮਤ ਕਰ ਦਿੱਤਾ, ਜਿਸ ਨਾਲ ਮਾਂ ਧਰਤੀ ਦੀ ਖੇਤੀ ਯਾਨੀ ਸਮੁੱਚੀ ਬਨਸਪਤੀ ਹੌਲੀ-ਹੌਲੀ ਅੱਖੋਂ ਪਰੋਖੇ ਹੋ ਗਈ।

ਸਾਇੰਸਦਾਨਾਂ/ਮਨੁੱਖ ਵਲੋਂ ਬਣਾਈ ਪਰਿਭਾਸ਼ਾ ਨੂੰ ਮੁੱਖ ਰੱਖਦੇ ਹੋਏ ਖੋਜਾਂ ਕੀਤੀਆਂ ਤੇ ਇਨ੍ਹਾਂ ਖੋਜਾਂ ਨੂੰ ਖੇਤੀ ਪੈਦਾਵਾਰ ਕਰਨ ਵਿਚ ਲਾਗੂ ਕੀਤਾ ਤੇ ਆਪਾਂ ਕੁਦਰਤੀ ਵਿਵਹਾਰ (Biodiversity in nature)  ਤੋਂ ਹੌਲੀ-ਹੌਲੀ ਬਹੁਤ ਦੂਰ ਚਲੇ ਗਏ। ਨਤੀਜਨ ਮੌਜੂਦਾ ਪੀੜ੍ਹੀ ਇਸ ਸੋਚ ਦੀ ਧਾਰਨੀ ਬਣ ਗਈ ਕਿ ਖੇਤੀ ਪੈਦਾਵਾਰ ਲਈ ਸਿਰਫ ਤੇ ਸਿਰਫ ਮਨੁੱਖੀ ਸੋਚ ਵਲੋਂ ਦਰਸਾਈਆਂ ਖੋਜਾਂ ਹੀ ਆਧਾਰ ਹਨ। ਇਹ ਧਾਰਨਾ ਵੀ ਬਣ ਚੁੱਕੀ ਹੈ ਕਿ ਕੈਮੀਕਲਜ਼ ਦੀ ਵਰਤੋਂ ਬਗੈਰ ਖੇਤੀ ਹੋ ਹੀ ਨਹੀਂ ਸਕਦੀ, ਜੋ ਕਿ ਕੁਦਰਤ ਦੇ ਬਾਇਓਡਾਇਵਰਸਿਟੀ (Biodiversity in nature) ਸਿਧਾਂਤ ਤੋਂ ਬਿਲਕੁਲ ਉਲਟ ਹੈ, ਜਿਸ ਦੇ ਸਿੱਟੇ ਵਜੋਂ ਸਾਰਾ ਆਰਥਿਕ ਤੇ ਸਮਾਜਿਕ ਮਾਹੌਲ ਬੁਰੀ ਤਰ੍ਹਾਂ ਹਿੱਲ ਗਿਆ। ਪੇਂਡੂ ਆਰਥਿਕਤਾ ਦੇ ਮੁੱਖ ਧੁਰੇ ਖੇਤੀ ਦਾ ਲਾਭਦਾਇਕ ਨਾ ਰਹਿਣਾ ਤੇ ਸਮੁੱਚੀ ਲੋਕਾਈ ਨੂੰ ਜ਼ਹਿਰ ਯੁਕਤ ਖੁਰਾਕ ਲੈਣ ਲਈ ਮਜਬੂਰ ਹੋਣਾ ਸਪੱਸ਼ਟ ਹੈ। ਇਹ ਕਿਹੋ ਜਿਹੀ ਵਿਡੰਬਨਾ ਹੈ। ਮਨੁੱਖ ਹੀ ਮਨੁੱਖ ਨੂੰ ਜ਼ਹਿਰ ਯੁਕਤ ਭੋਜਨ ਦੇ ਰਿਹਾ ਹੈ, ਜੋ ਸਰਾਸਰ ਗਲਤ ਹੈ। ਇਹ ਵੀ ਇਕ ਸੱਚਾਈ ਹੈ ਕਿ ਜਦ ਧਰਤੀ ਤੇ ਮਨੁੱਖਾਂ ਦੁਆਰਾ ਬਣਾਏ ਨਿਯਮ ਫੇਲ ਹੋ ਜਾਂਦੇ ਹਨ ਤਾਂ ਕੁਦਰਤ ਦੇ ਨਿਯਮ ਲਾਗੂ ਹੋ ਜਾਂਦੇ ਹਨ।

ਇਤਿਹਾਸ ਇਸ ਦਾ ਗਵਾਹ ਹੈ ਕਿ ਦੁਨੀਆ ਦੇ ਕਿਸੇ ਖਿੱਤੇ ਵਿਚ ਜਦੋਂ ਵੀ ਕਿਸੇ ਪ੍ਰਕਾਰ ਦਾ ਸੰਕਟ ਆਇਆ ਹੈ ਤਾਂ ਉਸ ਨਾਲ ਉਸ ਖਿੱਤੇ ਦੇ ਲੋਕਾਂ ਨੇ ਹੀ ਸਿਰ ਜੋੜ ਕੇ ਨਜਿੱਠਿਆ ਹੈ।

ਆਰੰਭੇ ਯਤਨ

ਪਿਛਲੇਰੇ 24-25 ਸਾਲਾਂ ਤੋਂ ਇਕੱਠੇ ਹੋ ਕੇ ਇਕ ਸਮੂਹ ਨੇ ਇਸ ਸੰਕਟ ਨਾਲ ਨਜਿੱਠਣ ਲਈ ਯਤਨ ਆਰੰਭੇ। ਲਗਾਤਾਰ ਸਹੀ ਦਿਸ਼ਾ ਵੱਲ ਅੱਗੇ ਵਧਦੇ ਗਏ। ਸਮੇਂ-ਸਮੇਂ ਤੇ ਇਸ ਸੰਕਟ ਨੂੰ ਹੱਲ ਕਰਨ ਲਈ ਮੁੱਦਾ ਵਾਰ ਹੱਲ ਸਾਹਮਣੇ ਆਏ ਤੇ ਇਸ ਨੂੰ ਆਪਣੇ ਪੱਧਰ ਤੇ ਯਤਨ ਕਰ ਕੇ ਮਈ ਸਾਲ 2015 ਵਿਚ ਆਮ ਕਿਸਾਨਾਂ ਤੇ ਹੋਰ ਸੰਬੰਧਤ ਅਦਾਰਿਆਂ ਦੇ ਸਾਹਮਣੇ ਲਿਆਂਦਾ, ਜਿਸ ਨੂੰ ਮਿਸ਼ਨ ਸੰਪੂਰਨ-ਖੇਤੀ-ਪੂਰਨ ਰੋਜ਼ਗਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ-ਇਕ ਸਫਰ ਦਾ ਨਾਮ ਦਿੱਤਾ ਗਿਆ। ਇਸ ਮਿਸ਼ਨ ਵਿਚ ਸ਼ਾਮਲ ਕਿਸਾਨ ਖੁਸ਼ ਹਨ। ਉਹ ਬੈਂਕਾਂ ਵਿਚ ਤਾਂ ਜਾਂਦੇ ਹਨ ਪਰ ਖੇਤੀ ਕਰਜ਼ਾ ਲੈਣ ਵਾਸਤੇ ਨਹੀਂ, ਸਗੋਂ ਖੇਤੀ ਆਮਦਨ ਦਾ ਪੈਸਾ ਜਮ੍ਹਾ ਕਰਵਾਉਣ। ਅਜੇ ਤਕ ਆਪ ਸਭ ਨੂੰ ਇਹ ਇਕ ਅਚੰਭਾ ਜਾਂ ਕਰਿਸ਼ਮਾ ਹੀ ਮਹਿਸੂਸ ਹੋਏਗਾ ਪਰ ਇਹ ਇਕ ਅਸਲੀਅਤ ਹੈ।

ਸੰਪੂਰਨ ਖੇਤੀ-ਪੂਰਨ ਰੋਜ਼ਗਾਰ—ਸੰਪੂਰਨ  ਖੇਤੀ ਤੋਂ ਭਾਵ ਹੈ ਖੇਤੀ ਕਰਨ ਦੇ ਉਹ ਨਿਵੇਕਲੇ ਢੰਗ, ਜੋ ਕਿਸਾਨ ਦੀ ਜੇਬ ਵਿਚੋਂ ਬਹੁਤ ਘੱਟ ਪੈਸਾ ਕੱਢਣ, ਲਗਾਤਾਰ ਆਮਦਨ ਦੇਣ, ਕੈਮੀਕਲਜ਼ ਦੀ ਵਰਤੋਂ ਤੋਂ ਛੁਟਕਾਰਾ ਦੇਣ, ਮਿਆਰੀ ਤੇ ਮਿਕਦਾਰੀ ਉਪਜ ਦੇਣ, ਕੁਦਰਤੀ ਸੋਮਿਆਂ ਦੀ ਸੁਯੋਗ ਵਰਤੋਂ ਦੇ ਸਮਰੱਥ ਹੋਣ, ਕੁਦਰਤੀ ਆਫਤਾਂ ਨੂੰ ਕਾਫੀ ਹੱਦ ਤਕ ਸਹਿਣ ਦੇ ਸਮਰੱਥ, ਵਾਤਾਵਰਣ ਨੂੰ ਗੰਧਲਾ ਕਰਨ ਦੀ ਬਜਾਏ ਵਾਤਾਵਰਣ ਨੂੰ ਸਾਫ ਕਰਨ ਦੇ ਸਮਰੱਥ, ਸਵੈ-ਰੋਜ਼ਗਾਰ ਦੇਣ ਦੇ ਸਮਰੱਥ ਤੇ ਵਿਗਿਆਨੀਆਂ ਦੁਆਰਾ ਦਰਸਾਈਆਂ ਗਈਆਂ ਜੀਵਨ ਲਈ ਰੋਜ਼ ਦੀਆਂ ਹਰ ਪ੍ਰਕਾਰ ਦੀਆਂ ਲੋੜਾਂ ਨੂੰ ਪੂਰੀਆਂ ਕਰ ਕੇ ਖਪਤਕਾਰਾਂ ਨੂੰ ਹਰ ਪੱਖੋਂ ਸੰਤੁਲਿਤ ਖੁਰਾਕ ਵਾਜਬ ਰੇਟ ਤੇ ਦੇਣ ਦੇ ਸਮਰੱਥ ਹੋਣ ਅਤੇ ਨਾਲ ਹੀ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ।

ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ

ਇਸ ਸਮੇਂ ਹਰ ਪ੍ਰਕਾਰ ਦਾ ਭੋਜਨ ਜ਼ਹਿਰ ਯੁਕਤ ਮਿਲ ਰਿਹਾ ਹੈ, ਜੋ ਆਪਣੇ ਆਪ ਵਿਚ ਇਕ ਵੱਡੀ ਸਮੱਸਿਆ ਹੈ। ਖਪਤਕਾਰ ਆਪਣੀ ਖਰੀਦ ਸ਼ਕਤੀ ਮੁਤਾਬਕ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਜ਼ਹਿਰ ਮੁਕਤ ਭੋਜਨ ਪਦਾਰਥ ਉਪਲੱਬਧ ਹੋ ਜਾਣ। ਭੋਜਨ ਪਦਾਰਥ ਦੇ ਰੇਟ ਦੀ ਕੋਈ ਗੱਲ ਨਹੀਂ। ਇਸ ਪਹੁੰਚ ਨਾਲ ਸਮਾਜ ਦਾ ਉਹ ਹਿੱਸਾ, ਜਿਸ ਦੀ ਖਰੀਦ ਸ਼ਕਤੀ ਘੱਟ ਹੈ, ਉਹ ਬਿਲਕੁਲ ਪਾਸੇ ਰਹਿ ਜਾਂਦਾ ਹੈ, ਜੋ ਕਿ ਸਰਬੱਤ ਦਾ ਭਲਾ ਦੇ ਉਦੇਸ਼ ਨਾਲ ਮੇਲ ਨਹੀਂ ਖਾਂਦਾ।

ਸੰਪੂਰਨ ਖੇਤੀ ਪੂਰਨ ਰੋਜ਼ਗਾਰ ਦਾ ਇਹ ਮਿਸ਼ਨ ਜੋ ਕਿ ਸਰਬੱਤ ਦਾ ਭਲਾ ਦੇ ਸੰਕਲਪ ਅਨੁਸਾਰ ਬਿਲਕੁਲ ਮੇਚਵਾਂ ਹੈ, ਇਸ ਸਮੇਂ ਤੇ ਲਾਗੂ ਕੀਤਾ ਜਾ ਰਿਹਾ ਹੈ।

ਇਹ ਮਿਸ਼ਨ ਇਕ ਸਫਰ ਹੈ। ਇਸ ਸੰਕਟ ਨਾਲ ਪੱਕੇ ਪੈਰੀਂ ਨਜਿੱਠਣ ਲਈ ਆਪਾਂ ਸਾਰੇ ਆਪੋ-ਆਪਣੀ ਸਮਰੱਥਾ ਮੁਤਾਬਕ ਅੱਗੇ ਵਧੀਏ। ਇਸ ਵਿਚ ਸਫਲਤਾ ਮਿਲ ਰਹੀ ਹੈ। ਅਗਾਂਹ ਮਿਲਦੀ ਵੀ ਰਹੇਗੀ। ਇਹ ਮਿਸ਼ਨ ਅਜਿਹੀ ਨਿਵੇਕਲੀ ਦਿਸ਼ਾ ਪ੍ਰਦਾਨ ਕਰ ਰਿਹਾ ਹੈ, ਜਿਸ ਨੂੰ ਅਪਣਾ ਕੇ ਖੇਤੀ-ਸਿਹਤਮੰਦ ਲਾਭਕਾਰੀ ਅਤੇ ਵਿਸ਼ਵ ਮੁਕਾਬਲੇ ਦੇ ਸਮਰੱਥ ਹੋ ਜਾਵੇਗੀ।

ਇਹ ਨਿਵੇਕਲਾ ਉੱਦਮ ਇਸ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਹਰਿਆਣਾ ਤੇ ਯੂ. ਪੀ. ਦੇ ਕਿਸਾਨਾਂ ਵਲੋਂ ਅਪਣਾਇਆ ਜਾ ਰਿਹਾ ਹੈ। ਇਹ ਤੱਥ ਹੈ ਕਿ ਇਹ ਸਿਸਟਮ ਮੂਰਛਾਗ੍ਰਸਤ ਕਿਸਾਨਾਂ ਲਈ ਇਕ ਸੰਜੀਵਨੀ ਸਿੱਧ ਹੋ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:Jagbani