ਕਿਸਾਨਾਂ ਦੀ ਕਰਮ ਭੂਮੀ ਰਿਹਾ ਪੰਜਾਬ ਅੱਜ ਉਨ੍ਹਾਂ ਲਈ ਮਰਨ ਭੂਮੀ ਬਣ ਚੁੱਕਾ ਹੈ। ਇਸ ਦਾ ਕਾਰਨ ਖੇਤੀਬਾੜੀ ਧੰਦਾ ਲਾਹੇਵੰਦ ਨਹੀਂ ਰਿਹਾ ਤੇ ਹਰੀ ਕ੍ਰਾਂਤੀ ਤਹਿਤ ਕੀੜੇਮਾਰ ਦਵਾਈਆਂ ਕਾਰਨ ਖੇਤੀਬਾੜੀ ਦਾ ਉਜਾੜਾ ਹੋ ਰਿਹਾ ਹੈ। ਧਰਤੀ ਬੰਜਰ ਹੋ ਰਹੀ ਹੈ ਅਤੇ ਕਿਸਾਨ ਆਤਮ-ਹੱਤਿਆ ਦੇ ਰਾਹ ਪੈ ਰਹੇ ਹਨ। ਕੀੜੇਮਾਰ ਦਵਾਈਆਂ ਦਾ ਪਹਿਲਾ ਸ਼ਿਕਾਰ ਗਰਭਵਤੀ ਔਰਤਾਂ ਦੇ ਗਰਭ ’ਚ ਪਲ ਰਹੇ ਭਰੂਣ ਤੇ ਬੱਚੇ ਹੁੰਦੇ ਹਨ। ਇਸ ਦੇ ਮਾੜੇ ਅਸਰ ਕਾਰਨ ਬੱਚੇ ਅੰਗਹੀਣ ਤੇ ਮੰਦਬੁੱਧੀ ਪੈਦਾ ਹੁੰਦੇ ਹਨ।
ਬੀਤੇ 50 ਵਰ੍ਹਿਆਂ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਪੰਜਾਬੀਆਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਿੱਚ 50 ਫ਼ੀਸਦੀ ਤੋਂ ਵੱਧ ਦੀ ਘਾਟ ਆਈ ਹੈ। ਪੰਜਾਬ ਦੇ ਮਾਲਵਾ ਜ਼ੋਨ, ਜਿਸ ਵਿੱਚ ਤਕਰੀਬਨ ਅੱਠ ਜ਼ਿਲ੍ਹੇ ਆਉਂਦੇ ਹਨ, ਨੂੰ ‘ਕੈਂਸਰ ਬੈਲਟ’ ਕਿਹਾ ਜਾਂਦਾ ਹੈ। ਇੱਥੋਂ ਦੇ ਵਸਨੀਕ ਬਹੁਗਿਣਤੀ ਵਿੱਚ ਕੈਂਸਰ, ਗੁਰਦੇ ਤੇ ਸ਼ੂਗਰ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਪਿਛਲੀ ਸਰਕਾਰ ਨੇ ਆਪਣੇ ਰਾਜ ਕਾਲ ਦੌਰਾਨ ਇੱਥੋਂ ਦੀ ਜ਼ਮੀਨ ਅਤੇ ਪਾਣੀ ਦੀ ਜਾਂਚ ਕਰਾਈ ਤਾਂ ਇੱਥੋਂ ਦੇ ਪਾਣੀ ਵਿੱਚ ਰੇਡੀਓ ਐਕਟਿਵ ਤੱਤ ਪਾਏ ਗਏ। ਪਾਣੀ ਤੇ ਜ਼ਮੀਨ ਵਿੱਚ ਮਿਲੇ ਜ਼ਹਿਰੀਲੇ ਪਦਾਰਥਾਂ ਦੀ ਗਿਣਤੀ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਮਿਲੀ। ਇਸ ਦਾ ਕਾਰਨ ਹਰੀ ਕ੍ਰਾਂਤੀ ਤਹਿਤ ਰਸਾਇਣਿਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਹੈ। ਕਿਸੇ ਵੀ ਸਰਕਾਰੀ ਵਿਭਾਗ ਨੇ ਕਿਸਾਨਾਂ ਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਇਸ ਦੇ ਫਲਸਰੂਪ ਕਿਸਾਨਾਂ ਨੇ ਉਸ ਦੀ ਲੋੜ ਤੋਂ ਵੱਧ ਵਰਤੋਂ ਕੀਤੀ।
ਕੁਝ ਚਿਰ ਪਹਿਲਾਂ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਵਿੱਚ ਕੀੜੇਮਾਰ ਦਵਾਈ ਦੀ ਲਪੇਟ ’ਚ ਆ ਕੇ 18 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਮੌਤ ਹੋ ਗਈ। ਪਿਛਲੇ ਕੁਝ ਸਮੇਂ ਦੌਰਾਨ ਕੋਈ ਪੰਜ ਸੌ ਕਿਸਾਨ ਤੇ ਮਜ਼ਦੂਰ ਹਸਪਤਾਲ ’ਚ ਦਾਖ਼ਲ ਹੋਏ। ਅਸਲ ਵਿੱਚ ਇਸ ਇਲਾਕੇ ਵਿੱਚ ਕਪਾਹ ਦੀ ਖੇਤੀ ਹੁੰਦੀ ਹੈ। ਇਸ ਵਾਰ ਕਪਾਹ ਵਿੱਚ ਗੁਲਾਬੀ ਕੀੜੇ ਆ ਗਏ। ਮਜਬੂਰੀਵੱਸ ਕਿਸਾਨਾਂ ਨੇ ਪ੍ਰੋਫੇਨੋਫਾਸ ਜਿਹੀਆਂ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਦਾ ਛਿੜਕਾਓ ਕੀਤਾ। ਛਿੜਕਾਓ ਲਈ ਚੀਨ ਵਿੱਚ ਬਣੇ ਅਜਿਹੇ ਪੰਪ ਦੀ ਵਰਤੋਂ ਕੀਤੀ ਗਈ, ਜਿਸ ਦੀ ਕੀਮਤ ਘੱਟ ਸੀ ਤੇ ਗਤੀ ਵੱਧ। ਕਿਸਾਨ ਨੰਗੇ ਸਰੀਰ ਖੇਤ ’ਚ ਕੰਮ ਕਰਦੇ ਰਹੇ, ਜਿਸ ਕਾਰਨ ਦਵਾਈ ਦਾ ਜ਼ਹਿਰ ਕਿਸਾਨਾਂ ਦੇ ਸਰੀਰ ਵਿੱਚ ਸਮਾ ਗਿਆ। 1950 ਵਿੱਚ ਜ਼ਹਿਰੀਲੀ ਦਵਾਈਆਂ ਦੀ ਖਪਤ 2000 ਟਨ ਸੀ, ਅੱਜ ਕੋਈ 90 ਹਜ਼ਾਰ ਟਨ ਜ਼ਹਿਰੀਲੀਆਂ ਦਵਾਈਆਂ ਦੇਸ਼ ਦੇ ਵਾਤਾਵਰਨ ਵਿੱਚ ਘੁਲ ਚੁੱਕੀਆਂ ਹਨ। 1960-61 ਵਿੱਚ ਸਿਰਫ਼ 6.4 ਲੱਖ ਹੈਕਟੇਅਰ ਖੇਤ ਵਿੱਚ ਕੀੜੇਮਾਰ ਦਵਾਈਆਂ ਦਾ ਛਿੜਕਾਅ ਹੁੰਦਾ ਸੀ। 1988-89 ਵਿੱਚ ਇਹ ਰਕਬਾ ਵਧ ਕੇ ਅੱਸੀ ਲੱਖ ਹੋ ਗਿਆ ਅਤੇ ਅੱਜ ਇਸ ਦੇ ਕੋਈ ਡੇਢ ਕਰੋੜ ਹੈਕਟੇਅਰ ਹੋਣ ਦੀ ਸੰਭਾਵਨਾ ਹੈ। ਇਹ ਕੀੜੇਮਾਰ ਦਵਾਈਆਂ ਪਾਣੀ, ਮਿੱਟੀ, ਹਵਾ, ਲੋਕਾਂ ਦੀ ਸਿਹਤ ਤੇ ਧਰਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਕਈ ਕੀੜਿਆਂ ਦੀ ਸਮਰੱਥਾ ਵੱਧ ਗਈ ਹੈ ਤੇ ਉਹ ਦਵਾਈਆਂ ਨੂੰ ਹਜ਼ਮ ਕਰ ਰਹੇ ਹਨ।
ਸਬਜ਼ੀਆਂ ’ਚ ਜ਼ਹਿਰ: ਇਨ੍ਹੀਂ ਦਿਨੀਂ ਬਾਜ਼ਾਰ ਵਿੱਚ ਮਿਲ ਰਹੀ ਭਿੰਡੀ ਤੇ ਬੈਂਗਣ ਦੇਖਣ ਵਿੱਚ ਤਾਂ ਬੇਹੱਦ ਦਿਲਖਿੱਚਵੇਂ ਹਨ, ਪਰ ਖਾਣ ਵਿੱਚ ਮਨੁੱਖੀ ਸਰੀਰ ਲਈ ਖਤਰਨਾਕ ਹਨ। ਬੈਂਗਣ ਨੂੰ ਚਮਕਦਾਰ ਬਣਾਉਣ ਲਈ ਉਸ ਨੂੰ ਫੋਲਿਡਜ਼ ਨਾਂ ਦੇ ਰਸਾਇਣ ਵਿੱਚ ਡੁਬੋਇਆ ਜਾਂਦਾ ਹੈ। ਇਸੇ ਤਰ੍ਹਾਂ ਭਿੰਡੀ ਨੂੰ ਛੇਕ ਕਰਨ ਵਾਲੇ ਕੀੜਿਆਂ ਤੋਂ ਬਚਾਉਣ ਲਈ ਇੱਕ ਜ਼ਹਿਰੀਲੀ ਦਵਾਈ ਵਰਤੀ ਜਾਂਦੀ ਹੈ। ਅਜਿਹੇ ਕੀੜੇਮਾਰ ਦਵਾਈਆਂ ਵਾਲੀਆਂ ਸਬਜ਼ੀਆਂ ਨੂੰ ਖਾਣ ਨਾਲ ਭੋਜਨ ਨਾਲੀ ਦਾ ਨੁਕਸਾਨ ਹੋ ਜਾਂਦਾ ਹੈ।
ਗਰੀਨ ਪੀਸ ਰਿਪੋਰਟ: ਗਰੀਨ ਪੀਸ ਇੰਡੀਆ ਦੀ ਰਿਪੋਰਟ ਮੁਤਾਬਕ ਕੀੜੇਮਾਰ ਦਵਾਈ ਬੱਚਿਆਂ ਦੇ ਦਿਮਾਗ਼ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ। ਸੰਸਥਾ ਨੇ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਕੀੜੇਮਾਰ ਦਵਾਈਆਂ ਦੇ ਅਸਰ ਦਾ ਅਧਿਐਨ ਕਰਨ ਲਈ ਦੇਸ਼ ਦੇ ਛੇ ਵੱਖ ਵੱਖ ਸੂਬਿਆਂ ਦੇ ਜ਼ਿਲ੍ਹਿਆਂ- ਬਠਿੰਡਾ (ਪੰਜਾਬ), ਭਰੂਚ (ਗੁਜਰਾਤ), ਰਾਏਚੂਰ (ਕਰਨਾਟਕ), ਯਵਤਮਾਲ (ਮਹਾਰਾਸ਼ਟਰ), ਥੇਨੀ (ਤਾਮਿਲਨਾਡੂ) ਅਤੇ ਵਾਰੰਗਲ (ਆਂਧਰਾ ਪ੍ਰਦੇਸ਼) ਵਿੱਚ ਸੋਧ ਕੀਤੀ। ਰਿਪੋਰਟ ਮੁਤਾਬਕ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ, ਗੈਰ-ਵਿਗਿਆਨਿਕ ਤੇ ਅਸੁਰੱਖਿਅਤ ਵਰਤੋਂ ਕਾਰਨ ਭੋਜਨ ਤੇ ਪਾਣੀ ਵਿੱਚ ਰਸਾਇਣਿਕ ਜ਼ਹਿਰ ਦੀ ਮਾਤਰਾ ਵਧ ਰਹੀ ਹੈ। ਇਸ ਨੂੰ ਖਾਣ ਵਾਲੇ ਬੱਚਿਆਂ ਦਾ ਮਾਨਸਿਕ ਵਿਕਾਸ ਹੌਲੀ ਹੁੰਦਾ ਹੈ ਤੇ ਕਈ ਜੰਮਦਿਆਂ ਹੀ ਮੰਦਬੁੱਧੀ ਹੁੰਦੇ ਹਨ।
ਕੇਂਦਰ ਸਰਕਾਰ ਨੇ ਜੂਨ 1993 ਵਿੱਚ 12 ਕੀੜੇਮਾਰ ਦਵਾਈਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਅਤੇ 13 ਦੇ ਇਸਤੇਮਾਲ ’ਤੇ ਕੁਝ ਪਾਬੰਦੀਆਂ ਲਾਈਆਂ ਸਨ। ਇਨ੍ਹਾਂ ਵਿੱਚ ‘ਸਲਫਾਸ’ ਦੇ ਨਾਂ ਨਾਲ ਐਲੂਮੀਨੀਅਮ ਫਾਸਫਾਈਡ ਵੀ ਹੈ। ਇਸ ਦੀ ਵਰਤੋਂ ਹੁਣ ਵੀ ਜਾਰੀ ਹੈ। ਡੀਡੀਟੀ ਅਤੇ ਬੀਐੱਚਸੀ ਜਿਹੀਆਂ ਬਹੁ-ਪ੍ਰਚੱਲਿਤ ਕੀੜੇਮਾਰ ਦਵਾਈਆਂ ਵੀ ਪਾਬੰਦੀਸ਼ੁਦਾ ਹਨ। ਅਜਿਹੀਆਂ ਹੋਰ ਦਵਾਈਆਂ ਡਾਇਬ੍ਰੋਮੋ ਕਲੋਰੋ, ਪੈਂਟਾ ਕਲੋਰੋ ਨਾਈਟਰੋ ਬੈਂਜੀਨ, ਪੈਂਟਾ ਕਲੋਰੋ ਫਿਨਾਇਲ, ਹੈਪਟਾ ਕਲੋਰੋ ਐਲਡਰਿਨ, ਪੈਰਾ ਕਵਾਟ ਡਾਈ ਮਿਥਾਈਲ ਸਲਫੇਟ, ਨਾਈਟ੍ਰੋਫੇਨ ਅਤੇ ਟੈਟਰਾਡਾਈਫੋਨ ਹਨ। ਇਹ ਸਾਰੀਆਂ ਦਵਾਈਆਂ ਵੱਖ ਵੱਖ ਨਾਵਾਂ ਨਾਲ ਬਾਜ਼ਾਰ ਵਿੱਚ ਵੇਚੀਆਂ ਜਾ ਰਹੀਆਂ ਹਨ। ਸਰਕਾਰ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ ’ਤੇ ਪਾਬੰਦੀ ਲਾਈ ਹੈ, ਪਰ ਉਤਪਾਦਨ ਉਵੇਂ ਹੀ ਜਾਰੀ ਹੈ।
ਇਹ ਦੁਖਦਾਈ ਹੈ ਕਿ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਝੰਡਾ ਲਹਿਰਾਉਣ ਵਾਲਿਆਂ ਨੇ ਖੇਤਾਂ ਅਤੇ ਉਤਪਾਦਾਂ ਨੂੰ ਜ਼ਹਿਰੀਲੇ ਰਸਾਇਣਾਂ ਦਾ ਗ਼ੁਲਾਮ ਬਣਾ ਦਿੱਤਾ ਹੈ। ਪੈਦਾਵਾਰ ਵਧ ਗਈ ਹੈ, ਪਰ ਇਸ ਦੇ ਕਾਰਨ ਜ਼ਮੀਨ ਬੱਜਰ ਹੋ ਰਹੀ ਹੈ ਅਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੁਰਾਣੇ ਸਮੇਂ ਦੌਰਾਨ ਰਵਾਇਤੀ ਬੀਜ, ਗੋਹੇ ਦੀ ਖਾਦ ਤੇ ਨਿੰਮ, ਜਿਹੇ ਕੁਦਰਤੀ ਤੱਤਾਂ ਦੇ ਕੀੜੇਮਾਰ ਤੱਤ ਸ਼ਾਇਦ ਪਹਿਲਾਂ ਤੋਂ ਘੱਟ ਫ਼ਸਲ ਦਿੰਦੇ ਸਨ, ਪਰ ਇਨ੍ਹਾਂ ਨਾਲ ਜ਼ਹਿਰ ਪੈਦਾ ਨਹੀਂ ਹੁੰਦੀ ਸੀ। ਇਨ੍ਹੀਂ ਦਿਨੀਂ ਦੇਸ਼ ਵਿੱਚ ਕਈ ਥਾਵਾਂ ’ਤੇ ਬਿਨਾਂ ਰਸਾਇਣਿਕ ਦਵਾਈਆਂ ਅਤੇ ਖਾਦ ਦੇ ਫ਼ਸਲਾਂ ਉਗਾਉਣ ਦਾ ਰੁਝਾਨ ਵਧਿਆ ਹੈ, ਪਰ ਇਹ ਫੈਸ਼ਨ ਤੋਂ ਜ਼ਿਆਦਾ ਨਹੀਂ ਹੈ ਤੇ ਅਜਿਹੇ ਉਤਪਾਦਾਂ ਦੇ ਭਾਅ ਇੰਨੇ ਜ਼ਿਆਦਾ ਹਨ ਕਿ ਆਮ ਆਦਮੀ ਇਨ੍ਹਾਂ ਨੂੰ ਖ਼ਰੀਦਣ ਨਾਲੋਂ ਜ਼ਹਿਰੀਲੇ ਪਦਾਰਥ ਖ਼ਰੀਦਣਾ ਬਿਹਤਰ ਸਮਝਦਾ ਹੈ।
ਸੰਪਰਕ: 98157-00916
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: ABP sanjha