ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਬਾਰਸ਼ ਅਤੇ ਨਹਿਰੀ ਪਾਣੀ ਦਾ ਕੁਝ ਭਾਗ ਜ਼ੀਰ ਕੇ ਧਰਤੀ ਹੇਠਾਂ ਚਲਾ ਜਾਂਦਾ ਹੈ ਅਤੇ ਉਹ ਜ਼ਮੀਨ ਹੇਠਲੇ ਪਾਣੀ ਦਾ ਭਾਗ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਦਾ ਕੁਝ ਭਾਗ ਵੀ ਖੇਤਾਂ ਵਿੱਚੋਂ ਜ਼ੀਰ ਕੇ ਧਰਤੀ ਹੇਠਲੇ ਪਾਣੀ ਦੀ ਸਤਹਿ ਨਾਲ ਜਾ ਰਲਦਾ ਹੈ। ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਮਿਕਦਾਰ ਦੀ ਪ੍ਰਾਪਤੀ ਸਾਲਾਨਾ ਬਾਰਸ਼, ਨਹਿਰੀ ਪ੍ਰਣਾਲੀ ਅਤੇ ਸਿੰਚਾਈ ਤੋਂ ਜ਼ੀਰ ਕੇ ਥੱਲੇ ਗਏ ਪਾਣੀ ’ਤੇ ਨਿਰਭਰ ਕਰਦੀ ਹੈ। ਜੇ ਸਾਨੂੰ ਪਾਣੀ ਦੇ ਤਲ ਨੂੰ ਬਰਕਰਾਰ ਰੱਖਣਾ ਹੈ ਤਾਂ ਧਰਤੀ ਹੇਠੋਂ ਟਿਊਬਵੈਲ ਨਾਲ ਪਾਣੀ ਓਨਾ ਹੀ ਕੱਢਣਾ ਚਾਹੀਦਾ ਹੈ ਜਿੰਨਾ ਸਾਲਾਨਾ ਪਾਣੀ ਜ਼ੀਰ ਕੇ ਧਰਤੀ ਹੇਠਲੇ ਪਾਣੀ ਦਾ ਅੰਗ ਬਣ ਸਕਦਾ ਹੈ। ਸਾਲਾਨਾ ਧਰਤੀ ਹੇਠ ਜ਼ੀਰ ਕੇ ਜਾਣ ਵਾਲੇ ਪਾਣੀ ਨੂੰ ਸਾਲਾਨਾ ਰੀਚਾਰਜ ਕਹਿੰਦੇ ਹਨ ਅਤੇ ਸਾਲਾਨਾ ਟਿਊਬਵੈਲ ਨਾਲ ਕੱਢਣ ਵਾਲੇ ਪਾਣੀ ਨੂੰ ਸਾਲਾਨਾ ਡਰਾਫਟ ਜਾਂ ਸਾਲਾਨਾ ਨਿਕਾਸ ਕਹਿੰਦੇ ਹਨ। ਪੰਜਾਬ ਵਿੱਚ ਪਾਣੀ ਦੀ ਸਤਹਿ ਹਰ ਸਾਲ ਤਕਰੀਬਨ 50 ਸੈਂਟੀਮੀਟਰ ਥੱਲੇ ਜਾ ਰਹੀ ਹੈ ਕਿਉਂਕਿ ਸਾਲਾਨਾ ਡਰਾਫਟ ਸਾਲਾਨਾ ਰੀਚਾਰਜ ਨਾਲੋਂ ਕਾਫ਼ੀ ਵੱਧ ਹੈ।
ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਦੋ ਤਰ੍ਹਾਂ ਦੇ ਉਪਾਅ ਕੀਤੇ ਜਾ ਸਕਦੇ ਹਨ। ਪਹਿਲਾ ਧਰਤੀ ਹੇਠੋਂ ਟਿਊਬਵੈਲਾਂ ਰਾਹੀਂ ਕੱਢੇ ਜਾਣ ਵਾਲੇ ਪਾਣੀ ਦਾ ਸਾਲਾਨਾ ਡਰਾਫਟ ਘਟਾਇਆ ਜਾਵੇ ਅਤੇ ਬਣਾਉਟੀ ਰੀਚਾਰਜ ਰਾਹੀਂ ਧਰਤੀ ਹੇਠਲੇ ਪਾਣੀ ਦੇ ਭੰਡਾਰ ਵਿੱਚ ਵਾਧਾ ਕੀਤਾ ਜਾਵੇ। ਦੂਜਾ ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀਆ ਫ਼ਸਲਾਂ ਜਿਵੇਂ ਕਿ ਝੋਨੇ ਹੇਠ ਰਕਬਾ ਘਟਾਇਆ ਜਾਵੇ ਅਤੇ ਘੱੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਕਿ ਮੱਕੀ, ਮੂੰਗੀ, ਸੋਇਆਬੀਨ, ਮਾਂਹ, ਅਰਹਰ ਵਾਲੀਆਂ ਫ਼ਸਲਾਂ ਹੇਠ ਰਕਬਾ ਵਧਾਇਆ ਜਾਵੇ। ਕਈ ਫ਼ਸਲੀ ਚੱਕਰ ਜਿਵੇਂ ਕਿ ਮੱਕੀ-ਆਲੂ-ਪਿਆਜ਼, ਮੂੰਗਫਲੀ-ਆਲੂ-ਬਾਜਰਾ (ਹਰਾ ਚਾਰਾ), ਮੱਕੀ-ਆਲੂ-ਮੈਂਥਾ, ਮੱਕੀ-ਕਣਕ/ਕਰਨੌਲੀ-ਬਾਜਰਾ (ਹਰਾ ਚਾਰਾ) ਅਤੇ ਮੂੰਗਫਲੀ- ਤੋਰੀਆ + ਗੋਭੀ ਸਰ੍ਹੋਂ ਆਦਿ ਝੋਨਾ-ਕਣਕ ਫ਼ਸਲੀ ਚੱਕਰ ਦੇ ਮੁਕਾਬਲੇ ਆਰਥਿਕ ਪੱਖੋਂ ਜ਼ਿਆਦਾ ਲਾਭਕਾਰੀ ਹਨ ਅਤੇ ਇਨ੍ਹਾਂ ਫ਼ਸਲੀ ਚੱਕਰਾਂ ਵਿੱਚ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ। ਝੋਨੇ ਨੂੰ ਪਾਣੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਹੀ ਲਗਾਉਣਾ ਚਾਹੀਦਾ ਹੈ। ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਪਨੀਰੀ ਲਗਾਉਣ ਤੋਂ ਬਾਅਦ ਦੋ ਹਫ਼ਤੇ ਪਾਣੀ ਖੇਤ ਵਿੱਚ ਖੜ੍ਹਾ ਰੱਖਿਆ ਜਾਵੇ। ਉਸ ਤੋਂ ਬਾਅਦ ਹਰ ਸਿੰਚਾਈ ਖੇਤ ਵਿੱਚ ਪਾਣੀ ਜ਼ੀਰਨ ਦੇ ਦੋ ਦਿਨਾਂ ਬਾਅਦ ਲਗਾਈ ਜਾਵੇ, ਪਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ। ਝੋਨਾ ਵੱਢਣ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।
ਝੋਨੇ ਦੀਆਂ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਪਾਣੀ ਦੀ ਲੋੜ ਵਧ ਜਾਂਦੀ ਹੈ। ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 115 (125 ਦਿਨ) ਅਤੇ ਪੀ ਆਰ 124 (135 ਦਿਨ) ਕਿਸਮਾਂ ਸਭ ਤੋਂ ਵੱਧ ਢੁੱਕਵੀਆਂ ਹਨ। ਇਹ ਕਿਸਮਾਂ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਖੇਤ ਵਿੱਚ 15 -20 ਦਿਨ ਘੱਟ ਰਹਿਣ ਕਰਕੇ ਘੱਟ ਪਾਣੀ ਮੰਗਦੀਆਂ ਹਨ।
ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ 15-20 ਫ਼ੀਸਦੀ ਬੱਚਤ ਹੁੰਦੀ ਹੈ। ਇਹ ਇੱਕ ਸਿੱਧ ਕੀਤੀ ਹੋਈ ਤਕਨੀਕ ਹੈ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਖਾਦਾਂ ਦੀ ਲਾਗਤ ਘਟਦੀ ਹੈ, ਫ਼ਸਲ ਦੇ ਪੱਖ ਵਿੱਚ ਸੁਧਾਰ ਅਤੇ ਝਾੜ ਵਿੱਚ 15 ਫ਼ੀਸਦੀ ਵਾਧਾ ਹੁੰਦਾ ਹੈ। ਸਿੰਚਾਈ ਖਾਲਾਂ ਵਿੱਚ ਤਕਰੀਬਨ 15-40 ਫ਼ੀਸਦੀ ਪਾਣੀ ਦਾ ਨੁਕਸਾਨ ਹੋ ਜਾਂਦਾ ਹੈ। ਇਹ ਨੁਕਸਾਨ ਸਿੰਚਾਈ ਖਾਲਾਂ ਨੂੰ ਪੱਕਾ ਕਰਕੇ, ਜ਼ਮੀਨ ਦੋਜ਼ ਪਾਈਪਾਂ ਦੀ ਵਰਤੋਂ ਕਰਕੇ ਅਤੇ ਟਿਊਬਵੈਲ ਨੂੰ ਫਾਰਮ ਦੇ ਵਿਚਕਾਰ ਲਗਾਕੇ ਘਟਾਇਆ ਜਾ ਸਕਦਾ ਹੈ।
ਪੰਜਾਬ ਵਿੱਚ ਸਿੰਚਾਈ ਮੁੱਖ ਤੌਰ ਤੇ ਕਿਆਰਿਆਂ ਰਾਹੀਂ ਹੀ ਦਿੱਤੀ ਜਾਂਦੀ ਹੈ, ਪਰ ਅਜੇ ਕਿਆਰਿਆਂ ਰਾਹੀਂ ਸਿੰਚਾਈ ਕਰਕੇ ਕਿਸਾਨ ਸਿਰਫ਼ 30-40 ਫ਼ੀਸਦੀ ਪਾਣੀ ਹੀ ਫ਼ਸਲਾ ਨੂੰ ਲਗਾ ਰਿਹਾ ਹੈ। ਜਦੋਂ ਕਿ ਕਿਆਰਾ ਸਿੰਚਾਈ ਨੂੰ ਸਹੀ ਢੰਗ ਨਾਲ ਅਪਨਾਉਣ ਤੇ ਪਾਣੀ ਦੀ ਸਮਰੱਥਾ 60-70 ਫ਼ੀਸਦੀ ਤਕ ਵਧਾਈ ਜਾ ਸਕਦੀ ਹੈ। ਕਿਆਰੇ ਦਾ ਆਕਾਰ, ਮਿੱਟੀ ਦੀ ਕਿਸਮ, ਉਪਲੱਬਧ ਡਿਸਚਾਰਜ ਦਰ ਅਤੇ ਖੇਤ ਦੀ ਢਲਾਣ ’ਤੇ ਨਿਰਭਰ ਕਰਦਾ ਹੈ। ਜੇਕਰ ਕਿਸਾਨ ਦੇ ਖੇਤ ਦਰਮਿਆਨੀ ਮਿੱਟੀ ਦੇ ਹਨ ਅਤੇ ਉਸ ਦੇ ਟਿਊਬਵੈਲ ਦੀ ਧਾਰ 10 ਲਿਟਰ ਪ੍ਰਤੀ ਸੈਕਿੰਡ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਨੂੰ 0.3 ਫ਼ੀਸਦੀ ਦੀ ਢਲਾਣ ਦੇਵੇ ਅਤੇ ਇੱਕ ਏਕੜ ਦੇ ਕਿਆਰੇ ਵਿੱਚ 10-11 ਪੱਟੀਆ ਬਣਾਵੇ ਤਾਂ ਜੋ ਸਿੰਚਾਈ ਦੇ ਪਾਣੀ ਦੀ ਕਾਰਜ ਸਮਰੱਥਾ ਵਧਾਈ ਜਾ ਸਕੇ।
ਖੇਤਾਂ ਵਿੱਚ ਖੂਹ ਜਿਹੜੇ ਪਾਣੀ ਕੱਢਣ ਲਈ ਵਰਤੇ ਜਾਂਦੇ ਸਨ, ਉਹ ਹੁਣ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਸੁੱਕ ਚੁੱਕੇ ਹਨ। ਇਨ੍ਹਾਂ ਖੂਹਾਂ ਰਾਹੀਂ ਬਰਸਾਤ ਦਾ ਪਾਣੀ ਜਾਂ ਵਾਧੂ ਨਹਿਰੀ ਪਾਣੀ ਹੇਠਾਂ ਜ਼ਮੀਨ ਵਿੱਚ ਪਾਇਆ ਜਾ ਸਕਦਾ ਹੈ, ਪਰ ਪਾਣੀ ਨੂੰ ਰਿਚਾਰਜ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਫੁਆਰਾ ਸਿੰਚਾਈ ਅਤੇ ਡਰਿੱਪ ਸਿੰਚਾਈ ਜਿਨ੍ਹਾਂ ਦੀ ਕਾਰਜ ਸਮਰੱਥਾ ਵੱਧ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਢੰਗਾਂ ਨਾਲ ਪਾਣੀ ਦੀ 40-60 ਫ਼ੀਸਦੀ ਬੱਚਤ ਹੁੰਦੀ ਹੈ ਅਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source:Punjabi Tribune