ਖੀਰੇ ਦੇ ਡਿੱਗਦੇ ਭਾਅ ਨੇ ਕਿਸਾਨ ਦੇ ਮੂੰਹ ਕੀਤੇ ਕੌੜੇ

April 06 2018

ਸੰਗਰੂਰ: ਖੀਰਾ ਕਾਸ਼ਤਕਾਰਾਂ ਨੂੰ ਡਿੱਗਦੇ ਭਾਅ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਖੀਰੇ ਦੀ ਕੀਮਤ 40 ਤੋਂ 50 ਪੈਸੇ ਪ੍ਰਤੀ ਕਿੱਲੋ ਹੀ ਰਹਿ ਗਿਆ ਹੈ। ਹਾਲਾਂਕਿ, ਪ੍ਰਚੂਨ ਬਾਜ਼ਾਰ ਜਾਂ ਲੋਕਾਂ ਦੇ ਘਰਾਂ ਤਕ ਖੀਰਾ 10-20 ਰੁਪਏ ਪ੍ਰਤੀ ਕਿੱਲੋ ਵਿੱਚ ਪਹੁੰਚਦਾ ਹੈ। ਕਿਸਾਨਾਂ ਨੇ ਦਾਅਵਾ ਕੀਤਾ ਕਿ ਇੰਨੀ ਲਾਗਤ ਤਾਂ ਖੀਰੇ ਨੂੰ ਮੰਡੀ ਤਕ ਪਹੁੰਚਾਉਣ ‘ਤੇ ਹੀ ਆ ਜਾਂਦੀ ਹੈ ਤੇ  ਬਾਕੀ ਖਰਚੇ ਵੱਖਰੇ ਹਨ।

ਇੰਨੇ ਡਿੱਗੇ ਭਾਅ ਤੋਂ ਕਿਸਾਨ ਅੱਕ ਕੇ ਆਪਣੀ ਖੀਰਿਆਂ ਦੀ ਫਸਲ ਡੰਗਰਾਂ ਨੂੰ ਪਾਉਣ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹੋ ਹਾਲ ਰਹਿੰਦਾ ਹੈ ਤਾਂ ਉਹ ਆਪਣੀ ਫਸਲ ਹੀ ਨਸ਼ਟ ਕਰ ਦੇਣਗੇ। ਇੱਕ ਕਿੱਲੇ ਵਿੱਚ ਖੀਰੇ ਦਾ ਔਸਤ ਝਾੜ 50 ਕੁੰਇਟਲ ਹੁੰਦਾ ਹੈ ਜਦਕਿ ਇਸ ਵਾਰ ਬੰਪਰ ਫ਼ਸਲ ਹੋਈ ਹੈ।

ਕਿਸਾਨਾਂ ਨੇ ਆਪਣਾ ਦੁਖੜਾ ਫੋਲਦਿਆਂ ਕਿਹਾ ਕਿ ਸਰਕਾਰ ਫ਼ਸਲੀ ਵਿਭਿੰਨਤਾ ਅਪਣਾਉਣ ਤੇ ਵੱਧ ਤੋਂ ਵੱਧ ਸਬਜ਼ੀਆਂ ਉਗਾਉਣ ਲਈ ਕਹਿੰਦੀ ਰਹਿੰਦੀ ਹੈ ਪਰ ਉਨ੍ਹਾਂ ਨੂੰ ਇਹ ਕੰਮ ਕਰਨ ਤੋਂ ਬਾਅਦ ਮੁਨਾਫਾ ਨਹੀਂ ਬਲਕਿ ਸਜ਼ਾ ਮਿਲੀ ਹੈ।

ਖੀਰਾ ਸਮੇਤ ਹੋਰ ਸਬਜ਼ੀਆਂ ਦਾ ਸਰਕਾਰ ਵੱਲੋਂ ਕੋਈ ਵੀ ਸਮਰਥਨ ਮੁੱਲ ਨਹੀਂ ਤੈਅ ਕੀਤਾ ਜਾਂਦਾ, ਬਲਕਿ ਮੰਡੀ ਵਿੱਚ ਇਸ ਦੀ ਸਿੱਧੀ ਬੋਲੀ ਲਾਈ ਜਾਂਦੀ ਹੈ। ਜੇਕਰ ਮੰਗ ਜ਼ਿਆਦਾ ਹੈ ਤੇ ਸਪਲਾਈ ਘੱਟ ਤਾਂ ਸਬਜ਼ੀਆਂ ਦਾ ਭਾਅ ਅਸਮਾਨੀਂ ਚੜ੍ਹ ਜਾਂਦਾ ਹੈ, ਪਰ ਜੇਕਰ ਮੰਗ ਘੱਟ ਹੈ ਤੇ ਸਪਲਾਈ ਜ਼ਿਆਦਾ ਤਾਂ ਸਬਜ਼ੀਆਂ ਦੇ ਭਾਅ ਮੂਧੇ ਮੂੰਹ ਡਿੱਗ ਪੈਂਦੇ ਹਨ। ਇਹੋ ਹਾਲ ਇਸ ਵੇਲੇ ਖੀਰੇ ਦੀ ਫ਼ਸਲ ਦਾ ਹੋ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source:ABP Sanjha