ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ 90 ਫ਼ੀਸਦੀ ਕੰਬਾਈਨ ਨਾਲ ਕਰਨ ਤੋਂ ਬਾਅਦ ਰੀਪਰ ਨਾਲ ਕਣਕ ਦੇ 70-80 ਫ਼ੀਸਦੀ ਨਾੜ ਤੋਂ ਕਿਸਾਨਾਂ ਵੱਲੋਂ ਤੂੜੀ ਬਣਾ ਲਈ ਜਾਂਦੀ ਹੈ, ਜੋ ਪਸ਼ੂਆਂ ਲਈ ਚਾਰੇ ਵਜੋਂ, ਖੁੰਬਾਂ ਪੈਦਾ ਕਰਨ, ਗੱਤਾ ਅਤੇ ਕਾਗਜ਼ ਬਣਾਉਣ ਆਦਿ ਲਈ ਵਰਤੀ ਜਾਂਦੀ ਹੈ। ਰਸਾਣਿਕ ਖਾਦਾਂ ਦੀ ਵਰਤੋਂ ਵਧਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਫੂਕਣ ਕਾਰਨ, ਪੰਜਾਬ ਦੀ ਮਿੱਟੀ ਵਿੱਚ ਔਸਤਨ 0.02 ਤੋਂ 0.25 ਫ਼ੀਸਦੀ ਜੈਵਿਕ ਮਾਦਾ ਰਹਿ ਗਿਆ ਹੈ ਜਦੋਂਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਘੱਟੋ-ਘੱਟ 0.45 ਫ਼ੀਸਦੀ ਹੋਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਲਗਾਤਾਰ ਅਤੇ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਮਿੱਟੀ ਦੇ ਭੌਤਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਹੁਣ ਹਵਾ ਦੀ ਵੀ ਇਹੋ ਹਾਲਤ ਹੋ ਚੁੱਕੀ ਹੈ ਜਿਸ ਦਾ ਮੁੱਖ ਕਾਰਨ ਪੰਜਾਬ ਵਿੱਚ ਕਾਰਖਾਨਿਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਧੂੰਆਂ, ਸ਼ਹਿਰੀ ਰਹਿੰਦ-ਖੂੰਹਦ (ਕਚਰੇ) ਨੂੰ ਫੂਕਣਾ, ਕਣਕ , ਝੋਨੇ ਅਤੇ ਹੋਰ ਫਸਲਾਂ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਫੂਕਣਾ ਹੈ।
ਪੰਜਾਬ ਵਿੱਚ ਕਣਕ ਦੀ ਕਾਸ਼ਤ ਤਕਰੀਬਨ 35 ਲੱਖ ਹੈਕਟੇਅਰ ਅਤੇ ਝੋਨੇ ਦੀ ਤਕਰੀਬਨ 28 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਤਕਰੀਬਨ 24 ਮਿਲੀਅਨ ਟਨ ਪਰਾਲੀ/ਨਾੜ ਪੈਦਾ ਹੁੰਦੀ ਹੈ। ਕਣਕ ਦੇ 70-80 ਫ਼ੀਸਦੀ ਨਾੜ ਤੋਂ ਤੂੜੀ ਬਣਾ ਲਈ ਜਾਂਦੀ ਹੈ। ਕਣਕ ਦੀ ਕਟਾਈ ਅਤੇ ਨਾੜ ਤੋਂ ਤੂੜੀ ਬਣਾਉਣ ਉਪਰੰਤ ਖੇਤਾਂ ਵਿੱਚ ਕੁਝ ਉੱਪਰ ਬਚੇ ਮੁੱਢਾਂ ਨੂੰ ਕਿਸਾਨਾਂ ਵੱਲੋਂ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ ਜਿਸ ਨਾਲ ਖੇਤਾਂ ਵਿੱਚ ਕਈ ਮਿੱਤਰ ਕੀੜੇ, ਪੰਛੀ ਅਤੇ ਜਾਨਵਰ ਸੜ ਕੇ ਮਰ ਜਾਂਦੇ ਹਨ। ਇਸ ਦੌਰਾਨ ਧੂੰਏਂ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਜਾਂਦੀ ਹੈ। ਇੱਕ ਹੈਕਟੇਅਰ ਵਿੱਚੋਂ ਤਕਰੀਬਨ 45-50 ਕੁਇੰਟਲ ਨਾੜ ਨਿਕਲਦਾ ਹੈ। ਇੱਕ ਟਨ ਕਣਕ ਦੇ ਨਾੜ ਤੋਂ ਤਕਰੀਬਨ 4-5 ਕਿਲੋ ਨਾਈਟ੍ਰੋਜਨ, 2 ਤੋਂ 3 ਕਿਲੋ ਫਾਸਫੋਰਸ ਤੇ 12-20 ਕਿਲੋ ਪੋਟਾਸ਼ ਪ੍ਰਾਪਤ ਹੁੰਦੀ ਹੈ।
ਨਾੜ ਨੂੰ ਅੱਗ ਲਗਾ ਕੇ ਫੂਕਣ ਨਾਲ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਤੇ ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ ਜਿਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੁੰਦਾ ਹੈ। ਗੈਸਾਂ ਦੇ ਵਾਤਾਵਰਨ ਵਿੱਚ ਮਿਲਣ ਕਾਰਨ ਮੌਸਮੀ ਤਬਦੀਲੀਆਂ ਆਉਣ ਦੀ ਗਤੀ ਵਧ ਜਾਂਦੀ ਹੈ। ਵਾਤਾਵਰਨ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ, ਜਿਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ 2050 ਤਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀਗ੍ਰੇਡ ਅਤੇ 2080 ਤਕ 4.5 ਡਿਗਰੀ ਸੈਂਟੀਗ੍ਰੇਡ ਵਧ ਜਾਵੇਗਾ। ਏਸ਼ੀਆ ਵਿੱਚ ਜੇ ਜਲਵਾਯੂ/ਮੌਸਮੀ ਤਬਦੀਲੀਆਂ ਨੂੰ ਰੋਕਿਆ ਨਾ ਗਿਆ ਤਾਂ ਖੇਤੀ ਪ੍ਰਣਾਲੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ। ਇਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ। ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਵਿੱਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ। ਇਸੇ ਤਰ੍ਹਾਂ ਤਾਪਮਾਨ ਵਿੱਚ ਸਿਰਫ਼ 0.5 ਡਿਗਰੀ ਸੈਂਟੀਗ੍ਰੇਡ ਦੇ ਵਾਧੇ ਕਾਰਨ ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦਾ ਝਾੜ 10 ਫ਼ੀਸਦੀ ਤੱਕ ਘਟ ਸਕਦਾ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਕਣਕ ਦਾ ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਘਟਣ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਨਾੜ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ’ਚ ਸਾਹ ਲੈਣ ਵਿੱਚ ਤਕਲੀਫ, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ ’ਚ ਨੁਕਸ, ਅੱਖਾਂ ’ਚ ਜਲਣ, ਚਮੜੀ ’ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਡਾਕਟਰਾਂ ਅਨੁਸਾਰ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਅਤੇ ਝੋਨੇ ਦੀ ਪਰਾਲੀ ਸਾੜਣ ਨਾਲ ਅੱਖਾਂ ਦੀ ਜਲਣ ਅਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜ ਕੇ ਨਸ਼ਟ ਹੋ ਜਾਂਦੇ ਹਨ। ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨ੍ਹਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖ਼ਤਮ ਹੋ ਜਾਂਦੇ ਹਨ।
ਇਸ ਲਈ ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਅਤੇ ਹਰੀ ਖਾਦ ਕਰਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਦੀ ਤੂੜੀ ਬਣਾਉਣ ਤੋਂ ਬਾਅਦ ਬਹੁਤ ਘੱਟ ਨਾੜ ਖੇਤ ਵਿੱਚ ਬਚਦਾ ਹੈ। ਤੂੜੀ ਬਣਾਉਣ ਉਪਰੰਤ ਬਚੇ ਨਾੜ ਉੱਪਰ ਸੁਹਾਗਾ ਮਾਰ ਦੇਣਾ ਚਾਹੀਦਾ ਹੈ। ਪਾਣੀ ਲਾਉਣ ਉਪਰੰਤ ਵੱਤਰ ਆਉਣ ’ਤੇ ਤਵੀਆਂ ਜਾਂ ਰੋਟਾਵੇਟਰ ਨਾਲ ਵਾਹ ਕੇ ਅਤੇ 35 ਕਿਲੋ ਪ੍ਰਤੀ ਏਕੜ ਯੂਰੀਆ ਪਾ ਕੇ ਨਾੜ ਨੂੰ ਖੇਤ ਵਿੱਚ ਦਬਾ ਦੇਣਾ ਚਾਹੀਦਾ। ਝੋਨਾ ਲਗਾਉਣ ਤੋਂ ਪਹਿਲਾਂ 2-3 ਪਾਣੀ ਲੱਗਣ ਨਾਲ ਸਾਰਾ ਨਾੜ ਗਲ ਜਾਵੇਗਾ। ਜ਼ਮੀਨ ਦੀ ਸਿਹਤ ਸੁਧਾਰ ਅਤੇ ਨਾੜ ਨੂੰ ਖੇਤ ਵਿੱਚ ਗਾਲਣ ਲਈ ਹਰੀ ਖਾਦ ਉਗਾਈ ਜਾ ਸਕਦੀ ਹੈ। ਇਸ ਮੰਤਵ ਲਈ 20 ਕਿਲੋ ਜੰਤਰ ਜਾਂ ਸਣ ਦਾ ਬੀਜ ਪ੍ਰਤੀ ਏਕੜ ਬੀਜ ਦੇਣਾ ਚਾਹੀਦਾ। ਹਰੀ ਖਾਦ ਵਾਲੀ ਫ਼ਸਲ ਦੇ ਵਾਧੇ ਦੇ ਨਾਲ-ਨਾਲ ਨਦੀਨਾਂ ਦੇ ਬੀਜ ਵੀ ਉੱਗ ਪੈਂਦੇ ਹਨ। ਇਸ ਤਰ੍ਹਾਂ ਝੋਨੇ ਦੀ ਲਵਾਈ ਤੋਂ 1-2 ਦਿਨ ਪਹਿਲਾਂ ਖੇਤ ਵਿੱਚ ਜੰਤਰ ਨੂੰ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ ਹਰੀ ਖਾਦ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਝੋਨਾ ਲਾਉਣ ਤੋਂ ਪਹਿਲਾਂ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਜਿਹਾ ਕਰਨ ਨਾਲ ਨਾ ਸਿਰਫ਼ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕੇਗਾ। ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਨ ਨੂੰ ਖ਼ਰਾਬ ਹੋਣ ਤੋਂ ਬਚਾਈਏ। ਖੇਤ ਵਿੱਚ ਮੂੰਗੀ ਦੀ ਕਾਸ਼ਤ ਕਰਕੇ ਜਿੱਥੇ ਜ਼ਮੀਨ ਦਾ ਸਿਹਤ ਸੁਧਾਰੀ ਜਾ ਸਕਦੀ ਹੈ ਉੱਥੇ ਹੀ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Punjabi Tribune