ਮੌਸਮ ਅਨੁਕੂਲ ਰਿਹਾ ਤਾਂ ਨਰਮੇ ਦੀ ਹੋਵੇਗੀ ਭਰਪੂਰ ਪੈਦਾਵਾਰ

August 01 2017

By: Ajit Date: 01 August 2017

ਮਾਨਸਾ 1 ਅਗਸਤ -ਜੇਕਰ ਕੁਦਰਤ ਮਿਹਰਬਾਨ ਰਹੀ ਤਾਂ ਇਸ ਸਾਲ ਵੀ ਨਰਮੇ ਦੀ ਭਰਪੂਰ ਪੈਦਾਵਾਰ ਹੋ ਸਕਦੀ ਹੈ | ਇਸ ਨਾਲ ਜਿੱਥੇ ਕਿਸਾਨਾਂ ਸਿਰ ਟਿਕੀ ਕਰਜ਼ੇ ਪੰਡ ਕੁਝ ਹਲਕੀ ਹੋ ਸਕੇਗੀ, ਉੱਥੇ ਇਸ ਫ਼ਸਲ 'ਤੇ ਨਿਰਭਰ ਬਹੁ-ਗਿਣਤੀ ਮਜ਼ਦੂਰ ਤੇ ਵਪਾਰੀ ਵੀ ਕੁਝ ਸੁਖ ਦਾ ਸਾਹ ਲੈ ਸਕਣਗੇ | ਪਿਛਲੇ ਸਾਲ ਚੰਗਾ ਝਾੜ ਤੇ ਭਾਅ ਮਿਲਣ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਨੇ ਇਸ ਵਾਰ ਨਰਮੇ ਹੇਠ ਵਧ ਰਕਬਾ ਲਿਆਂਦਾ ਹੈ | ਜਾਣਕਾਰੀ ਅਨੁਸਾਰ ਇਸ ਵਾਰ ਨਰਮੇ ਹੇਠ ਤਕਰੀਬਨ 3.82 ਲੱਖ ਹੈੱਕਟੇਅਰ ਰਕਬਾ ਹੈ ਜਦਕਿ ਪਿਛਲੇ ਸਾਲ 2.56 ਲੱਖ ਹੈੱਕਟੇਅਰ ਰਕਬਾ ਸੀ | ਮਾਨਸਾ ਜ਼ਿਲ੍ਹੇ 'ਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 19 ਹਜ਼ਾਰ ਹੈੱਕਟੇਅਰ ਰਕਬੇ 'ਚ ਨਰਮੇ ਦਾ ਵਾਧਾ ਦਰਜ ਕੀਤਾ ਗਿਆ ਹੈ | ਮੌਸਮ ਮਾਹਰਾਂ ਦੀ ਭਰਪੂਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਬਾਵਜੂਦ ਮਾਲਵਾ ਖੇਤਰ 'ਚ ਅਜੇ ਤੱਕ ਮੌਨਸੂਨ ਨਹੀਂ ਪਹੁੰਚੀ, ਜਿਸ ਕਾਰਨ ਨਰਮੇ ਦੀ ਫ਼ਸਲ ਨੰੂ ਔੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਣੀ ਦੀ ਕਮੀ ਹੋਣ ਕਾਰਨ ਕਈ ਥਾਵਾਂ 'ਤੇ ਨਰਮਾ ਸੱੁਕਣ ਵੀ ਲੱਗ ਪਿਆ ਹੈ | ਮਜਬੂਰੀ ਵੱਸ ਕਿਸਾਨ ਧਰਤੀ ਹੇਠਲਾ ਖਾਰਾ ਤੇ ਲੂਣ ਵਾਲਾ ਪਾਣੀ ਲਾ ਰਹੇ ਹਨ, ਜਿਸ ਦਾ ਉਲਟਾ ਅਸਰ ਵੇਖਣ ਨੰੂ ਮਿਲ ਰਿਹਾ ਹੈ | ਭਾਵੇਂ ਅੱਜ ਖ਼ਬਰ ਲਿਖਣ ਸਮੇਂ ਕਿਤੇ-ਕਿਤੇ ਟੁੱਟਵਾਂ ਮੀਂਹ ਪੈਣ ਦੀਆਂ ਖ਼ਬਰਾਂ ਵੀ ਹਨ ਪਰ ਹਾਲੇ ਵੀ ਤੇਜ਼ ਮੀਂਹ ਦੀ ਜ਼ਰੂਰਤ ਹੈ | ਗੁਰਮੀਤ ਸਿੰਘ ਬੱੁਟਰ ਵਧੀਕ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਨਰਮਾ ਕਾਸ਼ਤਕਾਰ ਔੜ ਦਾ ਸਾਹਮਣਾ ਕਰ ਰਹੇ ਹਨ | ਹੁਣ ਤੇਜ਼ ਮੀਂਹ ਦੀ ਜ਼ਰੂਰਤ ਹੈ | ਇਸ ਨਾਲ ਜਿੱਥੇ ਚਿੱਟਾ ਮੱਛਰ ਮਰ ਜਾਵੇਗਾ, ਉੱਥੇ ਨਰਮੇ ਨੰੂ ਫੱੁਲ ਬੂਕੀ ਵੀ ਵਧੇਰੇ ਲੱਗੇਗੀ | ਉਨ੍ਹਾਂ ਕਿਹਾ ਕਿ ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਮਾਮੂਲੀ (2-3 ਪ੍ਰਤੀ ਪੱਤਾ) ਹੈ ਜਦਕਿ 6 ਤੋਂ ਵਧੇਰੇ ਹੋਣ 'ਤੇ ਖ਼ਤਰਾ ਪੈਦਾ ਹੰੁਦਾ ਹੈ | ਉਨ੍ਹਾਂ ਕਿਸਾਨਾਂ ਨੰੂ ਸਲਾਹ ਦਿੱਤੀ ਕਿ ਉਹ ਖੇਤੀ ਮਾਹਰਾਂ ਦੀ ਰਾਇ ਅਨੁਸਾਰ ਹੀ ਕੀਟਨਾਸ਼ਕਾਂ ਦਾ ਛਿੜਕਾਅ ਕਰਨ | ਡਾ: ਗੁਰਾਦਿਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੇ ਦੱਸਿਆ ਕਿ ਨਰਮੇ 'ਤੇ ਤੇਲੇ ਦਾ ਹਮਲਾ ਤਾਂ ਜ਼ਰੂਰ ਹੈ ਪਰ ਇਹ ਮਾਮੂਲੀ ਹੈ | ਉਨ੍ਹਾਂ ਕਿਸਾਨਾਂ ਨੰੂ ਚੌਕਸ ਰਹਿਣ ਦੀ ਸਲਾਹ ਦਿੱਤੀ | ਉਨ੍ਹਾਂ ਦਾਅਵਾ ਕੀਤਾ ਕਿ 27 ਜੁਲਾਈ ਤੋਂ 35 ਟੀਮਾਂ ਬਣ ਕੇ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਕੈਂਪ ਲਗਾ ਲਏ ਗਏ ਹਨ ਅਤੇ ਦੂਸਰੇ ਦੌਰ ਦੇ ਕੈਂਪ 3 ਅਗਸਤ ਤੋਂ ਸ਼ੁਰੂ ਕੀਤੇ ਜਾਣਗੇ | ਦੂਸਰੇ ਪਾਸੇ ਕਿਸਾਨਾਂ ਦਾ ਦੋਸ਼ ਹੈ ਕਿ ਖੇਤੀਬਾੜੀ ਮਹਿਕਮਾ ਕੁਝ ਕਰਨ ਦੀ ਬਜਾਏ ਦਾਅਵੇ ਵੱਡੇ ਕਰਦਾ ਹੈ | ਉਨ੍ਹਾਂ ਕਿਹਾ ਕਿ ਹਾਲੇ ਤੱਕ ਬਹੁਤ ਸਾਰੇ ਪਿੰਡਾਂ ਵਿਚ ਖੇਤੀ ਮਾਹਰ ਨਜ਼ਰ ਹੀ ਨਹੀਂ ਆ ਰਹੇ ਅਤੇ ਕਿਸਾਨਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਸਮੇਂ ਸਿਰ ਕਿਹੜੀ ਰੇਹ, ਸਪਰੇਅ ਆਦਿ ਦੀ ਵਰਤੋਂ ਕਰਨੀ ਹੈ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।