ਗੁਰਦਾਸਪੁਰ : ਜਿਸ ਤਰ੍ਹਾਂ ਸਬਜ਼ੀਆਂ ਦਾ ਮੰਡੀਆਂ ਚ ਹਾਲ ਹੋ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ਚ ਲੱਗਦਾ ਹੈ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਸ ਪਾਸਿਓਂ ਮੂੰਹ ਮੋੜਨ ਲੱਗੇ ਹਨ। ਹਾਲਾਤ ਇਹ ਹਨ ਕਿ ਖੇਤਾਂ ਵਿਚ ਸਬਜ਼ੀ ਤੋੜ ਕੇ ਮੰਡੀ ਚ ਭੇਜ ਕੇ ਜਿਹੜਾ ਖ਼ਰਚ ਆ ਰਿਹਾ ਹੈ, ਓਨੇ ਪੈਸਿਆਂ ਚ ਵੀ ਸਬਜ਼ੀ ਵਿਕ ਨਹੀਂ ਰਹੀ, ਜਿਸ ਕਾਰਨ ਇਸ ਵਾਰ ਲੱਗਦਾ ਹੈ ਕਿ ਜਿਹੜੇ ਕਿਸਾਨਾਂ ਨੇ ਜਿੰਨੀ ਜ਼ਿਆਦਾ ਸਬਜ਼ੀ ਦੀ ਕਾਸ਼ਤ ਕੀਤੀ ਹੋਵੇਗੀ, ਉਸ ਨੂੰ ਓਨਾ ਹੀ ਜ਼ਿਆਦਾ ਨੁਕਸਾਨ ਝੱਲਣਾ ਹੋਵੇਗਾ। ਜ਼ਿਲਾ ਗੁਰਦਾਸਪੁਰ ਚ ਡੇਰਾ ਬਾਬਾ ਨਾਨਕ ਸਬਜ਼ੀ ਉਤਪਾਦਨ ਲਈ ਬਹੁਤ ਪ੍ਰਸਿੱਧ ਹੈ ਪਰ ਸਬਜ਼ੀ ਦੀ ਸਪਲਾਈ ਜ਼ਿਆਦਾ ਹੈ ਜਦਕਿ ਮੰਗ ਬਹੁਤ ਘੱਟ ਹੈ ਜੋ ਮੰਡੀ ਦਾ ਮੁੱਖ ਕਾਰਨ ਹੈ। ਸਬੰਧਤ ਵਿਭਾਗ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਪ੍ਰੇਰਿਤ ਜ਼ਰੂਰ ਕਰਦੇ ਹਨ ਪਰ ਮੌਜੂਦਾ ਹਾਲਾਤ ਨਾਲ ਕਿਵੇਂ ਨਿਪਟਿਆ ਜਾਵੇ, ਇਸ ਸਬੰਧੀ ਚੁੱਪੀ ਧਾਰ ਲੈਂਦੇ ਹਨ।
ਕੀ ਕਾਰਨ ਹੈ ਸਬਜ਼ੀਆਂ ਦੀ ਭਾਰੀ ਮੰਦੀ ਦਾ
ਇਸ ਸਬੰਧੀ ਜਦੋਂ ਖੇਤੀ ਮਾਹਿਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਸਬਜ਼ੀਆਂ ਦੀ ਫ਼ਸਲ ਹਰ ਸ਼ਹਿਰ ਵਿਚ ਬਹੁਤ ਜ਼ਿਆਦਾ ਹੋਈ ਹੈ ਅਤੇ ਪੰਜਾਬ ਚ ਵੀ ਜੋ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲੋਕ ਆ ਕੇ ਜ਼ਮੀਨਾਂ ਠੇਕੇ ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਉਨ੍ਹਾਂ ਦੀ ਮਿਹਨਤ ਨਾਲ ਵੀ ਪੰਜਾਬ ਚ ਸਬਜ਼ੀਆਂ ਦੀ ਪੈਦਾਵਾਰ ਬਹੁਤ ਜ਼ਿਆਦਾ ਹੋਈ ਹੈ। ਇਸ ਵਾਰ ਟਮਾਟਰ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਰਿਕਾਰਡ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਕਿਸਾਨ ਨੂੰ ਖੇਤਾਂ ਵਿਚੋਂ ਟਮਾਟਰ ਤੋੜਨ ਸਮੇਤ ਮੰਡੀ ਚ ਪਹੁੰਚਾਉਣ ਤੇ ਜੋ ਖਰਚ ਆਉਂਦਾ ਹੈ, ਉਸ ਤੋਂ ਘੱਟ ਉਸ ਨੂੰ ਮੰਡੀ ਵਿਚੋਂ ਪੈਸਾ ਮਿਲਦਾ ਹੈ, ਜਿਸ ਕਾਰਨ ਕਿਸਾਨ ਮੁਸ਼ਕਲ ਚ ਹਨ। ਟਮਾਟਰ ਸਬਜ਼ੀ ਮੰਡੀ ਚ 4 ਤੋਂ 5 ਰੁਪਏ ਪ੍ਰਤੀ ਕਿਲੋ ਵਿਕਦਾ ਹੈ ਜਦਕਿ ਖੁੱਲ੍ਹੀ ਮਾਰਕੀਟ ਚ 10 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਹੀ ਹਾਲਤ ਮਿਰਚ, ਕਰੇਲਾ, ਕਾਲੀਤੋਰੀ, ਹਲਵਾ, ਕੱਦੂ ਆਦਿ ਦੀ ਹੈ। ਇਹ ਸਾਰੀਆਂ ਸਬਜ਼ੀਆਂ 5 ਤੋਂ 10 ਰੁਪਏ ਪ੍ਰਤੀ ਕਿਲੋ ਵਿਕ ਰਹੀਆਂ ਹਨ।
ਲੇਬਰ ਕਈ ਗੁਣਾਂ ਵਧੀ, ਜਦਕਿ ਸਬਜ਼ੀਆਂ ਦੇ ਰੇਟ 1985 ਵਾਲੇ
ਸਬਜ਼ੀ ਉਤਪਾਦਕ ਕਿਸਾਨਾਂ ਨੂੰ ਇਸ ਗੱਲ ਦੀ ਮਾਰ ਵੀ ਪੈ ਰਹੀ ਹੈ ਕਿ ਇਸ ਸਮੇਂ ਜੋ ਰੇਟ ਸਬਜ਼ੀਆਂ ਦੇ ਹਨ, ਇਹ ਸਾਲ 1985 ਚ ਵੀ ਸਨ। ਉਦੋਂ ਵੀ ਹਰ ਸਬਜ਼ੀ 5 ਤੋਂ 10 ਰੁਪਏ ਪ੍ਰਤੀ ਕਿਲੋ ਬਾਜ਼ਾਰ ਚ ਵਿਕਦੀ ਸੀ ਜਦਕਿ ਅੱਜ ਲਗਭਗ 33 ਸਾਲ ਬਾਅਦ 2018 ਚ ਵੀ ਸਬਜ਼ੀਆਂ ਦੇ ਰੇਟ ਸਾਲ 1985 ਵਾਲੇ ਹੀ ਹਨ। ਉਸ ਸਮੇਂ ਖੇਤਾਂ ਚ ਮਜ਼ਦੂਰੀ ਦਾ ਰੇਟ 10 ਰੁਪਏ ਪ੍ਰਤੀ ਦਿਨ ਸੀ ਜਦਕਿ ਇਸ ਸਮੇਂ ਮਜ਼ਦੂਰੀ ਦਾ ਰੇਟ 350 ਰੁਪਏ ਤੋਂ ਵੀ ਜ਼ਿਆਦਾ ਹੈ ਅਤੇ ਨਾਲ ਹੀ 2 ਵੇਲੇ ਦੀ ਚਾਹ ਅਤੇ ਦੁਪਹਿਰ ਦੀ ਰੋਟੀ ਵੀ ਦੇਣੀ ਪੈਂਦੀ ਹੈ, ਜਿਸ ਕਾਰਨ ਸਬਜ਼ੀ ਉਤਪਾਦਕ ਅੱਗੇ ਤੋਂ ਸਬਜ਼ੀਆਂ ਦੀ ਪੈਦਾਵਾਰ ਤੋਂ ਮੂੰਹ ਮੋੜਦੇ ਦਿਖਾਈ ਦੇ ਰਹੇ ਹਨ। ਸਬਜ਼ੀਆਂ ਦੇ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸੇ ਵੀ ਸਬਜ਼ੀ ਦਾ ਘੱਟੋ-ਘੱਟ ਮੁੱਲ ਨਿਰਧਾਰਿਤ ਨਹੀਂ ਕੀਤਾ, ਜਿਸ ਕਾਰਨ ਸਾਨੂੰ ਇਸ ਸਾਲ ਸਬਜ਼ੀਆਂ ਬਾਜ਼ਾਰ ਚ ਲਿਆਉਣ ਦੀ ਬਜਾਏ ਖੇਤਾਂ ਚ ਨਸ਼ਟ ਕਰਨ ਤੇ ਲਾਗਤ ਘੱਟ ਆਉਂਦੀ ਹੈ।
ਉੱਤਰ ਪ੍ਰਦੇਸ਼, ਬਿਹਾਰ ਤੇ ਹਰਿਆਣਾ ਤੋਂ ਕਾਫੀ ਗਿਣਤੀ ਚ ਇਕ ਵਿਸ਼ੇਸ਼ ਫਿਰਕੇ ਦੇ ਲੋਕ ਪੰਜਾਬ ਚ ਆ ਕੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਠੇਕੇ ਤੇ ਲੈ ਕੇ ਜਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਬਹੁਤ ਜ਼ਿਆਦਾ ਮਾਤਰਾ ਚ ਤਰਬੂਜ਼, ਖਰਬੂਜਾ, ਖੀਰਾ, ਤਰ, ਹਲਵਾ ਕੱਦੂ, ਟਮਾਟਰ ਆਦਿ ਦੀ ਕਾਸ਼ਤ ਕਰਦੇ ਹਨ। ਉਹ ਆਪਣੇ ਰਾਜਾਂ ਤੋਂ ਹੀ ਬਹੁਤ ਹਲਕੀ ਕੁਆਲਟੀ ਦਾ ਬੀਜ ਲਿਆ ਕੇ ਪੰਜਾਬ ਚ ਕਾਸ਼ਤ ਕਰਦੇ ਹਨ, ਜੋ ਪੈਦਾਵਾਰ ਹੁੰਦੀ ਹੈ, ਉਹ ਸਵਾਦ ਵਿਚ ਬਹੁਤ ਹੀ ਬੇਕਾਰ ਹੁੰਦੀ ਹੈ ਪਰ ਉਨ੍ਹਾਂ ਦੀ ਲਾਗਤ ਘੱਟ ਆਉਣ ਕਾਰਨ ਉਹ ਸਬਜ਼ੀਆਂ ਅਤੇ ਕੁਝ ਫਲਾਂ ਨੂੰ ਬਹੁਤ ਸਸਤੇ ਰੇਟ ਵਿਚ ਵੇਚ ਕੇ ਪੰਜਾਬ ਦੀ ਸਬਜ਼ੀ ਤੇ ਫਲ ਮਾਰਕੀਟ ਖਰਾਬ ਕਰਦੇ ਹਨ। ਇਨ੍ਹਾਂ ਤੇ ਰੋਕ ਲਾਉਣ ਵਾਲਾ ਕੋਈ ਵਿਭਾਗ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਦੀ ਪ੍ਰਵਾਹ ਕਰਦੇ ਹਨ। ਇਥੋਂ ਤੱਕ ਕਿ ਪੁਲਸ ਦੇ ਕੋਲ ਵੀ ਆਪਣੇ ਪੰਜਾਬ ਆਉਣ ਦੀ ਜਾਣਕਾਰੀ ਤੱਕ ਨਹੀਂ ਦਿੰਦੇ।
ਸਾਨੂੰ ਆਧੁਨਿਕ ਤਕਨੀਕ ਦੇ ਬੀਜ ਤੇ ਨਵੀਆਂ ਸਬਜ਼ੀਆਂ ਵੱਲ ਧਿਆਨ ਦੇਣਾ ਚਾਹੀਦੈ : ਬਹਿਲ
ਮੌਜੂਦਾ ਸਮੇਂ ਚ ਸਬਜ਼ੀਆਂ ਕਾਸ਼ਤ ਕਰਨ ਵਾਲੇ ਕਿਸਾਨਾਂ ਸਬੰਧੀ ਜ਼ਿਲਾ ਗੁਰਦਾਸਪੁਰ ਦੇ ਪ੍ਰਮੁੱਖ ਉਤਪਾਦਕ ਹਨੀ ਬਹਿਲ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਹੱਦ ਤੱਕ ਕਿਸਾਨ ਖੁਦ ਇਸ ਲਈ ਜ਼ਿੰਮੇਵਾਰ ਹਨ। ਕਿਸਾਨ ਅਜੇ ਵੀ ਪੁਰਾਣੀ ਪੰ੍ਰਪਰਾ ਤੇ ਸਬਜ਼ੀਆਂ ਦਾ ਕੰਮ ਕਰ ਰਿਹਾ ਹੈ ਜਦਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਸਾਨੂੰ ਆਧੁਨਿਕ ਤਕਨੀਕ ਦੇ ਬੀਜ ਤੇ ਨਵੀਆਂ ਸਬਜ਼ੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇੰਗਲਿਸ਼ ਸਬਜ਼ੀਆਂ ਵੱਲ ਧਿਆਨ ਦੇਣ। ਜ਼ਿਲਾ ਗੁਰਦਾਸਪੁਰ ਦਾ ਮੌਸਮ ਅਜਿਹਾ ਹੈ ਕਿ ਇੰਗਲਿਸ਼ ਸਬਜ਼ੀਆਂ ਦੀ ਕਾਸ਼ਤ ਬਹੁਤ ਵਧੀਆ ਨਤੀਜਾ ਤੇ ਆਮਦਨ ਦੇ ਸਕਦੀ ਹੈ। ਸਾਧਾਰਨ ਮਿਰਚ ਬਾਜ਼ਾਰ ਚ 10 ਰੁਪਏ ਕਿਲੋ ਵਿਕਦੀ ਹੈ ਜਦਕਿ ਇੰਗਲਿਸ਼ ਮਿਰਚ ਬਾਜ਼ਾਰ ਵਿਚ 25 ਤੋਂ 30 ਰੁਪਏ ਕਿਲੋ ਤੱਕ ਮਿਲਦੀ ਹੈ ਅਤੇ ਮੰਗ ਵੀ ਜ਼ਿਆਦਾ ਹੈ। ਇਸ ਤਰ੍ਹਾਂ ਬ੍ਰੋਕਲੀ, ਸਲਾਦ ਪੱਤਾ ਆਦਿ ਵੀ ਕਾਫੀ ਲਾਭਦਾਇਕ ਹੈ, ਜਿਸ ਤਰ੍ਹਾਂ ਮਜ਼ਦੂਰੀ ਦੇ ਰੇਟ ਵੱਧ ਰਹੇ ਹਨ, ਸਾਨੂੰ ਵੀ ਆਧੁਨਿਕ ਢੰਗ ਅਪਣਾ ਕੇ ਆਪਣੇ ਖਰਚ ਘੱਟ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਨਵੀਂ ਤਕਨੀਕ ਅਪਣਾ ਕੇ ਹੀ ਬਚ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Punjab Kesari