ਪੰਜਾਬ ਵਿੱਚ ਦੁੱਧ ਦੇ ਮਿਆਰ ਵਿੱਚ ਸੁਧਾਰ ਲਈ ਸਰਕਾਰ ਨੇ ਕਈ ਯੋਜਨਾਵਾਂ ਉਲੀਕੀਆਂ ਹਨ। ਮਿਆਰੀ ਦੁੱਧ ਦੀ ਸਪਲਾਈ ਕਰਨ ਵਾਸਤੇ ਪਸ਼ੂਆਂ ਦੀ ਸਹੀ ਨਸਲ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਵੀ ਉਲੀਕੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਦੁੱਧ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਵੇਲੇ ਪੰਜਾਬ ਵਿੱਚ ਦੁੱਧ ਦੀ ਉਪਲੱਬਧਤਾ ਪ੍ਰਤੀ ਵਿਅਕਤੀ ਕਰੀਬ 1035 ਮਿਲੀਲੀਟਰ ਹੈ ਜਿਹੜੀ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਵਧੀਆ ਹੈ। ਇਸ ਉਪਲੱਬਧਤਾ ਦੇ ਨਾਲ ਪੰਜਾਬ ਹੋਰਨਾਂ ਰਾਜਾਂ ਨੂੰ ਵੀ ਦੁੱਧ ਸਪਲਾਈ ਕਰਨ ਦੀ ਸਥਿਤੀ ਵਿੱਚ ਹੈ। ਜਦੋਂ ਨਵੀਂ ਯੋਜਨਾ ਸ਼ੁਰੂ ਹੁੰਦੀ ਹੈ ਤਾਂ ਪੰਜਾਬ ਵਿੱਚ ਦੁੱਧ ਦੀ ਉਪਲੱਬਧਤਾ ਕਈ ਗੁਣਾ ਵੱਧ ਜਾਂਦੀ ਹੈ। ਡੇਅਰੀ ਵਿਕਾਸ ਬੋਰਡ ਦੇ ਸੂਤਰ ਦੱਸਦੇ ਹਨ ਕਿ ਚੰਗੀ ਨਸਲ ਦੀਆਂ ਤੰਦਰੁਸਤ ਮੱਝਾਂ ਅਤੇ ਗਊਆਂ ਦੀ ਗਿਣਤੀ ਵਧਾਉਣ ਲਈ ਰਾਜ ਭਰ ਵਿੱਚ ਪਸ਼ੂ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਨਸਲ ਦੇ ਪਸ਼ੂਆਂ ਨੂੰ ਸ਼ੈੱਡਾਂ ਵਿੱਚ ਰੱਖਿਆ ਜਾਂਦਾ ਹੈ। ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂਆਂ ਦੇ ਨਸਲ ਸੁਧਾਰ ਰਾਹੀਂ ਦੁੱਧ ਦੀ ਪੈਦਾਵਾਰ ਵਧਾਉਣ ਲਈ ਵੀ ੳਪਰਾਲੇ ਕਰ ਰਹੀ ਹੈ ਜਿਸ ਤਹਿਤ ਕਈ ਥਾਵਾਂ ’ਤੇ ਪਸ਼ੂ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਡੇਅਰ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪ੍ਰਤੀ ਮੱਝ ਰੋਜ਼ਾਨਾ ਔਸਤ ਸਿਰਫ 9.98 ਲੀਟਰ ਅਤੇ ਪ੍ਰਤੀ ਗਾਂ 12.68 ਲੀਟਰ ਦੁੱਧ ਦੇ ਰਹੀਆਂ। ਨਵੀਆਂ ਤਕਨੀਕਾਂ ਅਪਣਾ ਕੇ ਇਹ ਸਮਰੱਥਾ ਵਧਾਈ ਜਾ ਸਕਦੀ ਹੈ। ਖ਼ਪਤਕਾਰਾਂ ਨੂੰ ਦੁੱਧ ਦੇ ਮਿਆਰ ਸਬੰਧੀ ਜਾਗਰੂਕ ਕਰਨ ਲਈ ਕੈਂਪ ਵੀ ਲਾਏ ਜਾਂਦੇ ਹਨ, ਜਿਨ੍ਹਾਂ ਵਿੱਚ ਦੁੱਧ ਦੇ ਸੈਂਪਲਾਂ ਦੀ ਜਾਂਚ ਕਰ ਕੇ ਦੁੱਧ ਦੇ ਮਿਆਰ ਤੇ ਉਸ ਵਿੱਚ ਮਿਲਾਵਟ ਪ੍ਰਤੀ ਖ਼ਪਤਕਾਰਾਂ ਨੂੰ ਜਾਣੂ ਕਰਾਇਆ ਜਾਂਦਾ ਹੈ। ਡਿਪਟੀ ਡਾਇਰੈਕਟਰ ਕਰਨਾਲ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਉਪਰਾਲਾ ਹੈ ਕਿ ਦੇਸੀ ਨਸਲ ਦੀਆਂ ਗਊਆਂ ਅਤੇ ਮੱਝਾਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ। ਇਸ ਸਬੰਧੀ ਸੂਬੇ ਵਿੱਚ ਤਕਰੀਬਨ 1000 ਦੇ ਕਰੀਬ ਪਸ਼ੂਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ 60 ਫੁੱਟ ਚੌੜੇ ਅਤੇ 70 ਫੁੱਟ ਲੰਬੇ ਸ਼ੈੱਡ ਸਥਾਪਤ ਕੀਤੇ ਗਏ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Punjabi Tribune