ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਮੁਕੰਮਲ ਕਰਜ਼ਾ-ਮੁਕਤੀ ਅਤੇ ਖਾਲੀ ਚੈੱਕਾਂ ਦੀ ਵਾਪਸੀ ਸਮੇਤ ਭਖ਼ਦੇ ਮਸਲਿਆਂ ’ਤੇ ਬੈਂਕਾਂ ਅੱਗੇ ਕਿਸਾਨਾਂ ਦੇ ਧਰਨੇ ਦੂਜੇ ਦਿਨ ਵੀ ਜਾਰੀ ਰਹੇ। ਕਈ ਥਾਈਂ ਹਲਕੇ ਮੀਂਹ ਅਤੇ ਸੰਘਣੀ ਧੁੰਦ ਨਾਲ ਕੜਾਕੇ ਦੀ ਠੰਢ ’ਚ ਵੀ ਕਿਸਾਨ ਰਾਤ ਭਰ ਬੈਂਕਾਂ ਅੱਗੇ ਡਟੇ ਰਹੇ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਕ ਬਿਆਨ ’ਚ ਦੱਸਿਆ ਕਿ ਪਹਿਲੀ ਜਨਵਰੀ ਤੋਂ ਜਾਰੀ ਧਰਨਿਆਂ ਤਹਿਤ ਕਿਸਾਨ ਸੰਗਰੂਰ, ਪਟਿਆਲਾ ਅਤੇ ਬਰਨਾਲਾ ਵਿਚ ਸਟੇਟ ਬੈਂਕ ਆਫ਼ ਇੰਡੀਆ ਦੀਆਂ ਸ਼ਖਾਵਾਂ ਅੱਗੇ, ਬਠਿੰਡਾ, ਮੁਕਤਸਰ, ਫ਼ਰੀਦਕੋਟ, ਜ਼ੀਰਾ (ਫੀਰੋਜ਼ਪੁਰ) ਤੇ ਜਲਾਲਾਬਾਦ (ਫ਼ਾਜ਼ਿਲਕਾ), ਅਜਨਾਲਾ (ਅੰਮ੍ਰਿਤਸਰ) ਵਿਚ ਖੇਤੀ ਵਿਕਾਸ ਬੈਂਕ ਦੀਆਂ ਸ਼ਾਖਾਵਾਂ ਦੇ ਗੇਟਾਂ ਮੂਹਰੇ, ਮੋਗਾ ਅਤੇ ਕਾਲਾ ਅਫ਼ਗਾਨਾ (ਗੁਰਦਾਸਪੁਰ) ਵਿਚ ਪੰਜਾਬ ਐਂਡ ਸਿੰਧ ਬੈਂਕ ਦੀਆਂ ਸ਼ਾਖ਼ਾਵਾਂ ਅੱਗੇ ਤੇ ਮਾਨਸਾ ਵਿਚ ਜ਼ਿਲ੍ਹਾ ਸਹਿਕਾਰੀ ਬੈਂਕਾਂ ਅੱਗੇ ਬੈਠੇ ਹਨ। ਕਿਸਾਨਾਂ ਦੇ ਇਕੱਠਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ, ਸ਼ਿੰਗਾਰਾ ਸਿੰਘ ਮਾਨ, ਜਸਵਿੰਦਰ ਸਿੰਘ ਲੌਂਗੋਵਾਲ, ਜਨਕ ਸਿੰਘ ਭੁਟਾਲ ਤੇ ਰੂਪ ਸਿੰਘ ਛੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਅਤੇ ਸੂਬਾ ਸਰਕਾਰ, ਦੋਵਾਂ ਨੇ ਚੋਣਾਂ ਮੌਕੇ ਕਿਸਾਨਾਂ ਦੀ ਮੁਕੰਮਲ ਕਰਜ਼ਾ-ਮੁਕਤੀ ਦੇ ਸਹੁੰ-ਚੁੱਕ ਵਾਅਦਿਆਂ ਤੋਂ ਮੁੱਕਰ ਕੇ ਉਲਟਾ ਜਬਰੀ ਕਰਜ਼ਾ-ਵਸੂਲੀ ਖ਼ਾਤਰ ਬੈਂਕਾਂ ਤੇ ਸੂਦਖੋਰੀ ਆੜ੍ਹਤੀਆਂ ਰਾਹੀਂ ਕੈਦ ਤੇ ਜੁਰਮਾਨਿਆਂ ਦਾ ਸ਼ਿਕੰਜਾ ਕੱਸਣ ਅਤੇ ਜ਼ਮੀਨਾਂ ਹਥਿਆਉਣ ਦਾ ਰਾਹ ਫੜ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ਿਆਂ ’ਤੇ ਲੀਕ ਮਾਰੀ ਜਾਵੇ। ਪੰਜ ਏਕੜ ਮਾਲਕੀ ਤੱਕ ਐਲਾਨੀ 2 ਲੱਖ ਰੁਪਏ ਦੀ ਨਿਗੂਣੀ ਫ਼ਸਲੀ ਕਰਜ਼ਾ-ਮੁਆਫ਼ੀ ਬਿਨਾਂ ਸ਼ਰਤ ਸਾਰੇ ਕਿਸਾਨਾਂ ’ਤੇ ਲਾਗੂ ਕੀਤੀ ਜਾਵੇ। ਖੇਤੀ ਖ਼ਰਚੇ ਘਟਾਉਣ ਲਈ ਲਾਗਤ-ਵਸਤਾਂ ’ਤੇ ਅੰਨ੍ਹੇ ਕਾਰਪੋਰੇਟ ਮੁਨਾਫੇ ਰੋਕੇ ਜਾਣ ਅਤੇ ਜੀਐੱਸਟੀ ਖਤਮ ਕੀਤਾ ਜਾਵੇ। ਹੜ੍ਹਾਂ/ਗੜਿਆਂ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਹੋਈ ਫ਼ਸਲੀ ਤਬਾਹੀ ਦਾ ਮੁਆਵਜ਼ਾ ਫ਼ਸਲ ਦੇ ਔਸਤ ਝਾੜ ਦੇ ਮੁੱਲ ਬਰਾਬਰ ਤੁਰੰਤ ਦਿੱਤਾ ਜਾਵੇ। ਨਕਲੀ ਬੀਜਾਂ/ਦਵਾਈਆਂ ਵਗੈਰਾ ਨਾਲ ਹੋਈ ਤਬਾਹੀ ਦਾ ਪੂਰਾ ਮੁਆਵਜ਼ਾ ਸਬੰਧਤ ਡੀਲਰਾਂ/ਕੰਪਨੀਆਂ ਤੋਂ ਦਿਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੜ੍ਹੇ ਤੇ ਅਨਪੜ੍ਹ ਸਾਰੇ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਉਸ ਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਆਬਾਦਕਾਰ ਤੇ ਮੁਜ਼ਾਰੇ ਕਿਸਾਨਾਂ-ਮਜ਼ਦੂਰਾਂ ਨੂੰ ਹਰ ਕਿਸਮ ਦੀ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਹਰ ਤਰ੍ਹਾਂ ਦੇ ਆਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ। ਬੁਲਾਰਿਆਂ ਨੇ ਚਿਤਾਵਨੀ ਭਰਿਆ ਐਲਾਨ ਕੀਤਾ ਕਿ ਜੇਕਰ ਸਰਕਾਰ ਜਾਂ ਬੈਂਕ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।ਸ੍ਰੋਤ: Punjabi Tribune