This content is currently available only in Punjabi language.
ਪੰਜਾਬ ਸਰਕਾਰ ਵੱਲੋਂ ਕਣਕ ਬੀਜ ’ਤੇ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਸਬਸਿਡੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿਚ ਨਾ ਆਉਣ ਕਾਰਨ ਕਾਸ਼ਤਾਕਾਰਾਂ ਵਿਚ ਰੋਸ ਦੀ ਲਹਿਰ ਹੈ।
ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਵਿਚ ਕਿਸਾਨਾਂ ਵੱਲੋਂ ਕੀਤੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਨੇ ਲਾਰਿਆਂ ਤੋਂ ਸਿਵਾ ਕੁੱਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੇ ਬੀਜ ਉਪਰ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਬੈਂਕ ਖਾਤਿਆਂ ਰਾਹੀਂ ਦੇਣੀ ਸੀ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਕੀਤਿਆਂ ਤਕਰੀਬਨ ਸਾਢੇ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਨਹੀਂ ਮਿਲੀ।
ਇਸ ਨਾਲ ਸੂਬਾ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਸ੍ਰੀ ਭੁੱਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਦੀ ਰਕਮ ਵਿਆਜ ਸਮੇਤ ਦਿੱਤੀ ਜਾਵੇ।
ਇਸ ਮੌਕੇ ਗੁਲਜ਼ਾਰ ਸਿੰਘ ਰਾਜਿੰਦਰਗੜ੍ਹ ਸਾਬਕਾ ਮੈਂਬਰ ਬਲਾਕ ਸੰਮਤੀ, ਹਰਮਨਜੀਤ ਸਿੰਘ, ਬਲਜਿੰਦਰ ਸਿੰਘ ਪੰਚ, ਜਸਵੀਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਰਾਜਿੰਦਰਗੜ੍ਹ, ਸੁਬੇਗ ਸਿੰਘ ਪੰਚ, ਪੁਸ਼ਪਿੰਦਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ ਸਲੇਮਪੁਰ ਮੌਜੂਦ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune