Keeping the talks baseless, the farmers persevere to continue the march

February 23 2019

This content is currently available only in Punjabi language.

ਮਹਾਰਾਸ਼ਟਰ ਸਰਕਾਰ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਣ ’ਤੇ ਕਿਸਾਨਾਂ ਨੇ ਨਾਸਿਕ ਤੋਂ ਮੁੰਬਈ ਦਾ ਰੋਸ ਮਾਰਚ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਦਾ ਲੰਘੇ 12 ਮਹੀਨਿਆਂ ਵਿਚ ਨਾਸਿਕ ਤੋਂ ਮੁੰਬਈ ਤੱਕ 180 ਕਿਲੋਮੀਟਰ ਲੰਮਾ ਇਹ ਦੂਜਾ ਮਾਰਚ ਹੈ। ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ’ਤੇ ਕਿਸਾਨਾਂ ਨੂੰ ‘ਧੋਖਾ’ ਦੇਣ ਦਾ ਦੋਸ਼ ਲਾਇਆ ਹੈ। ਸੀਪੀਆਈ (ਐਮ) ਦੀ ਹਮਾਇਤ ਪ੍ਰਾਪਤ ਆਲ ਇੰਡੀਆ ਕਿਸਾਨ ਸਭਾ ਵੱਲੋਂ ਕੱਢੇ ਜਾ ਰਹੇ ਇਸ ਮਾਰਚ ਦੇ ਨੌਂ ਦਿਨਾ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕਿਸਾਨ ਸਭਾ ਨੇ ਕਿਹਾ ਪੁਲੀਸ ਵੱਲੋਂ ਕਈ ਕਿਸਾਨਾਂ ਨੂੰ ਨਾਸਿਕ ਵੱਲ ਵਧਣ ਤੋਂ ਰੋਕਣ ’ਤੇ ਮਾਰਚ ਬੁੱਧਵਾਰ ਨੂੰ ਨਹੀਂ ਕੱਢਿਆ ਜਾ ਸਕਿਆ। ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਨਾਸਿਕ ਵਿਚ ਬੁੱਧਵਾਰ ਰਾਤ ਕੁਝ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਨੇ ਕਿਹਾ ਕਿ ਤਿੰਨ ਘੰਟੇ ਚੱਲੀ ਇਸ ਮੁਲਾਕਾਤ ਮੌਕੇ ਸਰਕਾਰ ਦਾ ਰਵੱਈਆ 80 ਫੀਸਦ ਮੰਗਾਂ ਪ੍ਰਤੀ ਹਾਂ-ਪੱਖੀ ਰਿਹਾ।

ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮੰਗਾਂ ਬਾਰੇ ਜਾਣੂ ਕਰਵਾਉਣਗੇ। ਧਾਵਲੇ ਮੁਤਾਬਕ ਮਹਾਜਨ ਨੇ ਕਿਹਾ ਹੈ ਕਿ ਲਿਖਤੀ ਭਰੋਸਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਆਪਣੇ ਵਾਅਦੇ ’ਤੇ ਖਰਾ ਨਹੀਂ ਉਤਰਦੀ ਮਾਰਚ ਜਾਰੀ ਰੱਖਿਆ ਜਾਵੇਗਾ। ਧਾਵਲੇ ਨੇ ਕਿਹਾ ਕਿ ਮਹਾਜਨ ਨਾਲ ਮੀਟਿੰਗ ਮੌਕੇ ਪੁਲੀਸ ਵੀ ਮੌਜੂਦ ਸੀ ਤੇ ਉਹ ਹੁਣ ਕਿਸਾਨਾਂ ਨੂੰ ਨਹੀਂ ਰੋਕਣਗੇ। ਆਲ ਇੰਡੀਆ ਕਿਸਾਨ ਸਭਾ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਕੱਢੇ ਗਏ ਮਾਰਚ ਦੌਰਾਨ ਜਿਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ, ਉਹ ਅਧੂਰੀਆਂ ਹਨ। ਇਨ੍ਹਾਂ ਵਿਚ ਕਰਜ਼ਾ ਮੁਆਫ਼ੀ, ਘੱਟੋ ਘੱਟ ਸਮਰਥਨ ਮੁੱਲ ਤੇ ਸਿੰਜਾਈ ਸਹੂਲਤਾਂ ਸਬੰਧੀ ਮੰਗਾਂ ਸ਼ਾਮਲ ਹਨ। ਕਿਸਾਨ ਸਭਾ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਦਾ ਵੀ ਵਿਰੋਧ ਕਰ ਰਹੀ ਹੈ। -ਪੀਟੀਆਈ

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune