This content is currently available only in Punjabi language.
ਸਨਅਤੀ ਸ਼ਹਿਰ ਦੇ ਫਿਰੋਜ਼ਪੁਰ ਰੋਡ ਸਥਿਤ ਪਿੰਡ ਇਯਾਲੀ ਵਿਚ ਪਿਛਲੇ ਪੰਜ ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੀਆਂ ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਨੇ ਅੱਜ ਛੇ ਘੰਟੇ ਤੱਕ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ’ਤੇ ਜਾਮ ਲਾਈ ਰੱਖਿਆ। ਟਰੈਫਿਕ ਪੁਲੀਸ ਨੂੰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨੇ ਪਏ। ਫਿਰੋਜ਼ਪੁਰ ਰੋਡ ’ਤੇ ਚੱਕਾ ਜਾਮ ਹੋਣ ਕਾਰਨ ਪੂਰਾ ਦਿਨ ਸ਼ਹਿਰ ਵਿਚ ਵੀ ਜਾਮ ਲੱਗਾ ਰਿਹਾ। ਕਿਸਾਨਾਂ ਦੇ ਸੜਕਾਂ ਤੋਂ ਉਠਣ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ।
ਫਿਰੋਜ਼ਪੁਰ, ਮੋਗਾ, ਫ਼ਰੀਦਕੋਟ ਤੇ ਜਗਰਾਉਂ ਵੱਲੋਂ ਲੁਧਿਆਣਾ ਜਾਂ ਫਿਰ ਲੁਧਿਆਣਾ ਪਾਰ ਕਰ ਕੇ ਅੱਗੇ ਜਾਣ ਵਾਲਿਆਂ ਨੂੰ ਅੱਜ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਫਿਰੋਜ਼ਪੁਰ ਹਾਈਵੇਅ ’ਤੇ ਚੱਕਾ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਛੇ ਘੰਟੇ ਤੱਕ ਫਿਰੋਜ਼ਪੁਰ ਰੋਡ ਸੀਲ ਰਿਹਾ। ਸੂਬੇ ਦੀਆਂ 7 ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਸੰਘਰਸ਼ ਕਮੇਟੀ ਪੰਨੂ ਪੰਜ ਦਿਨਾਂ ਤੋਂ ਫਿਰੋਜ਼ਪੁਰ ਰੋਡ ਸਥਿਤ ਪਿੰਡ ਇਯਾਲੀ ਦੇ ਖਾਲੀ ਮੈਦਾਨ ਵਿਚ ਮੋਰਚਾ ਲਾਈ ਬੈਠੀਆਂ ਹਨ। ਸਰਕਾਰ ਨਾਲ ਚੱਲੀ ਗੱਲਬਾਤ ਦੌਰਾਨ ਜਦੋਂ ਕੋਈ ਸਿੱਟਾ ਨਾ ਨਿਕਲਿਆ ਤਾਂ ਕਿਸਾਨ ਰੋਜ਼ਾਨਾ 12 ਵਜੇ ਤੋਂ ਬਾਅਦ ਚੱਕਾ ਜਾਮ ਕਰ ਰਹੇ ਹਨ।
ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ: ਹਾਈ ਕੋਰਟ
ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਖਿਆ ਕਿ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ ਦਾ ਹੱਕ ਹੈ ਪਰ ਉਹ ਇਹ ਯਕੀਨੀ ਬਣਾਉਣ ਕਿ ਮੁਜ਼ਾਹਰਾ ਸ਼ਾਂਤਮਈ ਹੋਵੇ। ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਧਰਨਾ ਸ਼ਾਂਤਮਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਢੁਕਵੀਂ ਕਾਰਵਾਈ ਕਰਨ ਦੀ ਵੀ ਖੁੱਲ੍ਹ ਹੈ। ਅਦਾਲਤ ਦੇ ਇਹ ਹੁਕਮ ਪੰਜਾਬ ਨੈਸ਼ਨਲ ਬੈਂਕ ਵੱਲੋਂ ਦਾਖ਼ਲ ਕੀਤੀ ਪਟੀਸ਼ਨ ਦੇ ਆਧਾਰ ’ਤੇ ਆਏ ਹਨ। ਬੈਂਕ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਕਿਸਾਨਾਂ ਦਾ ਧਰਨਾ ਬੈਂਕ ਤੋਂ 200 ਮੀਟਰ ਘੇਰੇ ਤੋਂ ਬਾਹਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune


