ਮਹਾਨਦੀ ਵਿਚ ਪੈਦਾ ਹੋਣ ਵਾਲੇ ਤਰਬੂਜ ਦੀ ਫਸਲ ਦੀ ਸਪਲਾਈ ਦੁਬਈ ਤੱਕ ਕੀਤੀ ਜਾਂਦੀ ਹੈ। ਇਸ ਸਾਲ ਲਗਭਗ 10 ਹਜ਼ਾਰ ਏਕੜ ਵਿਚ ਤਰਬੂਜ, ਖਰਬੂਜੇ ਅਤੇ ਕਕੜੀ ਦੀ ਫਸਲ ਲੈਣ ਵਾਲੇ ਕਿਸਾਨਾਂ ਨੇ ਨਦੀ ਵਿਚ ਬੀਜ ਬੀਜੇ ਸਨ ਪਰ ਦੋ ਦਿਨ ਦੇ ਮੀਂਹ ਨੇ ਸੱਭ ਕੁਝ ਬਰਬਾਦ ਕਰ ਦਿਤਾ। ਮੀਂਹ ਨਾਲ ਮਹਾਨਦੀ ਵਿਚ ਪਾਣੀ ਦਾ ਵਹਾਅ ਸ਼ੁਰੂ ਹੋ ਗਿਆ। ਜਿਸ ਨਾਲ ਪੌਦੇ ਅਤੇ ਬੀਜ ਵਹਿ ਗਏ। ਹਾਲਾਂਕਿ ਖੇਤੀ ਵਿਗਿਆਨੀਆਂ ਸ਼ੇਖ ਅਲੀ ਹੁਮਾਯੂੰ ਦਾ ਕਹਿਣਾ ਹੈ ਕਿ ਹੁਣ ਤਰਬੂਜ ਲਗਾਉਣ ਦਾ ਸਮਾਂ ਹੈ।
ਕਿਸਾਨ ਚਾਹੁਣ ਤਾਂ ਫਿਰ ਤੋਂ ਫਸਲ ਲਗਾ ਸਕਦੇ ਹਨ। ਨਦੀ ਕਿਨਾਰੇ ਵਸੇ ਹੋਏ ਪਿੰਡ ਬੜਗਾਂਵ, ਬਰਬਸਪੁਰ, ਘੋੜਾਰੀ ਅਤੇ ਮੁਢੇਨਾ ਸਮਤੇ 10 ਤੋਂ ਵੱਧ ਪਿੰਡਾਂ ਦੇ ਭੂਮੀਹੀਣ ਪਰਵਾਰ ਪਿਛਲੇ 50 ਸਾਲਾਂ ਤੋਂ ਨਦੀ ਦੀ ਰੇਤਾ ਵਿਚ ਰਵਾਇਤੀ ਤਰੀਕੇ ਨਾਲ ਸਬਜੀ, ਕਕੜੀ ਅਤੇ ਤਰਬੂਜ ਦੀ ਖੇਤੀ ਕਰਦੇ ਆ ਰਹੇ ਹਨ। ਅਕਤੂਬਰ ਤੋਂ ਪਾਣੀ ਦਾ ਵਹਾਅ ਜਦ ਘੱਟ ਹੋ ਜਾਂਦਾ ਹੈ ਤਾਂ ਉਸ ਵਹਾਅ ਨੂੰ ਕਿਨਾਰੇ ਵੱਲ ਮੋੜ ਦਿੰਦੇ ਹਨ। ਇਸ ਤੋਂ ਬਾਅਦ ਵਿਚਕਾਰ ਦੇ ਹਿੱਸੇ ਨੂੰ ਫਸਲ ਲਗਾਉਣ ਲਈ ਤਿਆਰ ਕੀਤਾ ਜਾਂਦਾ ਹੈ। ਸਫਾਈ ਤੋਂ ਬਾਅਦ ਗੋਹਾ ਅਤੇ ਖਾਦ ਮਿਲਾਈ ਜਾਂਦੀ ਹੈ ਅਤੇ ਫਿਰ ਉਸ ਨੂੰ ਜਾਨਵਰਾਂ ਤੋਂ ਬਚਾਉਣ ਲਈ ਘੇਰਾ ਲਗਾਇਆ ਜਾਂਦਾ ਹੈ। ਨਵੰਬਰ ਦੇ ਪਹਿਲੇ ਹਫਤੇ ਕਿਸਾਨ ਪਰਵਾਰ ਸਮੇਤ ਇਥੇ ਝੌਂਪੜੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਮਈ-ਜੂਨ ਤੱਕ ਇਲਾਕੇ ਵਿਚ ਹਰੀਆਂ ਸਬਜ਼ੀਆਂ, ਤਰਬੂਜ ਅਤੇ ਕਕੜੀ ਬਹੁਤ ਘੱਟ ਕੀਮਤਾਂ ਤੇ ਵੇਚਦੇ ਹਨ। ਘੋੜਾਰੀ ਦੇ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਵੱਡੀ ਮਾਤਰਾ ਵਿਚ ਤਰਬੂਜ ਰਾਇਪੁਰ ਤੋਂ ਮੁੰਬਈ ਦੇ ਰਸਤੇ ਦੁਬਈ ਭੇਜੇ ਜਾਂਦੇ ਹਨ। ਦੁਬਈ ਦੇ ਵੱਡੇ ਹੋਟਲਾਂ ਵਿਚ ਮਹਾਸਮੁੰਦ ਦੇ ਤਰਬੂਜਾਂ ਨੂੰ ਵਰਤਾਇਆ ਜਾਂਦਾ ਹੈ।
ਇਸ ਦੇ ਲਈ ਬਾਕਾਇਦਾ ਵੱਡੇ ਫਲ ਵਪਾਰੀ ਕਿਸਾਨਾਂ ਨਾਲ ਸੰਪਰਕ ਕਰਦੇ ਹਨ। ਪਰ ਇਸ ਸਾਲ ਇਹ ਫਸਲ ਪੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਬਾਗਬਾਨੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਰਐਸ ਵਰਮਾ ਨੇ ਦੱਸਿਆ ਕਿ ਇਹ ਬਹੁਤ ਘੱਟ ਲਾਗਤ ਦੀ ਫਸਲ ਹੈ। ਤਿੰਨ ਮਹੀਨੇ ਦੇ ਮੌਸਮ ਵਾਲੀ ਇਸ ਫਸਲ ਨਾਲ ਕਿਸਾਨ ਘੱਟ ਲਾਗਤ ਵਿਚ ਲਗਭਗ 12 ਗੁਣਾ ਵੱਧ ਆਮਦਨੀ ਕਮਾ ਸਕਦੇ ਹਨ ਪਰ ਇਸ ਵਾਰ ਅਚਾਨਕ ਪਏ ਮੀਂਹ ਕਾਰਨ ਨਦੀ ਤੋਂ ਪੈਦਾਵਾਰ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ - Rozana Spokesman