ਦੇਰੀ ਨਾਲ ਮਿਲੀ ਘੱਟ ਕੀਮਤ 'ਤੇ ਭੜਕੇ ਕਿਸਾਨਾਂ ਨੇ ਖੰਡ ਮਿੱਲਾਂ ਦੇ ਦਫਤਰਾਂ 'ਚ ਕੀਤੀ ਭੰਨਤੋੜ

January 14 2019

ਗੰਨਾ ਕਿਸਾਨਾਂ ਨੂੰ ਘੱਟ ਕੀਮਤਾਂ, ਉਹ ਵੀ ਦੇਰੀ ਨਾਲ ਕੀਤੇ ਜਾਣ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਤੇ ਮਹਾਰਾਸ਼ਟਰਾ ਦੇ ਕੋਲਹਾਪੁਰ ਵਿਖੇ ਕੁਝ ਪਿੰਡਵਾਲਿਆਂ ਨੇ ਦੋ ਖੰਡ ਮਿੱਲਾਂ ਦੇ ਦਫਤਰਾਂ ਵਿਚ ਅੱਗ ਲਗਾ ਦਿਤੀ ਅਤੇ ਚਾਰ ਦਫ਼ਤਰ ਬੰਦ ਕਰਵਾ ਦਿਤੇ। ਜਿਹਨਾਂ ਦੋ ਮਿੱਲਾਂ ਦੇ ਦਫਤਰਾਂ ਵਿਚ ਅੱਗ ਲਗਾਈ ਗਈ ਉਹ ਸਤਾਰਾ ਅਤੇ ਸਾਂਗਲੀ ਜ਼ਿਲ੍ਹੇ ਦੇ ਹਨ, ਜਦਕਿ ਕੋਲਹਾਪੁਰ ਦੇ ਚਾਰ ਦਫ਼ਤਰਾਂ ਵਿਚ ਭੰਨਤੋੜ ਕੀਤੀ ਗਈ ਅਤੇ ਜ਼ਬਰਦਸਤੀ ਬੰਦ ਕਰਵਾ ਦਿਤੇ ਗਏ। ਪੁਲਿਸ ਨੇ ਤਿੰਨਾਂ ਜ਼ਿਲ੍ਹਿਆਂ ਵਿਚ ਖੰਡ ਮਿੱਲਾਂ ਦੀ ਸੁਰੱਖਿਆ ਨੂੰ ਵਧਾ ਦਿਤਾ ਹੈ ।

ਪੁਲਿਸ ਨੇ ਦੱਸਿਆ ਕਿ 6 ਮਾਮਲਿਆਂ ਵਿਚ ਅਣਪਛਾਤੇ ਲੋਕਾਂ ਵਿਰੁਧ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਉਸ ਵੇਲ੍ਹੇ ਹੋਈ ਜਦ ਕਿਸਾਨਾਂ ਨੂੰ ਪਤਾ ਲਗਾ ਕਿ ਜ਼ਿਆਦਾਤਰ ਨਿਜੀ ਅਤੇ ਸਹਿਕਾਰੀ ਖੰਡ ਮਿੱਲਾਂ ਨੇ ਉਹਨਾਂ ਨੂੰ ਦਿਤੀ ਜਾਣ ਵਾਲੀ ਕੀਮਤਾਂ ਦਾ ਸਿਰਫ 80 ਫ਼ੀ ਸਦੀ ਹੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕੀਤਾ ਹੈ। ਇਸ ਗੱਲ ਤੇ ਉਹ ਨਾਰਾਜ਼ ਹੋ ਗਏ ਕਿਉਂਕਿ ਉਹਨਾਂ ਤੋਂ ਗੰਨਾ ਲਏ ਜਾਣ ਦੇ 14 ਦਿਨਾਂ ਦੇ ਅੰਦਰ ਪੂਰੀ ਅਦਾਇਗੀ ਕਰਨੀ ਜਰੂਰੀ ਹੁੰਦੀ ਹੈ।

ਗੰਨਾ ਫੈਕਟਰੀਆਂ ਨੇ 2,300 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਪੈਸੇ ਜਮ੍ਹਾਂ ਕਰਵਾਏ ਗਏ ਜਦਕਿ ਸਹੀ ਮੁੱਲ 2,800 ਰੁਪਏ ਟਨ ਹੈ। ਮਹਾਰਾਸ਼ਟਰਾ ਦੀਆਂ ਜ਼ਿਆਦਾਤਰ ਫੈਕਟਰੀਆਂ ਨੇ ਕਿਸਾਨਾਂ ਨੂੰ ਤਿੰਨ ਮਹੀਨਾਂ ਤੋਂ ਅਦਾਇਗੀ ਨਹੀਂ ਕੀਤੀ ਹੈ। ਜਿਸ ਨਾਲ ਖੇਤਰ ਵਿਚ ਨਾਰਾਜ਼ਗੀ ਹੈ। ਸਾਂਗਲੀ ਅਤੇ ਕੋਲਹਾਪੁਰ ਜ਼ਿਲ੍ਹਿਆਂ ਦੀਆਂ 37 ਫੈਕਟਰੀਆਂ ਨੂੰ ਸ਼ੂਗਰਕੇਨ ਕੰਟਰੋਲ ਐਕਟ ਦੀ ਉਲੰਘਣਾ ਕਰਨ ਲਈ ਸ਼ੂਗਰ ਕਮਿਸ਼ਨਰ ਦੇ ਦਫ਼ਤਰ ਤੋਂ ਨੋਟਿਸ ਵੀ ਭੇਜਿਆ ਜਾ ਚੁੱਕਿਆ ਹੈ।

ਕੋਲਹਾਪੁਰ ਦੇ ਜਵਾਹਰ, ਡੱਟਾ, ਗੁਰੂਦੱਤਾ ਅਤੇ ਕਰੁੰਦਵਾਡ ਵਿਚ ਚਾਰ ਦਫ਼ਤਰਾਂ ਵਿਚ ਭੰਨਤੋੜ ਕੀਤੀ ਗਈ। ਫੈਕਟਰੀਆਂ ਦਾ ਕਹਿਣਾ ਹੈ ਕਿ ਇਕ ਵਾਰ ਵਿਚ ਕਿਸਾਨਾਂ ਦੀ ਪੂਰੀ ਅਦਾਇਗੀ ਕਰਨਾ ਉਹਨਾਂ ਲਈ ਮੁਸ਼ਕਲ ਹੈ। ਦੂਜੇ ਪਾਸੇ ਸਵਾਭਿਮਾਨੀ ਸ਼ੇਟਕਰੀ ਸੰਗਠਨ ਦੇ ਨੇਤਾ ਰਾਜੂ ਸ਼ੈਟੀ ਨੇ ਕਿਹਾ ਹੈ ਕਿ ਜੇਕਰ ਚਾਰ ਦਿਨਾਂ ਦੇ ਅੰਦਰ ਗੰਨਾ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਉਹਨਾਂ ਦਾ ਸੰਗਠਨ ਵੱਡਾ ਅੰਦੋਲਨ ਕਰੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman