ਹੈਪੀ ਸੀਡਰ ਨਾਲ ਕਣਕ ਬੀਜਣ ਵਾਲਾ ਕਿਸਾਨ ਬਣਿਆ ਰਾਹ ਦਸੇਰਾ

November 21 2019

ਪਿੰਡ ਮਨੌਲੀ ਸੂਰਤ ਦਾ ਸਰਪੰਚ ਨੈਬ ਸਿੰਘ ਜ਼ੈਲਦਾਰ ਕੰਬਾਈਨ ਨਾਲ ਵਢਾਏ ਗਏ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜਿਆਂ ਕਣਕ ਦੀ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ, ਉੱਥੇ ਖੇਤ ਦੀ ਵਹਾਈ ਉੱਤੇ ਹੋਣ ਵਾਲਾ ਆਪਣਾ ਖਰਚਾ ਵੀ ਬਚਾਅ ਰਿਹਾ ਹੈ। ਉਕਤ ਕਿਸਾਨ ਨੇ ਪਿਛਲੇ ਵਰ੍ਹੇ ਦੋ ਏਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ ਤੇ ਇਸ ਵਰ੍ਹੇ ਸਾਢੇ ਪੰਜ ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਹੈ।

ਨੈਬ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਵਰ੍ਹੇ ਐਲਾਨੀ ਗਈ ਪੰਜਾਹ ਫ਼ੀਸਦੀ ਸਬਸਿਡੀ ਅਧੀਨ ਉਨ੍ਹਾਂ ਚਾਰ ਹੋਰ ਕਿਸਾਨਾਂ ਜੋਗਿੰਦਰ ਸਿੰਘ ਸਾਬਕਾ ਸਰਪੰਚ, ਮੇਵਾ ਸਿੰਘ, ਮੋਹਨ ਸਿੰਘ, ਹਰਬੰਸ ਸਿੰਘ ਆਦਿ ਨਾਲ ਮਿਲ ਕੇ ਦੋ ਲੱਖ ਰੁਪਏ ਵਿੱਚ ਹੈਪੀ ਸੀਡਰ ਖਰੀਦਿਆ ਸੀ ਜਿਸ ’ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਇੱਕ ਲੱਖ ਦੀ ਸਬਸਿਡੀ ਵੀ ਮਿਲ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਸਮੁੱਚੇ ਕਿਸਾਨਾਂ ਨੇ ਦੋ-ਦੋ ਏਕੜ ਕਣਕ ਦੀ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਸੀ ਤੇ ਜਿਸਦਾ ਝਾੜ ਪੰਜ ਕੁਇੰਟਲ ਪ੍ਰਤੀ ਵਿਘਾ ਵੱਧ ਨਿਕਲਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਉਨ੍ਹਾਂ ਸਾਢੇ ਪੰਜ ਏਕੜ ਕਣਕ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਨਾਲ ਕਣਕ ਬੀਜਣ ਲਈ ਇੱਕ ਏਕੜ ਦੀ ਤੀਹਰੀ ਵਹਾਈ ’ਤੇ ਲੱਗਣ ਵਾਲੇ 25 ਲਿਟਰ ਦੇ ਕਰੀਬ ਡੀਜ਼ਲ ਦੀ ਬੱਚਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਰਾਲੀ ਸਾੜਨ ਨਾਲ ਪ੍ਰਦੂਸ਼ਿਤ ਹੁੰਦੇ ਵਾਤਾਵਰਨ ਨੂੰ ਵੀ ਬਚਾਇਆ ਜਾ ਸਕਿਆ ਹੈ। ਨੈਬ ਸਿੰਘ ਨੇ ਦੱਸਿਆ ਕਿ ਦੂਜੇ ਕਿਸਾਨਾਂ ਨੇ ਵੀ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਆਪਣੇ ਖਰਚੇ ਘਟਾਉਣ ਤੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ