ਮੋਗਾ ਦੇ ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਬਲਦੇਵ ਸਿੰਘ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਜੇਕਰ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਰਕਾਰੀ ਰਿਪੋਰਟਾਂ ਵੀ ਸਪਸ਼ਟ ਕਹਿ ਰਹੀਆਂ ਹਨ ਕਿ ਅਗਲੇ ਸਾਲਾਂ ਵਿੱਚ ਪੰਜਾਬ ਲਈ ਸਭ ਤੋਂ ਵੱਡੀ ਸਮੱਸਿਆ ਪਾਣੀ ਹੀ ਹੋਏਗੀ।
ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋਂ ਕੀਤੀ ਜਿਸ ਵਿੱਚ ਕੁਝ ਮੁਸ਼ਕਲਾਂ ਵੀ ਆਈਆਂ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਝੋਨੇ ਦੀ ਸਿੱਧੀ ਬਿਜਾਈ ਲਈ ਉਨ੍ਹਾਂ ਡਰਿੱਲ ਮਸ਼ੀਨ ਖਰੀਦ ਕੇ ਉਸ ਨਾਲ ਝੋਨੇ ਦੀ ਬਿਜਾਈ ਕੀਤੀ। ਹੁਣ ਉਹ 25 ਏਕੜ ਤੋਂ ਵੱਧ ਜ਼ਮੀਨ ’ਤੇ ਸਿੱਧੀ ਬਿਜਾਈ ਨਾਲ ਝੋਨੇ ਦੀ ਪੈਦਾਵਾਰ ਕਰ ਰਿਹਾ ਹੈ। ਇਸ ਨਾਲ ਸਿਰਫ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ। ਇਸ ਪਿੰਡ ’ਚ ਕਿਸਾਨ ਬਲਦੇਵ ਸਿੰਘ ਤੇ ਹੋਰ ਕਿਸਾਨਾਂ ਨੇ 150 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਬਰਾੜ ਨੇ ਦੱਸਿਆ ਕਿ ਬਲਦੇਵ ਸਿੰਘ ਸੂਬੇ ਦਾ ਪਹਿਲਾ ਕਿਸਾਨ ਹੈ ਜਿਸ ਨੇ ਟਿਊਬਵੈਲ ’ਤੇ ਪਾਣੀ ਦਾ ਮੀਟਰ ਲਾਇਆ ਹੈ ਤਾਂ ਕਿ ਇਸ ਤਕਨੀਕ ਨਾਲ ਇਹ ਪਤਾ ਲੱਗ ਸਕੇ ਕਿ ਕਿੰਨਾ ਪਾਣੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕੱਦੂ ਕਰਕੇ ਬੀਜੇ ਗਏ ਝੋਨੇ ਨੂੰ 4 ਤੋਂ 5 ਦਿਨਾਂ ਬਾਅਦ ਸਿੰਚਾਈ ਦੀ ਲੋੜ ਪੈਂਦੀ ਹੈ, ਉੱਥੇ ਹੀ ਸਿੱਧੀ ਬਿਜਾਈ ਨਾਲ ਝੋਨੇ ਨੂੰ 7 ਤੋਂ 10 ਦਿਨਾਂ ਬਾਅਦ ਪਾਣੀ ਦੇਣ ਦੀ ਜ਼ਰੂਰਤ ਪੈਦੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ