ਗੁਆਂਢੀ ਸੂਬਿਆਂ ਪੰਜਾਬ ਤੇ ਰਾਜਸਥਾਨ ਦੇ ਕਿਸਾਨ ਹਰਿਆਣਾ ਦੀਆਂ ਮੰਡੀਆਂ ਚ ਆਪਣੀ ਜਿਣਸ ਨਹੀਂ ਵੇਚ ਸਕਣਗੇ | ਹਰਿਆਣਾ ਸਰਕਾਰ ਨੇ ਰਾਜਸਥਾਨ ਤੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਦਾ ਇਕ ਦਾਣਾ ਵੀ ਸਰਕਾਰੀ ਪੱਧਰ ਤੇ ਖ਼ਰੀਦਣ ਤੋਂ ਨਾਂਹ ਕਰ ਦਿੱਤੀ ਹੈ | ਪੰਜਾਬ ਤੇ ਰਾਜਸਥਾਨ ਨਾਲ ਖਹਿੰਦੇ ਡੱਬਵਾਲੀ ਚ ਲਗਪਗ 60 ਫ਼ੀਸਦੀ ਜਿਣਸ ਨਾਲ ਖਹਿੰਦੇ ਪੰਜਾਬ ਖੇਤਰ ਚੋਂ ਆਉਂਦੀ ਹੈ | ਚੌਟਾਲਾ ਤੇ ਕਾਲੂਆਣਾ ਖ਼ਰੀਦ ਕੇਂਦਰਾਂ ਤੇ ਰਾਜਸਥਾਨ ਅਤੇ ਲੋਹਗੜ੍ਹ ਦੇ ਖ਼ਰੀਦ ਕੇਂਦਰਾਂ ਤੇ ਪੰਜਾਬ ਅਤੇ ਰਾਜਸਥਾਨ ਦੋਵੇਂ ਖੇਤਰਾਂ ਦੇ ਕਿਸਾਨ ਜਿਣਸ ਵੇਚਣ ਲਈ ਪੁੱਜਦੇ ਹਨ | ਸਰਕਾਰੀ ਫੁਰਮਾਨ ਉਪਰੰਤ ਡੱਬਵਾਲੀ ਦੇ ਆੜ੍ਹਤੀਏ ਪੰਜਾਬ ਦੀ ਸਰਹੱਦੀ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਵੱਲ ਰੁਖ ਕਰਨ ਲੱਗੇ ਹਨ | ਹਰਿਆਣਾ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬਾਈ ਖ਼ਜ਼ਾਨੇ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ | ਇਸ ਦੇ ਇਲਾਵਾ ਹਰਿਆਣਵੀ ਕਿਸਾਨਾਂ ਨੂੰ ਵੀ ਸੂਬੇ ਦੀਆਂ ਸਰਕਾਰੀ ਮੰਡੀਆਂ ਚ ਆਪਣੀ ਜਿਣਸ ਵੇਚਣ ਲਈ ਅਗਾਊਾ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ | ਸੂਬਾ ਸਰਕਾਰ ਦੀ ਮੇਰੀ ਫ਼ਸਲ-ਮੇਰਾ ਵੇਰਵਾ ਸਕੀਮ ਤਹਿਤ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਹਰਿਆਣਵੀ ਕਿਸਾਨ ਵੀ ਆਪਣੀ ਜਿਣਸ ਮੰਡੀਆਂ ਚ ਨਹੀਂ ਵੇਚ ਸਕਣਗੇ | ਮਾਰਕੀਟ ਕਮੇਟੀ ਡੱਬਵਾਲੀ ਕੋਲ 11,121 ਕਿਸਾਨਾਂ ਨੇ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ਚੋਂ ਕਰੀਬ ਅੱਠ ਹਜ਼ਾਰ ਕਿਸਾਨਾਂ ਦੀ ਰਜਿਸਟਰੇਸ਼ਨ ਹੋਈ ਹੈ | ਆੜ੍ਹਤੀਆਂ ਅਤੇ ਕਿਸਾਨਾਂ ਨੇ ਹਰਿਆਣਾ ਸਰਕਾਰ ਦੇ ਉਕਤ ਫ਼ੈਸਲੇ ਨੂੰ ਕੇਂਦਰੀ ਨੀਤੀ ਦੀ ਉਲੰਘਣਾ ਦੱਸਿਆ, ਜਿਸ ਤਹਿਤ ਕਿਸਾਨ ਦੇਸ਼ ਭਰ ਚ ਆਪਣੀ ਫ਼ਸਲ ਕਿਧਰੇ ਵੀ ਵੇਚ ਸਕਦਾ ਹੈ | ਜਾਣਕਾਰੀ ਅਨੁਸਾਰ ਕਰੀਬ ਪੌਣੇ ਦੋ ਸੌ ਆੜ੍ਹਤੀਆਂ ਤੇ ਆਧਾਰਤ ਡੱਬਵਾਲੀ ਦਾਣਾ ਮੰਡੀ ਚ ਲਗਪਗ 18 ਲੱਖ ਗੱਟੇ ਕਣਕ ਆਉਂਦੀ ਹੈ, ਜਿਸ ਚੋਂ ਲਗਪਗ 50 ਫ਼ੀਸਦੀ ਕਣਕ ਨਾਲ ਖਹਿੰਦੇ ਪੰਜਾਬ ਦੇ ਲੰਬੀ, ਸੰਗਤ ਖੇਤਰ ਚੋਂ ਆਉਂਦੀ ਹੈ | ਇਸੇ ਤਰ੍ਹਾਂ ਚੌਟਾਲਾ ਸਬ ਯਾਰਡ ਚ ਰਾਜਸਥਾਨ ਦੀ 30 ਫ਼ੀਸਦੀ ਜਿਣਸ ਵਿਕਣ ਲਈ ਪੁੱਜਦੀ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਕਾਮਰਾ ਨੇ ਗੁਆਂਢੀ ਸੂਬਿਆਂ ਦੀ ਜਿਣਸ ਵਿਕਣ ਤੇ ਪਾਬੰਦੀ ਦੇ ਸਰਕਾਰੀ ਫੁਰਮਾਨ ਨੂੰ ਗ਼ਲਤ ਦੱਸਦੇ ਹੋਏ ਕਣਕ ਖ਼ਰੀਦਣ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ ਹੈ | ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਭਾਟੀ ਨੇ ਵੀ ਬਾਹਰੀ ਸੂਬਿਆਂ ਦੇ ਕਿਸਾਨਾਂ ਦੀ ਜਿਣਸ ਹਰਿਆਣਾ ਦੀਆਂ ਮੰਡੀ ਚ ਵਿਕਣ ਤੇ ਲਗਾਈ ਪਾਬੰਦੀ ਨੂੰ ਗੈਰ-ਤਰਕ ਸੰਗਤ ਦੱਸਿਆ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗੰਨਾ ਉਤਪਾਦਕ ਕਿਸਾਨ ਆਪਣੀ ਫ਼ਸਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਚ ਵੇਚਦੇ ਹਨ ਅਤੇ ਅਰੰਡੀ ਦੀ ਫ਼ਸਲ ਹਰਿਆਣਾ ਤੋਂ ਰਾਜਸਥਾਨ ਜਾਂਦੀ ਹੈ | ਇਸ ਫ਼ੈਸਲੇ ਨਾਲ ਪਹਿਲਾਂ ਤੋਂ ਸਰਕਾਰੀ ਨੀਤੀਆਂ ਦੀ ਮਾਰ ਕਾਰਨ ਆਰਥਿਕ ਮੰਦਹਾਲੀ ਚੋਂ ਲੰਘ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਚ ਵਾਧਾ ਹੋਵੇਗਾ | ਇਸ ਨਾਲ ਹਰਿਆਣਾ ਦੇ ਵਪਾਰ ਤੇ ਵੀ ਫ਼ਰਕ ਪਵੇਗਾ | ਸੂਬਾ ਪ੍ਰਧਾਨ ਨੇ ਤੁਰੰਤ ਪ੍ਰਭਾਵ ਨਾਲ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ | ਮਾਰਕੀਟ ਕਮੇਟੀ ਡੱਬਵਾਲੀ ਦੇ ਸਕੱਤਰ ਦਿਲਾਵਰ ਸਿੰਘ ਨੇ ਕਿਹਾ ਕਿ ਸਰਕਾਰੀ ਹੁਕਮਾਂ ਮੁਤਾਬਿਕ ਬਾਹਰੀ ਸੂਬਿਆਂ ਦੇ ਕਿਸਾਨਾਂ ਦੀ ਜਿਣਸ ਐਮ.ਐਸ.ਪੀ ਤੇ ਨਹੀਂ ਖ਼ਰੀਦੀ ਜਾਵੇਗੀ | ਦਾਣਾ ਮੰਡੀ ਚ ਫ਼ਸਲ ਲਿਆਉਣ ਵਾਲੇ ਸੂਬੇ ਦੇ ਕਿਸਾਨ ਦੀ ਆਧਾਰ ਕਾਰਡ ਜਾਂ ਮੋਬਾਈਲ ਨੰਬਰ ਰਾਹੀਂ ਰਜਿਸਟਰੇਸ਼ਨ ਜਾਂਚੀ ਜਾਵੇਗੀ | ਵੈੱਬ ਪੋਰਟਲ ਤੇ ਰਜਿਸਟਰੇਸ਼ਨ ਹੋਣ ਤੇ ਹੀ ਫ਼ਸਲ ਖ਼ਰੀਦੀ ਜਾਵੇਗੀ |
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਅਜੀਤ