ਸਰਕਾਰ ਦੀ ਸਖ਼ਤੀ ਨਾਲ ਘਟੇ ਪਰਾਲੀ ਸਾੜਨ ਦੇ ਮਾਮਲੇ

November 07 2019

ਸੂਬੇ ਚ ਪਿਛਲੇ ਡੇਢ ਮਹੀਨੇ ਤੋਂ ਕਿਸਾਨ ਬੇਖੌਫ ਹੋ ਕੇ ਖੇਤਾਂ ਚ ਪਰਾਲੀ ਨੂੰ ਅੱਗ ਲਾ ਰਹੇ ਸਨ। ਕਿਸਾਨ ਨਾ ਤਾਂ ਸਰਕਾਰ ਦੀ ਗੱਲ ਸੁਣ ਰਹੇ ਸਨ ਤੇ ਨਾ ਹੀ ਸਬੰਧਤ ਵਿਭਾਗਾਂ ਦੀ। ਲਿਹਾਜ਼ਾ, ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਚ ਰਿਕਾਰਡ ਵਾਧਾ ਦਰਜ ਹੋਇਆ। ਪਰੰਤੂ ਮੰਗਲਵਾਰ ਨੂੰ ਜਿਵੇਂ ਹੀ ਸੁਪਰੀਮ ਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਸਰਕਾਰ ਹਰਕਤ ਚ ਆਈ ਅਤੇ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਧੜਾਧੜ ਗਿ੍ਫ਼ਤਾਰੀਆਂ ਕੀਤੀਆਂ, ਤਾਂ ਕੁਝ ਜ਼ਿਲਿ੍ਹਆਂ ਚ ਇਕਦਮ ਪਰਾਲੀ ਸਾੜਨ ਦੇ ਮਾਮਲਿਆਂ ਚ ਗਿਰਾਵਟ ਆਈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐੱਸਸੀ) ਦੇ ਐਗਰੋ ਈਕੋ ਸਿਸਟਮ ਤੇ ਕ੍ਰਾਪ ਮਾਡਿਲੰਗ ਡਵੀਜ਼ਨ ਵੱਲੋਂ ਸੈਟੇਲਾਈਟ ਜ਼ਰੀਏ ਲਈਆਂ ਗਈਆਂ ਤਸਵੀਰਾਂ ਅਨੁਸਾਰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਬੁੱਧਵਾਰ ਨੂੰ ਖੇਤਾਂ ਚ ਪਰਾਲੀ ਸਾੜਨ ਦੇ ਮਾਮਲੇ ਘੱਟ ਰਿਕਾਰਡ ਕੀਤੇ ਗਏ। ਪੀਆਰਐੱਸਸੀ ਮੁਤਾਬਕ 6 ਨਵੰਬਰ ਨੂੰ ਸੂਬੇ ਦੇ 22 ਜ਼ਿਲਿ੍ਹਆਂ ਚ 4741 ਖੇਤਾਂ ਚ ਪਰਾਲੀ ਸਾੜਨ ਦੇ ਮਾਮਲੇ ਸੈਟੇਲਾਈਟ ਤਸਵੀਰ ਚ ਸਾਹਮਣੇ ਆਏ ਹਨ। ਜਦਕਿ 5 ਨਵੰਬਰ ਨੂੰ 6698 ਖੇਤਾਂ ਚ ਅੱਗ ਲਾਈ ਗਈ ਸੀ। 4 ਨਵੰਬਰ ਨੂੰ 5953 ਖੇਤਾਂ ਚ ਅੱਗ ਲੱਗਣ ਦੇ ਮਾਮਲੇ ਸੈਟੇਲਾਈਟ ਤਸਵੀਰ ਚ ਰਿਕਾਰਡ ਹੋਏ ਸਨ। ਵਿਭਾਗ ਮੁਖੀ ਡਾ. ਅਨਿਲ ਸੂਦ ਅਨੁਸਾਰ ਪਰਾਲੀ ਸਾੜਨ ਦੇ ਮਾਮਲਿਆਂ ਚ ਅਚਾਨਕ ਆਈ ਕਮੀ ਦੀ ਵਜ੍ਹਾ ਪ੍ਰਸ਼ਾਸਨ ਦੀ ਸਖ਼ਤੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਾਫ਼ੀ ਚਲਾਨ ਕੀਤੇ ਸਨ। ਕਈ ਕਿਸਾਨਾਂ ਤੇ ਪਰਚੇ ਦਰਜ ਹੋਏ ਹਨ। ਹਾਲਾਂਕਿ ਫਿਰੋਜ਼ਪੁਰ, ਸੰਗਰੂਰ, ਮਾਨਸਾ, ਮੋਗਾ ਤੇ ਬਠਿੰਡਾ ਚ ਹਾਲੇ ਵੀ ਪਰਾਲੀ ਸਾੜਨ ਦੇ ਮਾਮਲੇ ਵੱਧ ਵੇਖੇ ਜਾ ਰਹੇ ਹਨ। ਚੰਗੀ ਗੱਲ ਇਹ ਹੈ ਕਿ ਬੁੱਧਵਾਰ ਨੂੰ ਬਾਕੀ ਦਿਨਾਂ ਦੇ ਮੁਕਾਬਲੇ ਪਰਾਲੀ ਘੱਟ ਸਾੜੀ ਗਈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ