ਸਮਰਾਲਾ ਦੀ ਅਨਾਜ ਮੰਡੀ ਚ ਝੋਨੇ ਦੀ ਆਮਦ ਹੋਈ ਤੇਜ਼

November 04 2019

ਸਮਰਾਲਾ ਦੀ ਅਨਾਜ ਮੰਡੀ ਚ ਇਸ ਵੇਲੇ ਝੋਨੇ ਦੀ ਆਮਦ ਭਾਵੇਂ ਤੇਜ਼ ਹੋ ਗਈ ਹੈ ਪਰ ਕਈ ਕਿਸਾਨ ਵੱਧ ਨਮੀ ਵਾਲੇ ਝੋਨੇ ਦੀ ਕਟਾਈ ਕਰਵਾਕੇ ਗਿੱਲਾ ਝੋਨਾ ਹੀ ਮੰਡੀ ਚ ਲਿਆ ਰਹੇ ਹਨ। ਜਿਸ ਕਰਕੇ ਮਾਰਕੀਟ ਕਮੇਟੀ ਵੱਲੋਂ ਝੋਨੇ ਦੀ ਚੈਕਿੰਗ ਕਰਨ ਉਪਰੰਤ ਵੱਧ ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਵਾਪਸ ਮੋੜੀਆਂ ਜਾ ਰਹੀਆਂ ਹਨ। ਕਿਉਂਕਿ ਇਸ ਵੇੇਲੇ ਮੰਡੀ ਦੇ ਤਕਰੀਬਨ ਸਾਰੇ ਫੜ੍ਹ ਝੋਨੇ ਦੀ ਫ਼ਸਲ ਨਾਲ ਭਰੇ ਹੋਏ ਹਨ। ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਕੁਮਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਬਿਲਕੁਲ ਸੁੱਕਾ ਝੋਨਾ ਵਢਾਉਣ ਨੂੰ ਹੀ ਤਰਜੀਹ ਦੇਣ ਤਾਂ ਕਿ ਮੰਡੀਆਂ ਚ ਖੱਜਲ-ਖੁਆਰ ਨਾਂ ਹੋਣਾ ਪਵੇ। ਮਾਰਕੀਟ ਕਮੇਟੀ ਤੋਂ 31 ਅਕਤੂਬਰ ਤੱਕ ਦੀ ਪ੍ਰਰਾਪਤ ਰਿਪੋਰਟ ਮੁਤਾਬਕ ਤੱਕ ਹੁਣ ਤੱਕ 53,271 ਟਨ ਝੋਨਾ ਵੱਖ-ਵੱਖ ਸਰਕਾਰੀ ਏਜੰਸੀਆਂ ਦੁਆਰਾ ਖਰੀਦਿਆ ਜਾ ਚੁੱਕਿਆ ਹੈ। ਜਿਸ ਚੋਂ ਪਰਗ੍ਰੇਨ 12,770 ਟਨ, ਮਾਰਕਫੈਡ 13,273 ਟਨ, ਪਨਸਪ 14,820 ਟਨ ਤੇ ਵੇਅਰ ਹਾਊਸ ਵੱਲੋਂ 12,408 ਟਨ ਝੋਨਾ ਖਰੀਦਿਆ ਜਾ ਚੁੱਕਿਆ ਹੈ। ਇਸ ਤਰ੍ਹਾਂ ਖਰੀਦੇ ਗਏ ਝੋਨੇ ਚੋਂ ਪਨਗ੍ਰੇਨ ਵੱਲੋਂ 8114 ਟਨ, ਮਾਰਕਫੈਡ ਵੱਲੋਂ 7443 ਟਨ, ਪਨਸਪ ਵੱਲੋਂ 10133 ਟਨ ਤੇ ਵੇਅਰ ਹਾਊਸ ਵੱਲੋਂ 6653 ਟਨ ਝੋਨੇ ਦੀ ਲਿਫਟਿੰਗ ਕਰਵਾਈ ਜਾ ਚੁੱਕੀ ਹੈ ਤੇ ਬਾਕੀ ਕਰੀਬ 20,928 ਟਨ ਝੋਨਾ ਮੰਡੀ ਚ ਬਾਕੀ ਪਿਆ ਹੈ। ਇਸੇ ਤਰ੍ਹਾਂ ਸਮਰਾਲਾ ਮੰਡੀ ਅਧੀਨ ਆਉਂਦੀ ਫੋਕਲ ਪੁਆਇੰਟ ਮਹਿਦੂਦਾਂ ਦੀ ਮੰਡੀ ਚ ਹੁਣ ਤੱਕ ਕੁਲ 8566 ਟਨ ਝੋਨੇ ਦੀ ਖਰੀਦ ਵੱਖ-ਵੱਖ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਜਾ ਚੁਕੀ ਹੈ। ਜਿਸ ਚੋਂ ਮਾਰਕਫੈਡ ਨੇ 2760 ਟਨ ਤੇ ਪਨਸਪ ਨੇ 5806 ਟਨ ਝੋਨਾ ਖਰੀਦਿਆ ਹੈ। ਖਰੀਦੇ ਗਏ ਇਸ ਝੋਨੇ ਚੋਂ ਮਾਰਕਫੈਡ ਵੱਲੋਂ 1650 ਟਨ ਤੇ ਪਨਸਪ ਵੱਲੋਂ 4266 ਟਨ ਝੋਨੇ ਦੀ ਚੁਕਾਈ ਕੀਤੀ ਗਈ ਹੈ ਤੇ ਬਾਕੀ 2650 ਟਨ ਝੋਨਾ ਮੰਡੀ ਚ ਬਾਕੀ ਪਿਆ ਹੈ। ਅਨਾਜ ਮੰਡੀ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ, ਯਾਦਵਿੰਦਰ ਸਿੰਘ ਯਾਦੂ ਭੰਗਲਾਂ, ਰਿੰਕੂ ਥਾਪਰ, ਵਿੱਕੀ ਢੰਡੇ, ਹਰਵਿੰਦਰ ਸਿੰਘ ਡਿੰਪਲ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਗੁਰਪਾਲ ਸਿੰਘ ਘੁੰਗਰਾਲੀ, ਕੁਲਵੰਤ ਸਿੰਘ ਪਪੜੌਦੀ, ਯੁਗਰਾਜ ਸਿੰਘ ਗਰੇਵਾਲ ਤੇ ਤਰਸੇਮ ਕੁਮਾਰ ਘੁੰਗਰਾਲੀ ਨੇ ਦੱਸਿਆ ਕਿ ਬੇਸ਼ਕ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦਾ ਭੁਗਤਾਨ ਆੜ੍ਹਤੀਆਂ ਨੂੰ ਨਾਲ ਹੁੰਦੇ ਹੀ ਦਿੱਤਾ ਜਾ ਰਿਹਾ ਹੈ ਪਰ ਮੰਡੀ ਚੋਂ ਝੋਨੇ ਦੀ ਚੁਕਾਈ ਦਾ ਕੰਮ ਮੱਠਾ ਹੈ ਜਿਸ ਕਰਕੇ ਮੰਡੀ ਚ ਤਿੱਲ ਸੁੱਟਣ ਜੋਗੀ ਥਾਂ ਵੀ ਬਾਕੀ ਨਹੀਂ ਬਚੀ। ਸਰਕਾਰੀ ਏਜੰਸੀਆਂ ਨੂੰ ਸਮੁੱਚੇ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਉਹ ਝੋਨੇ ਦੀ ਚੁਕਾਈ ਵੀ ਨਾਲੋ-ਨਾਲ ਕਰਵਾਉਣ ਤਾਂ ਕਿ ਮੰਡੀ ਚ ਝੋਨਾ ਸੁੱਟਣ ਆਏ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪਰੇਸ਼ਾਨੀ ਨਾਂ ਆਵੇ। ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਰੇਸ਼ਾਨੀ ਤੋਂ ਬਚਣ ਲਈ ਉਹ ਪੂਰੀ ਤਰ੍ਹਾਂ ਸੁੱਕਿਆ ਹੋਇਆ ਝੋਨਾ ਹੀ ਮੰਡੀ ਚ ਲਿਆਉਣ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ