ਵਿਸ਼ਵ ਯੂਨੀਵਰਸਿਟੀ ’ਚ ਖੇਤੀਬਾੜੀ ਵਿਗਿਆਨ ਵਿਸ਼ੇ ’ਤੇ ਕਾਨਫਰੰਸ

March 21 2019

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਬਾਟਨੀ ਅਤੇ ਵਾਤਾਵਰਨ ਵਿਭਾਗ ਅਤੇ ਖੇਤੀਬਾੜੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੀਸੈਂਟ ਐਡਵਾਂਸਜ਼ ਇਨ ਪਲਾਂਟ ਐਂਡ ਐਗਰੀਕਲਚਰ ਸਾਇੰਸਜ਼’ ਵਿਸ਼ੇ ’ਤੇ ਆਧਾਰਤ ਕਰਵਾਈ ਗਈ ਦੋ ਰੋਜ਼ਾ ਕੌਮੀ ਕਾਨਫਰੰਸ ਅੱਜ ਸਮਾਪਤ ਹੋ ਗਈ। ਕਾਨਫਰੰਸ ਦੇ ਸਮਾਪਤੀ ਸਮਾਗਮ ਸਮੇਂ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਉਪ ਕੁਲਪਤੀ ਪ੍ਰੋਫੈਸਰ ਹਰਚਰਨ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਪਤੀ ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਡਾ. ਪਰਿਤਪਾਲ ਸਿੰਘ ਨੇ ਕੀਤੀ। ਵਿਦਾਇਗੀ ਭਾਸ਼ਣ ਪੇਸ਼ ਕਰਦਿਆਂ ਡਾ. ਐਮ.ਆਈ.ਐੱਸ. ਸੱਗੂ ਨੇ ਕਿਹਾ ਕਿ ਰਵਾਇਤੀ ਖੇਤੀ ਚੱਕਰ ਛੱਡ ਕੇ ਮੈਡੀਸਨਲ ਪੌਦਿਆਂ ਦੀ ਖੇਤੀ ਕਰਨੀ ਚਾਹੀਦੀ ਹੈ। ਪ੍ਰੋਫੈਸਰ ਡਾ. ਏ.ਐੱਸ. ਆਹਲੂਵਾਲੀਆ ਨੇ ਕਿਹਾ ਕਿ ਵਾਤਾਵਰਨ ਤੌਰ ‘ਤੇ ਸਾਵੇਂ ਵਿਕਾਸ ਦਾ ਉਦੇਸ਼ ਜੀਵਨ ਸਹਾਇਤਾ ਪ੍ਰਣਾਲੀ ਨੂੰ ਖ਼ਤਰੇ ਤੋਂ ਬਿਨਾਂ ਮਨੁੱਖੀ ਭਲਾਈ ਜਾਂ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ। ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਵਿਕਾਸ ਦੇ ਨਾਂ ’ਤੇ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਡਾ. ਯਾਦਵਿੰਦਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਡਾ. ਜਸਪ੍ਰੀਤ ਕੌਰ ਇੰਚਾਰਜ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਇਸ ਦੋ ਰੋਜ਼ਾ ਕਾਨਫਰੰਸ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਆਏ ਲਗਪਗ 200 ਤੋਂ ਵੱਧ ਵਿਗਿਆਨੀਆਂ, ਖੋਜਾਰਥੀਆਂ, ਵਿਸ਼ਾ ਮਾਹਿਰਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸਮਾਪਤੀ ਉਪਰੰਤ ਪ੍ਰਕਾਸ਼ ਪੁਰਬ ਨੂੰ 550 ਬੂਟੇ ਲਗਾਉਣ ਦੀ ਮੁਹਿੰਮ ਵਿਚ ਬੂਟੇ ਲਗਾ ਕੇ ਆਪਣਾ ਯੋਗਦਾਨ ਪਾਇਆ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ