ਮੌਸਮ ’ਚ ਆਈ ਠੰਢਕ ਅਤੇ ਬੱਦਵਾਈ ਕਰਕੇ ਕਿਸਾਨਾਂ ਨੂੰ ਝੋਨਾ ਵੇਚਣ ’ਚ ਭਾਰੀ ਦਿੱਕਤ ਖੜ੍ਹੀ ਹੋ ਗਈ ਹੈ। ਪਿੰਡ ਛਾਜਲਾ ਦੇ ਖ੍ਰੀਦ ਕੇਂਦਰ ’ਚ ਝੋਨੇ ਦੀਆਂ ਢੇਰੀਆਂ ਦੀ ਰਾਖੀ ਬੈਠੇ ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਮੌਸਮ ਕਰਕੇ ਝੋਨੇ ਦੀ ਨਮੀ ਵੱਧ ਰਹੀ ਹੈ ਅਤੇ ਅਨਾਜ ਮੰਡੀ ’ਚ ਵਾਧੂ ਥਾਂ ਨਹੀਂ ਕਿ ਉਹ ਝੋਨੇ ਦੀਆਂ ਢੇਰੀਆਂ ਖਿਲਾਰਕੇ ਹਵਾ ਲਗਵਾ ਸਕਣ। ਉਨ੍ਹਾਂ ਕਿਹਾ ਕਿ ਨਮੀ ਇਸ ਵੇਲੇ 22 ਤੋਂ 32 ਵਿੱਚਕਾਰ ਆ ਰਹੀ ਹੈ ਅਤੇ ਨਮੀ ਵੱਧਣ ਕਰਕੇ ਇੱਕ ਕਿਸਾਨ ਦੀ ਢੇਰੀ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਖ੍ਰੀਦ ਅਧਿਕਾਰੀ ਨਮੀਂ 17 ਮੰਗਦੇ ਹਨ ਪਰ ਦੋ ਦਿਨਾਂ ਤੋਂ ਸੂਰਜ ਨਾ ਨਿਕਲਣ ਅਤੇ ਬੱਦਲਵਾਈ ਕਰਕੇ ਝੋਨੇ ਦੀ ਨਮੀ ਕਿਸੇ ਹੀਲੇ ਵੀ ਘੱਟ ਨਹੀਂ ਰਹੀ। ਕਿਸਾਨਾਂ ਨੇ ਦੱਸਿਆ ਕਿ ਅਜੇ ਨਮੀ ਵੱਧਣ ਕਰਕੇ ਖੇਤਾਂ ’ਚ ਕਾਫੀ ਝੋਨਾ ਖੜ੍ਹਾ ਹੈ ਅਤੇ ਮੰਡੀਆਂ ’ਚ ਥਾਂ ਦੀ ਘਾਟ ਕਰਕੇ ਉਹ ਕਟਵਾ ਵੀ ਨਹੀਂ ਸਕਦੇ। ਇਸੇ ਮੰਡੀ ’ਚ ਝੋਨਾ ਵੇਚਣ ਲਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਬੋਲੀ ’ਚ ਬਹੁਤ ਵੱਡੀ ਸਮੱਸਿਆਂ ਆ ਰਹੀ ਹੈ ਕਿਉਂਕਿ ਅਨਾਜ ਮੰਡੀਆਂ ’ਚੋ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ, ਕਿਸਾਨਾਂ ਨੂੰ ਰਾਤਾਂ ਦੀ ਰਾਖੀ ਰੱਖਣੀ ਪੈ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਅੱਜ ਤੱਕ ਕਿਸੇ ਕਿਸਾਨ ਨੂੰ ਧੇਲੇ ਦੀ ਅਦਾਇਗੀ ਨਹੀਂ ਹੋਈ ਜਦੋਂਕਿ ਕਿਸਾਨਾਂ ਨੇ ਕਣਕ ਦੀ ਬੀਜਾਈ ਲਈ ਡੇਏਪੀ ਖਾਦ ਖ੍ਰੀਦਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਤ ਬਰਕਰਾਰ ਰਹੀ ਤਾਂ ਕਣਕ ਦੀ ਬੀਜਾਈ ’ਚ ਦੇਰੀ ਹੋਣ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ