ਮੌਨਸੂਨ ਨੇ ਪੰਜਾਬ ਵਿੱਚ ਲਾਈ ਛਹਿਬਰ

July 13 2019

ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਮੌਨਸੂਨ ਦਾ ਭਰਵਾਂ ਮੀਂਹ ਪੈਣ ਨਾਲ ਮੌਸਮ ਵਿੱਚ ਤਬਦੀਲੀ ਆ ਗਈ ਹੈ। ਦੱਖਣੀ ਪੰਜਾਬ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਅੱਜ ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੇ ਵੱਡੇ ਹਿੱਸੇ ਵਿੱਚ ਮੀਂਹ ਪਿਆ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ, ਫ਼ਰੀਦਕੋਟ, ਰੂਪਨਗਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਚੰਗਾ ਮੀਂਹ ਪਿਆ। ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਨੇ ਰੰਗ ਬੰਨ੍ਹਿਆ ਹੋਇਆ ਹੈ ਅਤੇ ਅੱਜ ਵੀ ਸ਼ਹਿਰ ਵਿੱਚ 12.9 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਆਮ ਤੌਰ ’ਤੇ ਮੌਨਸੂਨ ਦੀ ਆਮਦ ਪਹਿਲੀ ਜੁਲਾਈ ਤੋਂ ਮੰਨੀ ਜਾਂਦੀ ਹੈ ਪਰ ਇਸ ਵਾਰ ਮੌਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤਾਂ ਇਸ ਦੀ ਆਮਦ 4 ਜੁਲਾਈ ਨੂੰ ਹੋ ਗਈ ਸੀ ਪਰ ਪੰਜਾਬ ਦੇ ਵੱਡੇ ਹਿੱਸੇ ’ਚ ਮੌਨਸੂਨ ਦੀ ਆਮਦ 9 ਜੁਲਾਈ ਨੂੰ ਹੋਈ ਹੈ।

ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਦੇ ਕੁੱਝ ਹਿੱਸੇ ਖ਼ਾਸ ਕਰ ਕੇ ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਮੌਨਸੂਨ ਤੋਂ ਪਹਿਲਾਂ ਤਾਂ ਭਰਵੀਂ ਬਾਰਿਸ਼ ਹੋਈ ਪਰ ਮੌਨਸੂਨ ਦੀ ਆਮਦ ਤੋਂ ਬਾਅਦ ਜ਼ਿਆਦਾ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਦੱਸਣਾ ਹੈ ਕਿ ਪਹਿਲੀ ਜੁਲਾਈ ਤੋਂ 11 ਜੁਲਾਈ ਤੱਕ ਪੰਜਾਬ ’ਚ ਆਮ ਤੌਰ ’ਤੇ 103.8 ਮਿਲੀਮੀਟਰ ਬਾਰਿਸ਼ ਸਧਾਰਨ ਮੌਨਸੂਨ ਮੰਨੀ ਜਾਂਦੀ ਹੈ ਪਰ ਇਸ ਵਾਰ ਰਫ਼ਤਾਰ ਮੱਠੀ ਹੋਣ ਕਾਰਨ 54.4 ਮਿਲੀਮੀਟਰ ਬਾਰਿਸ਼ ਹੀ ਹੋ ਸਕੀ ਹੈ। ਇਸ ਤਰ੍ਹਾਂ ਸਮੁੱਚੇ ਪੰਜਾਬ ਦੀ ਹਾਲਤ ਦੇਖੀ ਜਾਵੇ ਤਾਂ ਹੁਣ ਤੱਕ ਔਸਤ ਨਾਲੋਂ 47 ਫੀਸਦੀ ਘੱਟ ਮੀਂਹ ਪਿਆ ਹੈ। ਇਹ ਵੀ ਦੇਖਿਆ ਗਿਆ ਹੈ ਰੂਪਨਗਰ ਅਤੇ ਕੰਢੀ ਖੇਤਰ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਔਸਤ ਮੁਤਾਬਕ ਬਾਰਿਸ਼ ਹੋ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੁੱਚੇ ਪੰਜਾਬ ਵਿੱਚ ਹੁਣ ਮੌਨਸੂਨ ਸਰਗਰਮ ਹੈ ਅਤੇ ਕਿਸੇ ਨਾ ਕਿਸੇ ਥਾਂ ’ਤੇ ਰੋਜ਼ ਬਾਰਿਸ਼ ਹੁੰਦੀ ਰਹੇਗੀ ਪਰ ਝੜੀ ਲੱਗਣ ਦੇ ਕੋਈ ਆਸਾਰ ਨਹੀਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ