ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਵਿੱਚ ਪੁਰਾਤਨ ਸਮੇਂ ਦੇ ਅਨਾਜ ਕੋਧਰੇ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਦੇ ਲਾਜਵਾਬ ਪਕਵਾਨ ਛੱਡ ਕੇ ਭਾਈ ਲਾਲੋ ਦੇ ਘਰੋਂ ਕੋਧਰੇ ਦਾ ਪਕਵਾਨ ਛਕਿਆ ਸੀ। ਇਸ ਪੌਸ਼ਟਿਕ ਕੋਧਰੇ ਦੀ ਫ਼ਸਲ ਨੂੰ ਅਜੋਕੇ ਲੋਕ ਭੁੱਲ ਚੁੱਕੇ ਹਨ। ਇਹ ਫ਼ਸਲ ਬਰਾਨੀ ਖੇਤਾਂ ਵਿੱਚ ਬਹੁਤ ਘੱਟ ਮਿਹਨਤ ਨਾਲ ਪੈਦਾ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਗੁਰਮੁਖ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪੁਰਾਤਨ ਸਮੇਂ ਦੇ ਬਹੁਤ ਸਸਤੇ ਅਤੇ ਪੌਸ਼ਟਿਕ ਅਨਾਜ ਵਜੋਂ ਜਾਣਿਆ ਜਾਂਦਾ ਹੈ। ਸਸਤਾ ਹੋਣ ਕਾਰਨ ਇਸ ਅਨਾਜ ਨੂੰ ਗ਼ਰੀਬਾਂ ਦਾ ਅਨਾਜ ਵੀ ਕਿਹਾ ਜਾਂਦਾ ਹੈ। ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਇੰਡੀਅਨ ਇੰਸਟੀਚਿਊਟ ਆਫ਼ ਮਿਲੇਟਿਸ ਰਿਸਰਚ ਸੈਂਟਰ ਹੈਦਰਾਬਾਦ ਗਿਆ ਸੀ, ਜਿੱਥੇ ਉਸ ਸਮੇਤ ਪੰਜਾਬ ਦੇ ਦਰਜਨ ਤੋਂ ਵੱਧ ਕਿਸਾਨਾਂ ਨੇ ਪੁਰਾਣੇ ਅਨਾਜਾਂ ਨੂੰ ਉਗਾਉਣ ਸਬੰਧੀ ਵਿਸ਼ੇਸ਼ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕੋਧਰੇ, ਕੰਗਣੀ, ਮਡਲ, ਰਾਗੀ, ਸਵਾਂਕ, ਚੀਨਾ, ਸਾਵਾ ਬਾਜਰਾ ਅਤੇ ਜਵਾਰ ਅਦਿ ਮੋਟੇ ਅਨਾਜਾਂ ਨੂੰ ਬੀਜਣ ਅਤੇ ਉਗਾਉਣ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਪੰਜਾਬ ਵਿੱਚ ਪੁਰਾਤਨ ਸਮੇਂ ਕਰੀਬ 150 ਸਾਲ ਪਹਿਲਾਂ ਤੱਕ ਅਜਿਹੇ ਪੌਸ਼ਟਿਕ ਅਨਾਜ ਵੱਡੀ ਮਾਤਰਾ ਵਿੱਚ ਮੌਜੂਦ ਸਨ ਪਰ ਹਰੇ ਇਨਕਲਾਬ ਦੀ ਹਨੇਰੀ ਆਉਣ ਤੋਂ ਬਾਅਦ ਅਜਿਹੇ ਗੁਣਵੱਤਾ ਵਾਲੇ ਅਨਾਜ ਖ਼ਤਮ ਹੋ ਗਏ ਹਨ। ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚ ਪੈ ਕੇ ਆਪਣੀਆਂ ਰਵਾਇਤੀ ਫ਼ਸਲਾਂ ਅਤੇ ਉਨ੍ਹਾਂ ਦੇ ਬੀਜ ਗੁਆ ਚੁੱਕੇ ਹਨ। ਗੁਰਮੁਖ ਸਿੰਘ ਨੇ ਦੱਸਿਆ ਕਿ ਇਹ ਅਨਾਜ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਅਜੇ ਵੀ ਬੀਜੇ ਜਾਂਦੇ ਹਨ ਅਤੇ ਇਹ ਉਨ੍ਹਾਂ ਦੀ ਖ਼ੁਰਾਕ ਦਾ ਅਹਿਮ ਹਿੱਸਾ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ