ਹਲਕਾ ਸ਼ੁਤਰਾਣਾ ਦੇ ਪਿੰਡ ਕੂਆਡੇਰੀ ਦਾ ਕਿਸਾਨ ਜਸਵੀਰ ਸਿੰਘ ਜਿਥੇ ਅਰਬੀ ਦੀ ਖੇਤੀ ਕਰ ਕੇ ਖ਼ੁਦ ਮੁਨਾਫਾ ਕਮਾ ਰਿਹਾ ਹੈ, ਉਥੇ ਉਹ ਹੋਰਨਾਂ ਕਿਸਾਨਾਂ ਨੂੰ ਵੀ ਬਦਲਵੀਂ ਖੇਤੀ ਵੱਲ ਪ੍ਰੇਰਿਤ ਕਰ ਰਿਹਾ ਹੈ। 17 ਏਕੜ ਜ਼ਮੀਨ ਦੇ ਮਾਲਕ ਇਸ ਕਿਸਾਨ ਵੱਲੋਂ ਆਪਣੇ ਖੇਤਾਂ ਹੱਥੀਂ ਕੰਮ ਕੀਤਾ ਜਾਂਦਾ ਹੈ, ਜਦੋਂ ਕਿ ਪੰਜਾਬ ਦੇ ਬਹੁਤੇ ਕਿਸਾਨ ਹੱਥੀਂ ਮਿਹਨਤ ਕਰਨੀ ਛੱਡ ਕੇ ਮਜ਼ਦੂਰਾਂ ਤੇ ਨਿਰਭਰ ਹੋ ਗਏ ਹਨ। ਮਜ਼ਦੂਰਾਂ ਤੇ ਨਿਰਭਰ ਹੋਣ ਕਾਰਨ ਜਿਥੇ ਖੇਤੀ ਖਰਚੇ ਵੱਧ ਰਹੇ ਹਨ, ਉਥੇ ਹੀ ਕਰਜ਼ਿਆਂ ਦੀ ਪੰਡ ਭਾਰੀ ਹੋ ਰਹੀ ਹੈ।
ਸਮਾਜ ਸੇਵੀ ਬ੍ਰਿਸ਼ਭਾਨ ਬੁਜਰਕ ਨੇ ਕਿਹਾ ਕਿ ਇਸ ਕਿਸਾਨ ਦੀ ਖੁਸ਼ਹਾਲੀ ਪਿੱਛੇ ਇਸ ਪਰਿਵਾਰ ਦੀ ਸਖਤ ਮਿਹਨਤ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਅਤੇ ਖੇਤਾਂ ਚ ਪੂਰੀ ਲਗਨ ਨਾਲ ਆਪਣੇ ਹੱਥੀਂ ਕੰਮ ਕਰਦੇ ਹਨ, ਜਿਸ ਕਰ ਕੇ ਕਣਕ ਦੇ ਚਾਰ ਏਕੜ ਦੀ ਕਮਾਈ ਇਕ ਏਕੜ ਅਰਬੀ ਚੋਂ ਹੀ ਕਰ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫਸਲ ਦਾ ਮੁੱਲ ਲੈਣ ਲਈ ਖੁਦ ਜਾਗਰੂਕ ਹੋ ਕੇ ਖੇਤੀ ਕਰਨੀ ਪੈਣੀ ਹੈ ਪਰ ਪੰਜਾਬ ਦੇ ਨੌਜਵਾਨ ਖੇਤੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜੇਕਰ ਵਿਊਂਤਬੰਦੀ ਨਾਲ ਖੇਤੀ ਕੀਤੀ ਜਾਵੇ ਤਾਂ ਪੰਜਾਬ ਦੀ ਧਰਤੀ ਚੋਂ ਸੋਨਾ ਪੈਦਾ ਹੈ ਸਕਦਾ ਹੈ, ਜਿਸ ਤਰ੍ਹਾਂ ਕਿਸਾਨ ਜਸਵੀਰ ਸਿੰਘ ਕਰ ਰਿਹਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਤੇ ਪੰਚਾਇਤ ਮੈਂਬਰ ਵੀ ਮੌਜੂਦ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ