ਪੀਏਯੂ ਨੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ ਬਗੀਚੀ ਦੇ ਪਸਾਰ ਲਈ ਇਕ ਹੋਰ ਸਮਝੌਤਾ ਕੀਤਾ

July 11 2020

ਪੀਏਯੂ ਨੇ ਅਰਬਨ ਹੌਟੀਕਲਚਰ ਸਲਿਊਸ਼ਨਜ਼,ਸਾਮ੍ਹਣੇ ਓਬਰਾਏ ਬੁਟੀਕ,ਰਾਮ ਬਜ਼ਾਰ ਗੁਰਾਇਆ,ਜ਼ਿਲ੍ਹਾ ਜਲੰਧਰ ਨਾਲ ਇਕ ਸੰਧੀ ‘ਤੇ ਦਸਤਖ਼ਤ ਕੀਤੇ। ਇਹ ਸੰਧੀ ਪੀਏਯੂ ਵਲੋਂ ਸਿਫ਼ਾਰਸ਼ ਕੀਤੀ ਜਾਣ ਵਾਲੀ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ-ਬਗੀਚੀ ਦੇ ਪਸਾਰ ਲਈ ਕੀਤੀ ਗਈ। ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ ਡਾ ਕੇ ਐੱਸ ਥਿੰਦ ਅਤੇ ਸੰਬੰਧਿਤ ਫਰਮ ਵੱਲੋਂ ਦਮਨਪ੍ਰੀਤ ਸਿੰਘ ਨੇ ਸੰਧੀ ਦੇ ਕਾਗਜ਼ਾਂ ‘ਤੇ ਦਸਤਖ਼ਤ ਕੀਤੇ।

ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਨੇ ਸਮਝੌਤੇ ‘ਤੇ ਸਹੀ ਪਾਉਣ ਵਾਲੀ ਫਰਮ ਨੂੰ ਇਸ ਵਪਾਰੀਕਰਨ ਦੀ ਜ਼ਿੰਮੇਵਾਰੀ ਲੈਣ ਲਈ ਵਧਾਈ ਦਿੱਤੀ। ਉਨ੍ਹਾਂ ਪੀਏਯੂ ਵਲੋਂ ਵਿਕਸਿਤ ਤਕਨੀਕਾਂ ਦੇ ਬਿਹਤਰ ਵਪਾਰਕ ਸਿੱਟਿਆਂ ‘ਤੇ ਵੀ ਰੌਸ਼ਨੀ ਪਾਈ ।

ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਖੋਜ ਇੰਜੀਨੀਅਰ ਡਾ ਕੇ ਜੀ ਸਿੰਘ ਅਤੇ ਭੂਮੀ ਅਤੇ ਪਾਣੀ ਇੰਜਨੀਰਿੰਗ ਵਿਭਾਗ ਵਿਚ ਸਹਾਇਕ ਫਸਲ ਵਿਗਿਆਨੀ ਡਾ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀਏਯੂ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਦੀਆਂ ਲੋੜਾਂ ਅਨੁਸਾਰ ਪੌਸ਼ਟਿਕ ਸਬਜ਼ੀਆਂ ਦੀ ਇਕ ਮਿੱਟੀ ਰਹਿਤ ਛੱਤ ਬਗੀਚੀ ਦੇ ਮਾਡਲ ਦਾ ਵਿਕਾਸ ਕਰਨ ਵਾਲੀ ਪਹਿਲੀ ਸੰਸਥਾ ਹੈ।

ਇਹ ਤਕਨੀਕ ਭੂਮੀ ਅਤੇ ਪਾਣੀ ਇੰਜਨੀਰਿੰਗ ਵਿਭਾਗ ਵਲੋਂ ਆਲ ਇੰਡੀਆ ਕੋਆਰਡੀਨੇਟਡ ਖੋਜ ਪ੍ਰੈਜੈਕਟ ਤਹਿਤ ਵਿਕਸਿਤ ਕੀਤੀ ਗਈ ਹੈ। ਇਸ ਤਕਨੀਕ ਲਈ 12.6 ਵਰਗ ਮੀਟਰ ਜਗ੍ਹਾ ਦੀ ਲੋੜ ਹੈ ਜਿਸਦੀ ਲੰਬਾਈ ਚੌੜਾਈ ਮੁਤਾਬਕ ਮਿਣਤੀ 4.2 ਮੀਟਰ × 3 ਮੀਟਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 2 ਤੋਂ 4 ਜੀਆਂ ਦੇ ਪਰਿਵਾਰ ਦੀ ਲੋੜ ਲਈ ਕੁੱਲ 20 ਵਰਗ ਮੀਟਰ (5.5 ਮੀਟਰ×3.6 ਮੀਟਰ) ਜਗ੍ਹਾ ਕਾਫੀ ਹੈ। ਇਸ ਵਿਚ 10 ਸਬਜ਼ੀਆਂ ਜਿਨ੍ਹਾਂ ਵਿਚ ਟਮਾਟਰ, ਖੀਰਾ, ਬਰੋਕਲੀ, ਪਾਲਕ ਚੀਨੀ ਸਰੋਂ ਆਦਿ ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾ ਸਕਦੀਆਂ ਹਨ।

ਡਾ ਕੇ ਜੀ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਤਕਨੀਕ ਦੇ ਪਸਾਰ ਲਈ ਪੀਏਯੂ ਨੇ ਉੱਘੀਆਂ ਉਦਯੋਗਿਕ ਫਰਮਾਂ ਨਾਲ 7 ਸਮਝੌਤੇ ਕੀਤੇ ਹਨ। ਅਡਜੰਕਟ ਪ੍ਰੋਫੈਸਰ ਡਾ ਐੱਸ ਐੱਸ ਚਾਹਲ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਏਯੂ ਨੇ ਹੁਣ ਤੱਕ 53 ਤਕਨੀਕਾਂ ਦੇ ਵਿਕਾਸ ਲਈ 225 ਸੰਧੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਸਰੋਂ ਦੀ ਦੋਗਲੀ ਕਿਸਮ, ਮਿਰਚ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਅਨਾਜ ਸੁਕਾਉਣ ਵਾਲੀ ਸੌਰ ਮਸ਼ੀਨ, ਪਾਣੀ ਪਰਖ ਕਿੱਟ, ਸੇਬ ਸਿਰਕਾ ਆਦਿ ਪ੍ਰਮੁੱਖ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman