ਪਰਾਲੀ ਤੋਂ ਤੂੜੀ ਬਣਾ ਕੇ ਦੂਜੇ ਸੂਬਿਆਂ ਚ ਭੇਜਦੈ ਨੌਜਵਾਨ ਕਿਸਾਨ ਅਮਰਦੀਪ

November 15 2019

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਦੇ ਨੌਜਵਾਨ ਅਮਰਦੀਪ ਸਿੰਘ ਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਪਰਾਲੀ ਨੂੰ ਤੂੜੀ ਵਿਚ ਤਬਦੀਲ ਕਰ ਕੇ ਇਸਦੀਆਂ ਗੱਠਾਂ ਬਣਾ ਕੇ ਦੂਜੇ ਸੂਬਿਆਂ ਨੂੰ ਭੇਜਣ ਦਾ ਪ੍ਰਰਾਜੈਕਟ ਲਾਇਆ ਹੈ। 

ਕਰਮਜੀਤ ਸਿੰਘ, ਮਨਦੀਪ ਸਿੰਘ, ਰਵਨੀਤ ਸਿੰਘ, ਮਨਦੀਪ ਸਿੰਘ ਤੇ ਯਾਦਵਿੰਦਰ ਸਿੰਘ ਨਾਲ ਮਿਲ ਕੇ ਅਮਰਦੀਪ ਸਿੰਘ ਮਿੰਟੂ ਨੇ ਹੁਣ ਤਕ ਕਰੀਬ 1900 ਏਕੜ ਰਕਬੇ ਚੋਂ ਪਰਾਲੀ ਇਕੱਠੀ ਕਰ ਕੇ ਇਸਨੂੰ ਸੜਨ ਤੋਂ ਰੋਕਿਆ ਹੈ। ਅਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੇ ਦੋ ਬੇਲਰ ਹਨ, ਜਿਨ੍ਹਾਂ ਰਾਹੀਂ ਉਹ ਖੇਤਾਂ ਤੋਂ ਔਸਤ 20 ਕਿੱਲੋ ਦੀ ਗੱਠ ਬਣਾ ਕੇ ਪਰਾਲੀ ਨੂੰ ਆਪਣੇ ਪਲਾਂਟ ਚ ਇਕੱਠਾ ਕਰਦੇ ਹਨ। ਫਿਰ ਪਰਾਲੀ ਨੂੰ ਮਸ਼ੀਨ ਨਾਲ ਪਹਿਲਾਂ ਤੂੜੀ ਵਿਚ ਬਦਲਿਆ ਜਾਂਦਾ ਹੈ ਅਤੇ ਫਿਰ ਦੂਸਰੀ ਮਸ਼ੀਨ ਨਾਲ ਇਸ ਤੂੜੀ ਦੀ 2 ਕੁਇੰਟਲ 10 ਕਿੱਲੋ ਦੀ ਇਕ ਗੱਠ ਬਣਾਈ ਜਾਂਦੀ ਹੈ। 

ਅਮਰਦੀਪ ਸਿੰਘ ਨੇ ਦੱਸਿਆ ਕਿ ਉਹ ਤੂੜੀ ਦੀਆਂ ਇਹ ਗੱਠਾਂ ਪਸ਼ੂ ਚਾਰੇ ਵਜੋਂ ਵਰਤਣ ਲਈ ਉਨ੍ਹਾਂ ਸੂਬਿਆਂ ਨੂੰ ਭੇਜਦੇ ਹਨ, ਜਿੱਥੇ ਹਰੇ ਚਾਰੇ ਦੀ ਘਾਟ ਹੁੰਦੀ ਹੈ। ਉਨ੍ਹਾਂ ਵੱਲੋਂ ਇਹ ਗੱਠਾਂ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਨੂੰ ਭੇਜੀਆਂ ਜਾਂਦੀਆਂ ਹਨ। ਉਧਰ, ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਕੁਮਾਰ ਨੇ ਅਜਿਹੇ ਉਧਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪਰਾਲੀ ਸਮੱਸਿਆ ਨਹੀਂ ਹੈ, ਸਗੋਂ ਜਾਇਦਾਦ ਹੈ। ਬਸ਼ਰਤੇ ਅਸੀਂ ਇਸਦਾ ਸਹੀ ਤਰੀਕੇ ਨਾਲ ਨਿਪਟਾਰਾ ਕਰ ਲਈਏ। ਉਨ੍ਹਾਂ ਨੇ ਕਿਸਾਨਾਂ ਨੂੰ ਅਮਰਦੀਪ ਸਿੰਘ ਤੇ ਉਸਦੇ ਸਾਥੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ