ਦੁਨੀਆਂ ਨੂੰ ਜ਼ੀਰੋ ਬਜਟ ਖੇਤੀ ਕਰਨਾ ਸਿਖਾ ਰਿਹੈ ਵਿਦਰਭ ਦਾ ਕਿਸਾਨ ਸੁਭਾਸ਼ ਪਾਲੇਕਰ

July 10 2019

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਲ 2019-20 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਇਸ ਵਿਚ ਜਿਸ ਸ਼ਬਦ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਐ ਜ਼ੀਰੋ ਬਜਟ ਖੇਤੀ । ਭਾਵ ਕਿ ਉਹ ਖੇਤੀ ਜਿਸ ਤੇ ਕੋਈ ਲਾਗਤ ਨਹੀਂ ਲਗਦੀ। ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਜ਼ੀਰੋ ਬਜਟ ਖੇਤੀ ਨੂੰ ਬੜ੍ਹਾਵਾ ਦੇਵੇਗੀ। ਇਸ ਤੋਂ ਪਹਿਲਾਂ ਵੀ ਨਵੀਂ-ਨਵੀਂ ਬਣੀ ਮੋਦੀ ਸਰਕਾਰ ਨੇ ਜ਼ੀਰੋ ਬਜਟ ਖੇਤੀ ਦੇ ਜਨਕ ਸੁਭਾਸ਼ ਪਾਲੇਕਰ ਦੀ ਖੋਜ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਸੀ।

ਜ਼ੀਰੋ ਲਾਗਤ ਖੇਤੀ ਦੇ ਜਨਮਦਾਤਾ ਸੁਭਾਸ਼ ਪਾਲੇਕਰ ਮਹਾਰਾਸ਼ਟਰ ਚ ਵਿਦਰਭ ਖੇਤਰ ਦੇ ਅਮਰਾਵਤੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੀ ਚਰਚਾ ਅੱਜਕੱਲ੍ਹ ਦੇਸ਼-ਵਿਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਤੋਂ ਲੈ ਕੇ ਖੇਤ-ਖਲਿਆਣਾਂ ਤਕ ਹੁੰਦੀ ਹੈ। ਕੁੱਝ ਸਾਲ ਪਹਿਲਾਂ ਸੋਚਿਆ ਵੀ ਨਹੀਂ ਸਕਦਾ ਸੀ ਕਿ ਬਜ਼ਾਰ ਤੋਂ ਬਿਨਾਂ ਕੋਈ ਸਮਾਨ ਖ਼ਰੀਦੇ ਅਤੇ ਬਿਨਾ ਕਿਸੇ ਲਾਗਤ ਦੇ ਵੀ ਕਿਸਾਨ ਅਪਣੀ ਖੇਤੀ ਤੋਂ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ। ਪਰ ਇਸ ਨੂੰ ਸੁਭਾਸ਼ ਪਾਲੇਕਰ ਨੇ ਸੱਚ ਕਰਕੇ ਦਿਖਾਇਆ ਹੈ। ਇਸ ਸਮੇਂ ਉਹ ਲਖਨਊ ਵਿਚ ਉਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਬਾਰੇ ਸਿਖਲਾਈ ਦੇ ਰਹੇ ਹਨ।

ਦਰਅਸਲ ਖੇਤੀਬਾੜੀ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੁਭਾਸ਼ ਪਾਲੇਕਰ ਨੇ ਅਪਣੇ ਪਿੰਡ ਵਿਚ ਇਕ ਕਿਸਾਨ ਦੇ ਰੂਪ ਵਿਚ 1973 ਤੋਂ ਲੈ ਕੇ 1985 ਤਕ ਖੇਤੀ ਕੀਤੀ ਪਰ ਆਧੁਨਿਕ ਅਤੇ ਰਸਾਇਣਕ ਖੇਤੀ ਕਰਨ ਤੋਂ ਬਾਅਦ ਵੀ ਜਦੋਂ ਪੈਦਾਵਾਰ ਨਹੀਂ ਵਧੀ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਉਨ੍ਹਾਂ ਨੇ ਕਈ ਖੇਤੀ ਮਾਹਿਰਾਂ ਨੂੰ ਇਸ ਦਾ ਹੱਲ ਵੀ ਪੁੱਛਿਆ ਪਰ ਕੁੱਝ ਹਾਸਲ ਨਹੀਂ ਹੋ ਸਕਿਆ। ਫਿਰ ਇਕ ਦਿਨ ਸੁਭਾਸ਼ ਪਾਲੇਕਰ ਇਸ ਦਾ ਹੱਲ ਲੱਭਣ ਲਈ ਜੰਗਲਾਂ ਵੱਲ ਚਲੇ ਗਏ, ਜਿੱਥੇ ਉਨ੍ਹਾਂ ਦੇ ਮਨ ਵਿਚ ਸਵਾਲ ਪੈਦਾ ਹੋਇਆ ਕਿ ਮਨੁੱਖੀ ਸਹਾਇਤਾ ਤੋਂ ਬਿਨਾਂ ਖੜ੍ਹੇ ਹਰੇ-ਭਰੇ ਜੰਗਲਾਂ ਵਿਚ ਕੌਣ ਖਾਦ ਪਾਉਂਦੈ? ਜਦੋਂ ਇਹ ਬਿਨਾਂ ਰਸਾਇਣਕ ਖਾਦਾਂ ਤੋਂ ਖੜ੍ਹੇ ਰਹਿ ਸਕਦੇ ਨੇ ਤਾਂ ਸਾਡੇ ਖੇਤ ਕਿਉਂ ਨਹੀਂ? ਇਸੇ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਜ਼ੀਰੋ ਲਾਗਤ ਵਾਲੀ ਖੇਤੀ ਕਰਨ ਦੀ ਖੋਜ ਸ਼ੁਰੂ ਹੋਈ।

ਆਖ਼ਰਕਾਰ 15 ਸਾਲਾਂ ਦੀ ਡੂੰਘੀ ਖੋਜ ਤੋਂ ਬਾਅਦ ਸੁਭਾਸ਼ ਪਾਲੇਕਰ ਨੇ ਇਕ ਤਕਨੀਕ ਵਿਕਸਤ ਕੀਤੀ, ਜਿਸ ਨੂੰ ਜ਼ੀਰੋ ਲਾਗਤ ਕੁਦਰਤੀ ਖੇਤੀ ਦਾ ਨਾਂਅ ਦਿੱਤਾ ਗਿਆ ਹੈ। ਇਸ ਤਕਨੀਕ ਦੇ ਪ੍ਰਚਾਰ ਪ੍ਰਸਾਰ ਲਈ ਉਹ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਲੱਗੇ। ਪਿਛਲੇ 20 ਸਾਲਾਂ ਤੋਂ ਲਗਾਤਾਰ ਜ਼ੀਰੋ ਲਾਗਤ ਕੁਦਰਤੀ ਖੇਤੀ ਦੀ ਟ੍ਰੇਨਿੰਗ ਦੇਣ ਲਈ ਉਹ ਸਿਰਫ਼ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਗਏ। ਅੱਜ ਇਸ ਤਕਨੀਕ ਨੂੰ ਅਪਣਾ ਕੇ ਦੇਸ਼ ਦੇ ਕਰੀਬ 50 ਲੱਖ ਕਿਸਾਨ ਚੰਗਾ ਮੁਨਾਫ਼ਾ ਕਮਾ ਰਹੇ ਹਨ ਖੇਤੀ ਖੇਤਰ ਵਿਚ ਪਾਏ ਗਏ ਇਸ ਯੋਗਦਾਨ ਦੇ ਬਦਲੇ ਭਾਰਤ ਸਰਕਾਰ ਵੱਲੋਂ 2016 ਵਿਚ ਸੁਭਾਸ਼ ਪਾਲੇਕਰ ਨੂੰ ਪਦਮਸ੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।

ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸੁਭਾਸ਼ ਪਾਲੇਕਰ ਕਿਸਾਨਾਂ ਨੂੰ ਮੁਫ਼ਤ ਟ੍ਰੇਨਿੰਗ ਦੇ ਰਹੇ ਹਨ। ਉਹ ਖੇਤੀ ਵਿਗਿਆਨੀ ਦੇ ਨਾਲ-ਨਾਲ ਸੰਪਾਦਕ ਵੀ ਹਨ 1966 ਤੋਂ ਲੈ ਕੇ 1998 ਤਕ ਖੇਤੀ ਪੱਤ੍ਰਿਕਾ ਦਾ ਸੰਪਾਦਨ ਵੀ ਕਰ ਚੁੱਕੇ ਹਨ। ਇਸ ਦੇ ਨਾਲ ਉਹ ਹੀ ਹਿੰਦੀ, ਅੰਗਰੇਜ਼ੀ, ਮਰਾਠੀ ਸਮੇਤ ਕਈ ਭਾਸ਼ਾਵਾਂ ਵਿਚ 15 ਤੋਂ ਜ਼ਿਆਦਾ ਕਿਤਾਬਾਂ ਲਿਖ ਚੁੱਕੇ ਹਨ। ਸੁਭਾਸ਼ ਵੱਲੋਂ ਵਿਕਸਤ ਕੀਤੀ ਤਕਨੀਕ ਤੇ ਆਈਆਈਟੀ ਦਿੱਲੀ ਦੇ ਵਿਦਿਆਰਥੀ ਖੋਜ ਵੀ ਕਰ ਰਹੇ ਹਨ। ਸੁਭਾਸ਼ ਪਾਲੇਕਰ ਦੀ ਇਸ ਤਕਨੀਕ ਨੂੰ ਅਪਣਾ ਕੇ ਵੱਡੀ ਗਿਣਤੀ ਵਿਚ ਨੌਜਵਾਨ ਖੇਤੀਬਾੜੀ ਵਿਚ ਅਪਣਾ ਕਰੀਅਰ ਬਣਾ ਰਹੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ