ਕਿਸਾਨ 12 ਸਾਲਾਂ ਤੋਂ ਨਹੀਂ ਸਾੜ ਰਿਹਾ ਝੋਨੇ ਦੀ ਪਰਾਲੀ

November 07 2019

ਪਰਾਲੀ ਭਾਵੇਂ ਸਰਕਾਰ ਤੇ ਕਿਸਾਨਾਂ ਦੀ ਗਲ਼ੇ ਦੀ ਹੱਡੀ ਬਣੀ ਹੋਈ ਹੈ ਤੇ ਮਜਬੂਰਨ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਦੇ ਹਨ, ਪਰ ਬਠਿੰਡਾ ਦੇ ਪਿੰਡ ਕਰਮਗੜ੍ਹ ਸਤਰਾਂ ਦਾ ਕਿਸਾਨ ਮਨਜਿੰਦਰ ਸਿੰਘ ਪਿਛਲੇ 12 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਹੈਪੀ ਸੀਡਰ ਨਾਲ ਖੜ੍ਹੇ ਕਰਚਿਆਂ ਚ ਹੀ ਕਣਕ ਦੀ ਬਿਜਾਈ ਕਰ ਰਿਹਾ ਹੈ।

ਗੱਲਬਾਤ ਦੌਰਾਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਕੋਈ ਸਾਰਥਕ ਹੱਲ ਨਹੀਂ ਕੱਿਢਆ ਗਿਆ। ਝੋਨੇ ਦੀ ਪਰਾਲੀ ਨੂੰ ਖੇਤਾਂ ਚੋਂ ਬਾਹਰ ਕੱਢਣ ਲਈ ਪ੍ਰਤੀ ਏਕੜ ਲਗਪਗ ਪੰਜ ਹਜ਼ਾਰ ਰੁਪਏ ਦੇ ਕਰੀਬ ਖ਼ਰਚਾ ਆਉਂਦਾ ਹੈ, ਜਿਸ ਕਰਕੇ ਮਜਬੂਰਨ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤ ਚ ਹੀ ਅੱਗ ਲਾ ਕੇ ਸਾੜ ਦਿੰਦਾ ਹੈ। ਪਰ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਉਹ ਖੇਤ ਵਿਚ ਨਹੀਂ ਸਾੜਦਾ। ਝੋਨੇ ਦੀ ਪਰਾਲੀ ਨਾ ਸਾੜਨ ਦਾ ਉਸ ਨੂੰ ਲਾਭ ਇਹ ਮਿਲਦਾ ਹੈ ਕਿ ਉਹ ਝੋਨੇ ਦੀ ਫ਼ਸਲ ਚ ਕਣਕ ਬੀਜਣ ਸਮੇਂ 25 ਕਿੱਲੋ ਡੀਏਪੀ ਘੱਟ ਪਾਉਂਦਾ ਹੈ। ਉਸ ਨੇ ਝੋਨੇ ਦੀ ਕਟਾਈ ਤੋਂ ਬਾਅਦ ਅਗਲੇ ਦਿਨ ਹੀ ਆਪਣੇ ਖੇਤਾਂ ਵਿਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਦਿੱਤੀ ਹੈ। ਉਸ ਨੇ ਇਹ ਵੀ ਦੱਸਿਆ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਸਿਰੇ ਨਹੀਂ ਚੜ੍ਹਦੇ। ਉਸ ਦਾ ਕਹਿਣਾ ਹੈ ਕਿ ਉਸ ਨੇ ਸਬਸਿਡੀ ਤੇ ਮਿਲਣ ਵਾਲੇ ਸੰਦਾਂ ਲਈ ਫਾਇਲ ਭਰੀ ਸੀ, ਪਰ ਉਸ ਨੂੰ ਅਜੇ ਤਕ ਇਹ ਸਬਸਿਡੀ ਵਾਲੇ ਸੰਦ ਨਹੀਂ ਮਿਲੇ। ਕਿਸਾਨ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਤੇ ਪੰਜਾਬ ਸਰਕਾਰ ਨੇ ਉਸ ਵੱਲੋਂ ਕੀਤੇ ਜਾ ਰਹੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੇ ਉਪਰਾਲੇ ਲਈ ਕਦੇ ਕੋਈ ਹੌਂਸਲਾ ਅਫ਼ਜਾਈ ਨਹੀਂ ਕੀਤੀ ਤੇ ਨਾ ਹੀ ਉਸ ਨੂੰ ਸਮੇਂ ਸਿਰ ਕੋਈ ਖੇਤੀ ਸੰਦ ਸਬਸਿਡੀ ਤੇ ਦਿੱਤੇ ਹਨ। ਸਰਕਾਰ ਨੇ ਲਾਰਿਆਂ ਦੀ ਨੀਤੀ ਅਪਣਾਈ ਹੋਈ ਹੈ।

ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਪਰਾਲੀ ਨੂੰ ਨਹੀਂ ਸਾੜਦੇ, ਉਨ੍ਹਾਂ ਨੂੰ ਸੰਦ ਸਬਸਿਡੀ ਤੇ ਦਿੱਤੇ ਜਾਂਦੇ ਹਨ। ਮਨਜਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਚ ਕਣਕ ਬੀਜਣ ਦੀ ਵਿਸ਼ੇਸ਼ਤਾ ਇਹ ਹੈ ਕਿ 25 ਤੋਂ 30 ਕਿੱਲੋ ਡੀਏਪੀ ਪ੍ਰਤੀ ਏਕੜ ਉਹ ਪਾਉਂਦਾ ਆ ਰਿਹਾ ਹੈ। ਇਸ ਨਾਲ ਜਿੱਥੇ 20 ਤੋਂ 25 ਕਿੱਲੋ ਡੀਏਪੀ ਦੀ ਬਚਤ ਹੁੰਦੀ ਹੈ, ਉੱਥੇ ਹੀ 20 ਤੋਂ 25 ਕਿੱਲੋ ਕਣਕ ਪ੍ਰਤੀ ਏਕੜ ਵੱਧ ਬਿਜਾਈ ਹੁੰਦੀ ਹੈ। ਅਜਿਹਾ ਕਰਨ ਨਾਲ ਜ਼ਮੀਨੀ ਬੋਰਾਂ ਦੇ ਪਾਣੀ ਨਾਲ ਸਿਹਤ ਖ਼ਰਾਬ ਨਹੀਂ ਹੁੰਦੀ ਤੇ ਜ਼ਮੀਨ ਨਰਮ ਹੋਣ ਦੇ ਬਾਵਜੂਦ ਆਪਣੇ ਚ ਜ਼ਿਆਦਾ ਸਮੇਂ ਲਈ ਸੈੱਲ ਰੱਖ ਸਕਦੀ ਹੈ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਖੇਤਾਂ ਚ ਹੀ ਵਾਹੁਣ ਨਾਲ ਉਪਜਾਊ ਸ਼ਕਤੀ ਵਧਦੀ ਹੈ। ਤਵੀਆਂ ਨਾਲ ਪੰਜ ਵਾਰ ਅਤੇ ਰੋਟਾਵੇਟਰ ਨਾਲ ਦੋ-ਤਿੰਨ ਵਾਰ ਵਾਹ ਕੇ ਬਿਜਾਈ ਕੀਤੀ ਜਾਂਦੀ ਹੈ, ਜਿਸ ਨਾਲ ਵੱਡਾ ਆਰਥਿਕ ਬੋਝ ਕਿਸਾਨਾਂ ਤੇ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਹੀ ਸੰਦ ਮੁਹੱਈਆ ਹੋਣੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਦੇ ਖ਼ਰਚੇ ਘੱਟ ਹੋ ਸਕਣ ਤੇ ਕਿਸਾਨ ਖੇਤਾਂ ਚ ਝੋਨੇ ਦੀ ਪਰਾਲੀ ਨਾ ਸਾੜਣ। ਇਸ ਮੌਕੇ ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਅੱਗੇ ਵੀ ਅਜਿਹੀ ਖੇਤੀ ਕਰਦਾ ਰਹੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ