ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਝੋਨੇ ਦੀ ਖ਼ਰੀਦ ਲਈ 30 ਨਵੰਬਰ ਤਕ ਨਕਦ ਕਰਜ਼ਾ ਹੱਦ (ਸੀਸੀਐੱਲ) ਵਧਾ ਦਿੱਤੀ ਹੈ। ਰਿਜ਼ਰਵ ਬੈਂਕ ਵੱਲੋਂ ਸੀਸੀਐੱਲ ਵਧਾਉਣੀ ਸਰਕਾਰ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰੀ ਬੁਲਾਰੇ ਨੇ ਦਾਅਵਾ ਕੀਤਾ ਕਿ 6 ਨਵੰਬਰ ਤਕ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 16721.23 ਕਰੋੜ ਰੁਪਏ ਦੀ ਰਿਕਾਰਡ ਅਦਾਇਗੀ ਕਰ ਦਿੱਤੀ ਹੈ।
ਸਾਉਣੀ-2019 ਦੇ ਮੰਡੀਕਰਨ ਸੀਜ਼ਨ ਲਈ ਨਵੇਂ ਖਾਤੇ-4 ਹੇਠ ਝੋਨੇ ਦੀ ਖ਼ਰੀਦ ਵਾਸਤੇ ਮਿਆਦ ਵਿਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨਾਵਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।
ਬੁਲਾਰੇ ਨੇ ਦੱਸਿਆ ਕਿ ਹੁਣ ਤਕ ਕਿਸਾਨਾਂ ਨੂੰ 16721.23 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਹੁਣ ਤਕ 135.88 ਲੱਖ ਮੀਟਿ੍ਰਕ ਟਨ ਕੁਲ ਖ਼ਰੀਦ ਕੀਤੀ ਗਈ ਹੈ। ਇਸ ਵਿਚੋਂ 134.97 ਲੱਖ ਮੀਟਿ੍ਰਕ ਟਨ ਝੋਨਾ 6 ਨਵੰਬਰ, 2019 ਤਕ ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ ਖਰੀਦਿਆ ਜਾ ਚੁੱਕਾ ਹੈ ਅਤੇ 116.64 ਲੱਖ ਮੀਟਿ੍ਰਕ ਟਨ ਝੋਨਾ ਮੰਡੀਆਂ ਚੋਂ ਚੁੱਕ ਲਿਆ ਗਿਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ