arabian-horse.jpg

ਆਮ ਜਾਣਕਾਰੀ

ਇਸ ਨਸਲ ਦਾ ਮੂਲ ਸਥਾਨ ਅਰਬੀ ਦੇਸ਼ ਹੈ। ਹੁਣ ਇਹ ਯੂ. ਐੱਸ., ਕਨੇਡਾ, ਦੱਖਣੀ ਅਮਰੀਕਾ, ਯੂ. ਕੇ., ਯੂਰੋਪ ਅਤੇ ਆਸਟ੍ਰੇਲੀਆ ਦੇਸ਼ਾਂ ਵਿੱਚ ਵੀ ਪਾਈ ਜਾਂਦੀ ਹੈ। ਇਸ ਨਸਲ ਨੂੰ ਇਨ੍ਹਾਂ ਦੀ ਤੇਜ਼ ਰਫਤਾਰ, ਸਹਿਣਸ਼ੀਲਤਾ ਅਤੇ ਮਜ਼ਬੂਤ ਹੱਡੀਆਂ ਦੇ ਕਾਰਨ ਘੋੜ-ਸਵਾਰੀ ਵਾਲੇ ਘੋੜਿਆਂ ਵਿੱਚ ਜਾਣਿਆ ਜਾਂਦਾ ਹੈ। ਅਰਬੀ ਘੋੜਿਆਂ ਦਾ ਔਸਤਨ ਭਾਰ 950 ਪਾਊਂਡ ਹੁੰਦਾ ਹੈ। ਇਨ੍ਹਾਂ ਦਾ ਸਿਰ ਅਤੇ ਕੰਨ ਛੋਟੇ, ਸਿਰ ਪੱਧਰਾ, ਛੋਟਾ-ਤਿੱਖਾ ਮੂੰਹ, ਲੱਕ ਛੋਟਾ, ਛਾਤੀ ਭਾਰੀ, ਗਰਦਨ ਲੰਬੀ ਅਤੇ ਸਰੀਰ ਸੁਡੋਲ ਹੁੰਦਾ ਹੈ।

ਖੁਰਾਕ ਪ੍ਰਬੰਧ

ਇਸ ਨਸਲ ਦੇ ਘੋੜਿਆਂ ਨੂੰ ਸਿਹਤਮੰਦ, ਪੋਸ਼ਕ ਅਤੇ ਰੱਜਵੀਂ ਖੁਰਾਕ ਦਿਓ। ਇਹ ਪੁੰਗਰਿਆ ਅਨਾਜ ਖਾਣਾ ਪਸੰਦ ਕਰਦੇ ਹਨ। ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।

ਸਾਂਭ ਸੰਭਾਲ

ਘੋੜਿਆਂ ਨੂੰ ਸ਼ੈੱਡ ਵਿੱਚ ਜਾਂ ਖੁੱਲੀ ਜਗ੍ਹਾ ਵਿੱਚ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੇ ਰਹਿਣ ਦੀ ਜਗ੍ਹਾ ਤੇਜ਼ ਹਵਾ ਅਤੇ ਵਰਖਾ ਤੋਂ ਬਚਾਉਣ ਵਾਲੀ ਹੋਣੀ ਚਾਹੀਦੀ ਹੈ। ਘੋੜਿਆਂ ਦੇ ਸ਼ੈੱਡ ਵਿੱਚ ਸਾਫ ਪਾਣੀ ਅਤੇ ਹਵਾ ਦਾ ਪ੍ਰਬੰਧ ਯਕੀਨੀ ਬਣਾਓ। ਸਰਦੀਆਂ ਦੇ ਮੌਸਮ ਵਿੱਚ ਘੋੜਿਆਂ ਨੂੰ ਸ਼ੈੱਡ ਤੋਂ ਬਾਹਰ ਨਾ ਰੱਖੋ ਅਤੇ ਉਨ੍ਹਾਂ 'ਤੇ ਕੋਈ ਮੋਟਾ ਕੱਪੜਾ ਵੀ ਪਾ ਦਿਓ। ਗਰਮੀਆਂ ਵਿੱਚ ਘੋੜਿਆਂ ਨੂੰ ਖੁੱਲੀ ਅਤੇ ਛਾਂ ਵਾਲੀ ਜਗ੍ਹਾ 'ਤੇ ਬੰਨੋ ਅਤੇ ਵਾੜਾਂ ਵੀ ਜ਼ਰੂਰ ਲਗਾਓ।

ਗੱਭਣ ਘੋੜੀਆਂ ਦੀ ਦੇਖ-ਭਾਲ: ਇਨ੍ਹਾਂ ਵਿੱਚ ਜਣਨ ਕਿਰਿਆ ਅੱਧ-ਦੇਰ ਬਹਾਰ ਵਿੱਚ ਹੁੰਦੀ ਹੈ, ਜਦੋਂ ਨਰ ਦੀ ਉਮਰ ਘੱਟ ਤੋਂ ਘੱਟ 4 ਸਾਲ ਅਤੇ ਮਾਦਾ ਦੀ ਉਮਰ 5-6 ਸਾਲ ਹੋ ਜਾਂਦੀ ਹੈ। ਇਨ੍ਹਾਂ ਵਿੱਚ ਗਰਭ ਦਾ ਸਮਾਂ 340 ਦਿਨ ਹੁੰਦਾ ਹੈ ਅਤੇ ਇਹ ਇੱਕ ਸਮੇਂ ਇੱਕ ਵਛੇਰੇ ਨੂੰ ਜਨਮ ਦਿੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪ੍ਰਜਣਨ ਤੋਂ ਬਾਅਦ ਘੋੜੀ ਦਾ ਭਾਰ 9-12% ਵੱਧਦਾ ਹੈ। ਗਰਭ-ਅਵਸਥਾ ਵਿੱਚ ਘੋੜੀ ਨੂੰ ਵਧੀਆ ਕੁਆਲਿਟੀ ਦਾ ਅਲਫਾਲਫਾ ਜਾਂ ਘਾਹ ਦੇਣਾ ਚਾਹੀਦਾ ਹੈ। ਘੋੜੀ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ ਵਿੱਚ ਨਮਕ-ਕੈਲਸ਼ੀਅਮ-ਫਾਸਫੋਰਸ ਮਿਲਾ ਕੇ ਦੇਣਾ ਚਾਹੀਦਾ ਹੈ।

ਨਵੇਂ ਜੰਮੇ ਵਛੇਰੇ ਦੀ ਦੇਖ-ਭਾਲ: ਜਨਮ ਤੋਂ ਤੁਰੰਤ ਬਾਅਦ ਵਛੇਰੇ ਦਾ ਸਾਹ ਚੈੱਕ ਕੀਤਾ ਜਾਂਦਾ ਹੈ। ਜੇਕਰ ਵਛੇਰਾ ਸਾਹ ਨਾ ਲੈ ਰਿਹਾ ਹੋਵੇ ਤਾਂ ਇਸਦੇ ਸਰੀਰ ਨੂੰ ਰਗੜਿਆ ਜਾਂਦਾ ਹੈ ਜਾਂ ਉਸਨੂੰ ਮੂੰਹ ਰਾਹੀਂ ਹਵਾ ਦਿੱਤੀ ਜਾਂਦੀ ਹੈ। ਇਸ ਨਾਲ ਸਾਹ ਪ੍ਰਣਾਲੀ ਨੂੰ ਮਦਦ ਮਿਲਦੀ ਹੈ। ਜਨਮ ਤੋਂ ਤੁਰੰਤ ਬਾਅਦ ਨਾੜੂ ਨੂੰ ਨਾ ਕੱਟੋ, ਕਿਉਂਕਿ ਇਹ ਵਛੇਰੇ ਨੂੰ ਘੋੜੀ ਤੋਂ ਖੂਨ ਲੈਣ ਵਿੱਚ ਮਦਦ ਕਰਦਾ ਹੈ। ਨਾੜੂ ਨੂੰ 1-2% ਆਇਓਡੀਨ ਨਾਲ ਸਾਫ ਕਰੋ।

ਸੂਣ ਤੋਂ ਬਾਅਦ ਘੋੜੀ ਦੀ ਦੇਖ-ਭਾਲ: ਸੂਣ ਤੋਂ ਬਾਅਦ ਘੋੜੀ ਨੂੰ ਨਿਯਮਿਤ ਜਾਂਚ ਦੀ ਲੋੜ ਹੁੰਦੀ ਹੈ। ਘੋੜੀ ਦੇ ਆਰਾਮ ਲਈ ਚੰਗੀ ਕੁਆਲਿਟੀ ਵਾਲਾ ਸੁੱਕਾ ਚਾਰਾ ਦਿਓ। ਆਹਾਰ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਜ਼ਰੂਰ ਹੋਣਾ ਚਾਹੀਦਾ ਹੈ। ਡੀਵਾਰਮਿੰਗ ਆਈਵਰਮੈਕਟਿਨ ਦੇ ਕੇ ਕੀਤੀ ਜਾਣੀ ਚਾਹੀਦੀ ਹੈ। ਆਹਾਰ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੇ ਨਾਲ-ਨਾਲ ਵਿਟਾਮਿਨ ਏ ਅਤੇ ਡੀ ਵੀ ਜ਼ਰੂਰ ਦਿਓ।

ਸਿਫਾਰਿਸ਼ ਕੀਤਾ ਗਿਆ ਟੀਕਾਕਰਣ: ਘੋੜੇ ਦੀ ਚੰਗੀ ਸਿਹਤ ਲਈ ਸਹੀ ਸਮੇਂ 'ਤੇ ਟੀਕਾਕਰਣ ਅਤੇ ਡੀ-ਲਾਇਸਿੰਗ ਦੀ ਲੋੜ ਹੁੰਦੀ ਹੈ। ਘੋੜਿਆਂ ਲਈ ਇਨਫਲੂਏਂਜ਼ਾ ਦਾ ਟੀਕਾਕਰਣ ਜ਼ਰੂਰ ਕਰਾਓ। ਸਾਲ ਵਿੱਚ ਇੱਕ ਵਾਰ ਡੀਵਾਰਮਿੰਗ ਜ਼ਰੂਰ ਕਰਵਾਓ। ਘੋੜਿਆਂ ਦੀ ਚੰਗੀ ਸਿਹਤ ਲਈ ਕੁੱਝ ਜ਼ਰੂਰੀ ਟੀਕੇ ਅਤੇ ਦਵਾਈਆਂ ਇਸ ਪ੍ਰਕਾਰ ਹਨ:-
•    ਟੈੱਟਨਸ ਦਾ ਪਹਿਲਾ ਟੀਕਾ 3-4 ਮਹੀਨੇ ਅਤੇ ਦੂਜਾ ਟੀਕਾ, ਪਹਿਲੇ ਟੀਕੇ ਤੋਂ 4-5 ਮਹੀਨੇ ਬਾਅਦ ਲਗਵਾਓ।
•    ਘੋੜਿਆਂ ਵਿੱਚ ਇਕਵਾਈਨ ਇਨਫਲੂਏਂਜ਼ਾ ਨੂੰ ਰੋਕਣ ਲਈ WEE ਅਤੇ EEE ਦੀਆਂ ਤਿੰਨ ਖੁਰਾਕਾਂ ਦਿਓ।
•    ਪੱਛਮੀ ਨੀਲ ਵਿਸ਼ਾਣੂ ਤੋਂ ਬਚਾਅ ਲਈ ਦੋ ਟੀਕੇ, ਪਹਿਲਾ 4-6 ਮਹੀਨੇ ਵਿੱਚ ਅਤੇ ਦੂਜਾ ਪਹਿਲੇ ਟੀਕੇ ਤੋਂ 1 ਮਹੀਨੇ ਬਾਅਦ ਲਗਵਾਓ।
•    ਟਾਕਸਾਈਡ ਦਾ ਟੀਕਾ 3 ਵਾਰ 30 ਦਿਨਾਂ ਦੇ ਵਕਫੇ 'ਤੇ 2-3 ਮਹੀਨੇ ਦੇ ਬਛੇਰੇ/ਬਛੇਰੀ ਨੂੰ ਲਗਵਾਓ।
•    ਜਦੋਂ ਬਛੇਰਾ/ਬਛੇਰੀ 6-12 ਮਹੀਨੇ ਦਾ ਹੋਵੇ ਤਾਂ ਵਾਇਰਲ ਅਰਟੇਰਾਇਟਿਸ ਤੋਂ ਬਚਾਅ ਲਈ ਇੱਕ ਖੁਰਾਕ ਦਿਓ।

ਬਿਮਾਰੀਆਂ ਅਤੇ ਰੋਕਥਾਮ

ਟੈੱਟਨਸ: ਇਹ ਬਿਮਾਰੀ ਕਲੋਸਟਰੀਡੀਅਮ ਬੋਟੁਲਿਨੁਮ ਬੈਕਟੀਰੀਆ ਦੇ ਕਾਰਨ ਹੁੰਦੀ ਹੈ। ਇਸਦਾ ਮੁੱਖ ਕਾਰਨ ਕੋਈ ਸੱਟ ਜਾਂ ਆਪ੍ਰੇਸ਼ਨ ਹੋ ਸਕਦਾ ਹੈ।
ਇਲਾਜ: ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਟੈੱਟਨਸ ਦਾ ਟੀਕਾ ਜ਼ਰੂਰ ਲਗਵਾਓ। 

 

 

 

 •ਗਠੀਆ: ਇਹ ਬਿਮਾਰੀ ਜ਼ਿਆਦਾਤਰ ਵੱਡੀ ਉਮਰ ਵਾਲੇ ਘੋੜਿਆਂ ਵਿੱਚ ਪਾਈ ਜਾਂਦੀ ਹੈ। ਇਸ ਬਿਮਾਰੀ ਕਾਰਨ ਜੋੜਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਜੋੜਾਂ ਕੋਲ ਤਰਲ ਦੀ ਮਾਤਰਾ ਵਧਣ ਨਾਲ ਸੋਜ ਬਾਹਰ ਵੀ ਦਿਖਾਈ ਦੇਣ ਲੱਗਦੀ ਹੈ। ਸਿੱਟੇ ਵਜੋਂ ਘੋੜਾ ਜ਼ਿਆਦਾ ਦਰਦ ਹੋਣ ਕਾਰਨ ਤਕਲੀਫ਼ ਮਹਿਸੂਸ ਕਰਦਾ ਹੈ।
ਇਲਾਜ: ਗਠੀਏ ਦੇ ਇਲਾਜ ਲਈ ਫੀਰੋਕੋਕਸਿਬ ਨਾਂ ਦੀ ਪੇਸਟ ਨਾਲ ਕੀਤਾ ਜਾ ਸਕਦਾ ਹੈ।

 

 

•ਐਕੁਆਇਨ ਰ੍ਹੈਬਡੋਮਾਇਲੋਸਿਸ(ਅਜ਼ੋਟੁਰੀਆ): ਇਹ ਬਿਮਾਰੀ ਮਾਸਪੇਸ਼ੀਆਂ ਦੇ ਟਿਸ਼ੂ ਦੀ ਟੁੱਟ-ਭੱਜ ਕਾਰਨ ਹੁੰਦੀ ਹੈ। ਇਸ ਬਿਮਾਰੀ ਦਾ ਮੁੱਖ ਕਾਰਨ ਵਿਟਾਮਿਨ ਦੀ ਘਾਟ ਜਾਂ ਘੋੜੇ ਨੂੰ ਮਾੜੇ ਹਾਲਾਤ ਵਿੱਚ ਰੱਖਣਾ ਵੀ ਹੋ ਸਕਦਾ ਹੈ। ਇਸ ਬਿਮਾਰੀ ਨਾਲ ਮਾਸ-ਪੇਸ਼ੀਆਂ ਵਿੱਚ ਦਰਦ, ਅਕੜਾਹਟ ਅਤੇ ਚਾਲ ਅਜੀਬ ਹੋ ਜਾਂਦੀ ਹੈ।

 


•ਡਿਸਟੈਂਪਰ/ਸਟਰੈਂਗਲਸ: ਇਹ ਸਾਹ ਵਾਲੀ ਛੂਤ ਦੀ ਬਿਮਾਰੀ ਹੈ ਜੋ ਕਿ ਬੈਕਟੀਰੀਆ ਦੇ ਕਾਰਨ ਹੁੰਦੀ ਹੈ।ਇਸ ਬਿਮਾਰੀ ਦੇ ਮੁੱਖ ਲੱਛਣ ਨੱਕ ਵਗਣਾ, ਬੁਖਾਰ ਹੋਣਾ ਅਤੇ ਭੁੱਖ ਘੱਟ ਲੱਗਣਾ ਆਦਿ ਹਨ।
ਇਲਾਜ: ਇਸ ਬਿਮਾਰੀ ਨੂੰ ਰੋਕਣ ਲਈ ਸਾਲ ਵਿੱਚ ਇੱਕ ਵਾਰੀ ਟੀਕਾ ਜ਼ਰੂਰ ਲਗਵਾਓ।

 

 


•ਐਕੁਆਇਨ ਇੰਨਫਲੂਏਂਜ਼ਾ(ਫਲੂ/ਜੁਕਾਮ): ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਵਿਸ਼ਾਣੂ ਦੁਆਰਾ ਹੁੰਦੀ ਹੈ। ਇਸਦੇ ਮੁੱਖ ਲੱਛਣ ਰੇਸ਼ੇ ਵਾਲਾ ਨੱਕ ਵਗਣਾ, ਖੰਘ ਹੋਣਾ ਤਣਾਅ ਅਤੇ ਭੁੱਖ ਘੱਟ ਲੱਗਣਾ ਆਦਿ ਹਨ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਸਾਲ ਵਿੱਚ ਦੋ ਵਾਰ ਟੀਕ ਲਗਵਾਓ।

 

•ਰ੍ਹਾਈਨੋ ਨਿਊਮੋਨੀਟਿਸ:
ਇਹ ਇੱਕ ਸਾਹ ਦੀ ਬਿਮਾਰੀ ਹੈ ਜੋ ਮੁੱਖ ਤੌਰ 'ਤੇ ਵਿਸ਼ਾਣੂ ਦੇ ਕਾਰਨ ਹੁੰਦੀ ਹੈ।ਇਸਦੇ ਮੁੱਖ ਲੱਛਣ ਜ਼ੁਕਾਮ, ਖੰਘ, ਨੱਕ ਵਗਣਾ ਅਤੇ ਬੁਖਾਰ ਆਦਿ ਹਨ।
ਇਲਾਜ: ਇਸ ਬਿਮਾਰੀ ਦਾ ਟੀਕਾ ਸਾਲ 'ਚ ਦੋ ਵਾਰੀ ਲਗਵਾਓ।

 

 


•ਐਕੁਆਇਨ ਏਨਸਫੈਲੋਮਾਈਲਿਟਿਸ (ਦਿਮਾਗ ਜਾਂ ਰੀੜ ਦੀ ਹੱਡੀ 'ਤੇ ਸੋਜ): ਇਹ ਬਿਮਾਰੀ ਵਿਸ਼ਾਣੂ ਕਾਰਨ ਹੁੰਦੀ ਹੈ। ਇਹ ਬਿਮਾਰੀ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਜਾਨਲੇਵਾ ਹੈ। ਇਸਦੇ ਮੁੱਖ ਲੱਛਣ ਪਹਿਲਾਂ ਬੁਖਾਰ, ਉਤੇਜਨਸ਼ੀਲਤਾ ਆਦਿ ਅਤੇ ਬਾਅਦ ਵਿੱਚ ਨਿਰਾਸ਼ਾ, ਸੁਸਤੀ ਆਦਿ ਹਨ। ਥੋੜ੍ਹੀ ਦੇਰ ਬਾਅਦ ਘੋੜੇ ਨੂੰ ਲਕਵਾ ਹੋ ਜਾਂਦਾ ਹੈ ਅਤੇ 2-4 ਦਿਨ ਬਾਅਦ ਘੋੜੇ ਦੀ ਮੌਤ ਹੋ ਜਾਂਦੀ ਹੈ।
ਇਲਾਜ: ਉੱਤਰੀ ਇਲਾਕਿਆਂ ਵਿੱਚ ਇਸ ਬਿਮਾਰੀ ਦਾ ਟੀਕਾ ਇੱਕ ਵਾਰ ਅਤੇ ਗਰਮ ਜਾਂ ਨਮੀ ਵਾਲੇ ਇਲਾਕਿਆਂ ਵਿੱਚ 3-6 ਮਹੀਨੇ ਦੇ ਵਕਫੇ ਨਾਲ ਟੀਕਾ ਲਗਵਾਓ।

•ਰੇਬੀਜ਼(ਹਲਕਾਅ): ਇਹ ਬਿਮਾਰੀ ਮੁੱਖ ਤੌਰ 'ਤੇ ਹਲਕਾਅ ਵਾਲੇ ਜਾਨਵਰ ਤੋਂ ਨਿਰੋਗ ਜਾਨਵਰ ਨੂੰ ਕੱਟਣ ਨਾਲ ਫੈਲਦੀ ਹੈ। ਇਸਦੇ ਮੁੱਖ ਲੱਛਣ ਸੁਭਾਅ ਵਿੱਚ ਤਬਦੀਲੀ, ਨਿਰਾਸ਼ਾ ਅਤੇ ਤਾਲਮੇਲ ਵਿੱਚ ਘਾਟ ਆਦਿ ਹਨ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਸਾਲ ਵਿੱਚ ਇੱਕ ਵਾਰ ਟੀਕਾ ਲਗਵਾਓ।

 

 

 
•ਅੰਤੜੀਆਂ ਦੇ ਕੀੜੇ:
ਆਮ ਤੌਰ 'ਤੇ ਘੋੜਿਆਂ ਵਿੱਚ ਇਹ ਕੀੜੇ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਮਾਤਰਾ ਵਧਣ ਨਾਲ ਇਹ ਮੌਤ ਦਾ ਕਾਰਨ ਵੀ ਬਣ ਸਕਦੇ ਹਨ।
ਇਲਾਜ: ਇਨ੍ਹਾਂ ਦੇ ਇਲਾਜ ਲਈ ਕੀੜੇ ਮਾਰਨ ਵਾਲੀਆਂ ਦਵਾਈਆਂ ਵਰਤੋ। ਨਮੀ ਵਾਲੇ ਇਲਾਕਿਆਂ ਵਿੱਚ 1 ਮਹੀਨੇ ਦੇ ਵਕਫੇ 'ਤੇ ਅਤੇ ਖੁਸ਼ਕ ਇਲਾਕਿਆਂ ਵਿੱਚ 3 ਮਹੀਨੇ ਦੇ ਵਕਫੇ 'ਤੇ ਦਵਾਈਆਂ ਦੀ ਵਰਤੋਂ ਕਰੋ।

 

 

•ਕੋਲਿਕ(ਪੇਟ ਦਰਦ): ਕੋਲਿਕ ਜਾਂ ਪੇਟ ਦਰਦ ਕਿਸੇ ਵੀ ਸਮੇਂ ਹਲਕੇ ਦਰਦ ਤੋਂ ਭਾਰੀ ਤਕਲੀਫ਼ ਵਿੱਚ ਬਦਲ ਸਕਦਾ ਹੈ। ਇਸਦਾ ਮੁੱਖ ਕਾਰਨ ਪੇਟ ਵਿੱਚ ਕੀੜੇ ਹੋਣਾ, ਖਰਾਬ ਚਾਰਾ ਅਤੇ ਗੈਸ ਆਦਿ ਹੋ ਸਕਦੇ ਹਨ। ਇਸਦੇ ਮੁੱਖ ਲੱਛਣ ਸੁਸਤੀ, ਲੇਟਣਾ ਅਤੇ ਪੇਟ 'ਤੇ ਦੰਦੀ ਵੱਢਣਾ ਆਦਿ ਹਨ।
ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਚੁਕੰਦਰ ਦੀ ਮਿੱਝ ਜਾਂ ਛਾਣਿਆ ਹੋਇਆ ਦਲੀਆ ਦਿਓ।

 

 

•ਲੇਮੀਨੀਟਿਸ: ਇਹ ਬਿਮਾਰੀ ਜ਼ਿਆਦਾ ਅਨਾਜ ਖਾਣ ਜਾਂ ਜ਼ਿਆਦਾ ਹਰੇ ਚਾਰੇ ਨੂੰ ਖਾਣ ਨਾਲ ਹੁੰਦੀ ਹੈ।
ਇਲਾਜ: ਅਨਾਜ ਨੂੰ ਚਾਰੇ ਵਿੱਚ ਦੇਣਾ ਫੌਰਨ ਬੰਦ ਕਰ ਦਿਓ ਅਤੇ ਤੁਰੰਤ ਡਾਕਟਰ ਦੀ ਸਹਾਇਤਾ ਲਓ।