white-button-mushrooms.jpg

ਆਮ ਜਾਣਕਾਰੀ

ਖੁੰਭ ਪ੍ਰੋਟੀਨ, ਵਿਟਾਮਿਨ, ਫੋਲਿਕ ਅਤੇ ਆਇਰਨ ਦਾ ਵਧੀਆ ਸ੍ਰੋਤ ਹੈ। ਇਹ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਲਾਹੇਵੰਦ ਹੈ। ਇਸ ਦੀ ਖੇਤੀ ਸੰਸਾਰ ਭਰ ਵਿੱਚ 200 ਤੋਂ ਵੀ ਵੱਧ ਸਾਲਾਂ ਤੋਂ ਕੀਤੀ ਜਾ ਰਹੀ ਹੈ। ਭਾਰਤ ਵਿੱਚ ਵਰਤਮਾਨ ਸਾਲਾਂ ਵਿੱਚ ਇਸ ਦੀ ਖੇਤੀ ਵਪਾਰਕ ਤੌਰ ਤੇ ਸ਼ੁਰੂ ਹੋਈ ਹੈ। ਇਸ ਨੂੰ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਉਗਾਇਆ ਜਾਂਦਾ ਹੈ। ਖੁੰਭ ਦੀ ਖੇਤੀ ਕੋਈ ਵੀ ਕਰ ਸਕਦਾ ਹੈ ਜਿਵੇਂ ਘਰੇਲੂ ਔਰਤਾਂ, ਰਿਟਾਇਰਡ ਵਿਅਕਤੀ ਆਦਿ। ਇਸ ਦੀ ਖੇਤੀ ਦੇ ਲਈ ਘੱਟ ਜਗ੍ਹਾ ਦੀ ਲੋੜ ਹੁੰਦੀ ਹੈ। ਢੀਂਗਰੀ ਖੁੰਭ ਦੀ ਖੇਤੀ ਬਹੁਤ ਆਸਾਨ ਹੈ ਅਤੇ ਬਹੁਤ ਘੱਟ ਨਿਵੇਸ਼ ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਇਸ ਦੀ ਖੇਤੀ ਬਹੁਤ ਪ੍ਰਸਿੱਧ ਹੈ ਅਤੇ ਰਾਜਸਥਾਨ ਵਿੱਚ ਦਿਨ ਪ੍ਰਤੀਦਿਨ ਵੱਧਦੀ ਜਾ ਰਹੀ ਹੈ।

ਮਿੱਟੀ

ਖੁੰਭ ਦੀ ਖੇਤੀ ਚੰਗੇ ਹਵਾਦਾਰ ਕਮਰੇ, ਸ਼ੈੱਡ, ਬੇਸਮੈਂਟ, ਗੈਰੇਜ ਆਦਿ ਵਿੱਚ ਕੀਤੀ ਜਾ ਸਕਦੀ ਹੈ। ਪੈਡੀ ਸਟਰਾੱਅ ਖੁੰਭ ਨੂੰ ਬਾਹਰ ਛਾਂ ਵਾਲੇ ਸਥਾਨ ਤੇ ਉਗਾਇਆ ਜਾਂਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਭਾਰਤ ਵਿੱਚ ਤਿੰਨ ਪ੍ਰਕਾਰ ਦੇ ਖੁੰਭ ਨੂੰ ਉਗਾਇਆ ਜਾਂਦਾ ਹੈ।

ਬਟਨ ਖੁੰਭ

ਇਸ ਕਿਸਮ ਨੂੰ ਪੂਰੇ ਸੰਸਾਰ ਵਿੱਚ ਉਗਾਇਆ ਜਾਂਦਾ ਹੈ ਅਤੇ ਪੂਰਾ ਸਾਲ ਉਗਾਇਆ ਜਾ ਸਕਦਾ ਹੈ, ਚਿੱਟੀ ਬਟਨ ਖੁੰਭ ਵਿੱਚ ਉੱਚ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ। ਇਸ ਨੂੰ ਖਾਣ ਲਈ ਤਾਜ਼ਾ ਅਤੇ ਡੱਬਾ ਬੰਦ ਵੀ ਵਰਤਿਆ ਜਾ ਸਕਦਾ ਹੈ। ਇਸ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਹਨ। ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਮੁੱਖ ਖੁੰਭ ਉਗਾਉਣ ਵਾਲੇ ਰਾਜ ਹਨ।

ਉੱਤਰ ਪ੍ਰਦੇਸ਼ ਵਿੱਚ ਬਟਨ ਖੁੰਭ ਉਗਾਉਣ ਲਈ ਨਵੰਬਰ ਤੋਂ ਮਾਰਚ ਦਾ ਮਹੀਨਾ ਉਚਿੱਤ ਹੁੰਦਾ ਹੈ। ਚੰਗੇ ਵਾਧੇ ਲਈ ਇਸ ਨੂੰ 22-25° ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਖੁੰਭ ਨਿਕਲਦੇ ਸਮੇਂ ਇਸ ਨੂੰ 14-18° ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ।

ਸਟਰਾੱਅ ਖੁੰਭ

ਇਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਉਗਾਈ ਜਾਣ ਵਾਲੀ ਤੀਜੀ ਪ੍ਰਸਿੱਧ ਕਿਸਮ ਹੈ। ਇਸ ਨੂੰ ਕਪਾਹ ਦੇ ਵਿਅਰਥ ਮਿਸ਼ਰਣ ਦੇ ਨਾਲ ਪਰਾਲੀ ਦੀ ਥੋੜੀ ਮਾਤਰਾ ‘ਤੇ ਉਗਾਇਆ ਜਾਂਦਾ ਹੈ। ਇਹ ਛੋਟੇ ਆਕਾਰ ਦੀ ਖੁੰਭ ਹੁੰਦੀ ਹੈ ਜੋ ਕਿ ਕੋਣ ਦੇ ਆਕਾਰ ਦੀ ਹੁੰਦੀ ਹੈ। ਇਸ ਦੀ ਟੋਪੀ ਉਪਰੋਂ ਗੂੜ੍ਹੇ ਭੂਰੇ ਰੰਗ ਦੀ ਹੁੰਦੀ ਹੈ। ਭਾਰਤ ਵਿੱਚ ਇਸ ਦੀਆਂ ਤਿੰਨ ਪ੍ਰਜਾਤੀਆਂ ਹਨ ਜਿਵੇਂ V. diplasia, V.volvacea and V. esculenta. ਇਨ੍ਹਾਂ ਪ੍ਰਜਾਤੀਆਂ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ Volvariella volvacea ਦੀ ਖੇਤੀ ਕੀਤੀ ਜਾਂਦੀ ਹੈ।

ਇਸ ਨੂੰ “Chinese” ਜਾਂ “Paddy” ਖੁੰਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਨੂੰ ਵੱਡੇ ਪੱਧਰ ਤੇ ਊਸ਼ਣ-ਕਟੀਬੰਦੀ ਅਤੇ ਉਪ-ਊਸ਼ਣ ਕਟੀਬੰਦੀ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਹਨਾਂ ਨੂੰ 35° ਸੈਲਸੀਅਸ ਤਾਪਮਾਨ ਤੇ ਉਗਾਇਆ ਜਾਂਦਾ ਹੈ। ਇਸ ਕਿਸਮ ਦੀ ਖੁੰਭ ਦੀ ਖੇਤੀ ਲਈ ਅਪ੍ਰੈਲ ਤੋਂ ਸਤੰਬਰ ਮਹੀਨੇ ਦਾ ਸਮਾਂ ਅਨੁਕੂਲ ਹੁੰਦਾ ਹੈ।

ਓਈਸਟਰ ਖੁੰਭ ਜਾਂ ਢੀਂਗਰੀ ਖੁੰਭ

ਇਹ ਖੁੰਭ ਸਧਾਰਣ ਅਤੇ ਖਾਣ ਯੋਗ ਹੈ। ਇਸ ਦਾ ਗੁੱਦਾ ਨਰਮ, ਮਖਮਲ਼ੀ ਬਨਾਵਟ ਅਤੇ ਵਧੀਆ ਸਵਾਦ ਹੁੰਦਾ ਹੈ। ਇਹ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਬੀ1 ਤੋਂ ਬੀ12 ਦਾ ਉੱਚ ਸ੍ਰੋਤ ਹੈ। ਸਿਰਫ P. olearius ਅਤੇ P. nidiformis ਨੂੰ ਛੱਡ ਕੇ ਜੋ ਜ਼ਹਿਰੀਲੀਆਂ ਹੁੰਦੀਆਂ ਹਨ, ਇਸ ਕਿਸਮ ਦੀਆਂ ਸਾਰੀਆਂ ਪ੍ਰਜਾਤੀਆਂ ਅਤੇ ਕਿਸਮਾਂ ਖਾਣ ਯੋਗ ਹਨ। ਉੜੀਸਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੱਤਰ-ਪੂਰਬ ਦੇ ਪਹਾੜੀ ਖੇਤਰ ਦੇ ਮੁੱਖ ਰਾਜ ਹਨ, ਜੋ ਖੁੰਭ ਉਤਪਾਦਨ ਕਰਦੇ ਹਨ।

ਇਸ ਖੁੰਭ ਨੂੰ ਉਗਾਉਣ ਦਾ ਅਨੁਕੂਲ ਸਮਾਂ ਅਕਤੂਬਰ ਤੋਂ ਮਾਰਚ ਤੱਕ ਹੈ। ਇਹ 20-30° ਸੈਲਸੀਅਸ ਤਾਪਮਾਨ ਦੇ ਨਾਲ 80-85% ਨਮੀ ਨੂੰ ਸਹਿਣ ਯੋਗ ਹੈ।

ਖੇਤੀ ਕਰਨ ਦੀ ਤਕਨੀਕ

ਖੇਤੀ ਤਕਨੀਕ

ਸਪਾੱਨ(ਬੀਜ) ਦੀ ਤਿਆਰੀ

ਸਬਸਟ੍ਰੇਟ ਦੀ ਤਿਆਰੀ

ਸਬਸਟ੍ਰੇਟ ਦੀ ਸਪਾੱਨਿੰਗ

ਫਸਲ ਪ੍ਰਬੰਧਨ

 

ਸਪਾੱਨ/ਖੁੰਭ ਬੀਜਾਂ ਦੀ ਤਿਆਰੀ

ਇਹ ਬਾਜ਼ਾਰ ਵਿੱਚ ੳਪਲੱਬਧ ਹੁੰਦੇ ਹਨ। ਇਸਨੂੰ ਖੇਤ ਵਿੱਚ ਤਿਆਰ ਜਾਂ ਪੈਦਾ ਕੀਤਾ ਜਾ ਸਕਦਾ ਹੈ। ਤਾਜ਼ੇ ਤਿਆਰ ਕੀਤੇ ਹੋਏ ਖੁੰਭ ਦੇ ਬੀਜ ਪ੍ਰਯੋਗ ਦੇ ਲਈ ਸਭ ਤੋਂ ਵਧੀਆ ਹੁੰਦੇ ਹਨ।

ਸਬਸਟ੍ਰੇਟ ਦੀ ਤਿਆਰੀ

ਖੁੰਭ ਦੀ ਖੇਤੀ ਭਾਰੀ ਮਾਤਰਾ ਵਿੱਚ ਖੇਤ ਦੇ ਵਿਅਰਥ ਪਦਾਰਥ ਅਤੇ ਹੋਰ ਸਮੱਗਰੀ ਜਿਵੇਂ ਵਿਅਰਥ ਕਾਗਜ਼, ਕਪਾਹ ਦੀ ਰਹਿੰਦ-ਖੂੰਹਦ, ਅਨਾਜ ਦੀ ਪਰਾਲੀ ਆਦਿ ਤੇ ਕੀਤੀ ਜਾ ਸਕਦੀ ਹੈ। ਝੋਨੇ ਦੀ ਪਰਾਲੀ ਜਾਂ ਕਣਕ ਦੀ ਪਰਾਲੀ ਮੁੱਖ ਤੌਰ ਤੇ ਵਰਤੀ ਜਾਣ ਵਾਲੀ ਸਮੱਗਰੀ ਹੈ ਜਿਸ ਦਾ ਪ੍ਰਯੋਗ ਸਬਸਟ੍ਰੇਟ ਦੀ ਤਿਆਰੀ ਦੇ ਲਈ ਕੀਤਾ ਜਾਂਦਾ ਹੈ।

 

ਅੋਇਸਟਰ ਨੂੰ ਪੋਲੀਥੀਨ ਬੈਗ ਵਿੱਚ ਉਗਾਉਣਾ

ਕਾਰਬੈਂਡਾਜ਼ਿਮ 7 ਗ੍ਰਾਮ ਨਾਲ ਫਾਰਮਾਲੀਨ 125 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਅਤੇ ਇੱਕ ਮਿਸ਼ਰਣ ਤਿਆਰ ਕਰੋ।

ਉੱਪਰ ਦਿੱਤੇ ਗਏ ਮਿਸ਼ਰਣ ਵਿੱਚ 20 ਕਿਲੋ ਕਣਕ ਦੀ ਪਰਾਲੀ ਪਾਓ ਅਤੇ ਇਸ ਨੂੰ 18 ਘੰਟਿਆਂ ਲਈ ਰੱਖ ਦਿਓ।

18 ਘੰਟੇ ਬਾਅਦ ਕਣਕ ਦੀ ਪਰਾਲੀ ਨੂੰ ਹਟਾ ਦਿਓ ਅਤੇ ਇਸ ਨੂੰ ਇੱਕ ਸਤਹਿ ਤੇ ਰੱਖੋ ਅਤੇ ਇਸ ਵਿੱਚੋਂ ਵਾਧੂ ਪਾਣੀ ਕੱਢ ਦਿਓ।

ਕਣਕ ਦੀ ਪਰਾਲੀ ਵਿੱਚ 2% ਬੀਜ ਪਾਓ ਅਤੇ ਇਸ ਮਿਸ਼ਰਣ ਨੂੰ 15x12 ਇੰਚ ਦੇ ਪੌਲੀਥੀਨ ਬੈਗ ਵਿੱਚ ਭਰੋ।

ਪੌਲੀਥੀਨ ਬੈਗ ਦਾ 2/3 ਭਾਗ ਤੂੜੀ ਨਾਲ ਭਰੋ ਅਤੇ ਫਿਰ ਬੈਗ ਦਾ ਮੂੰਹ ਬੰਨ ਦਿਓ।

ਪੌਲੀਥੀਨ ਬੈਗ ਵਿੱਚ 2 ਮਿ.ਮੀ. ਦੇ ਅਰਧ-ਵਿਆਸ ਨਾਲ ਸੁਰਾਖ ਹੋਣ। ਹਵਾ ਦੀ ਆਵਾਜਾਈ ਲਈ ਪੂਰੀ ਸਤਹਿ ਤੇ ਲਗਭਗ 4 ਸੈ.ਮੀ ਦੇ ਸੁਰਾਖ ਹੋਣ।

ਉਸ ਦੇ ਬਾਅਦ ਬੈਗ ਨੂੰ 80-85% ਨਮੀ ਵਾਲੇ ਕਮਰੇ ਵਿੱਚ ਸ਼ੈੱਲਫ ਤੇ ਰੱਖੋ। ਕਮਰੇ ਦਾ ਤਾਪਮਾਨ 24-26° ਸੈਲਸੀਅਸ ਹੋਣਾ ਚਾਹੀਦਾ ਹੈ।

ਬੈਗਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਅਤੇ ਪਾਣੀ ਦੇ ਛਿੜਕਾਅ ਦੁਆਰਾ ਇਹਨਾਂ ਵਿੱਚ ਨਮੀ ਬਣਾਈ ਰੱਖੋ।

ਪਰਾਲੀ ਤੇ ਚਿੱਟੇ ਰੰਗ ਦੀ ਸੂਤੀ ਮਾਈਸੀਲੀਅਮ ਵਿਕਸਿਤ ਹੋ ਜਾਂਦੀ ਹੈ। ਕਣਕ ਦੀ ਪਰਾਲੀ ਆਪਣਾ ਰੰਗ ਬਦਲ ਕੇ ਭੂਰੇ ਰੰਗ ਦੀ ਹੋ ਜਾਂਦੀ ਹੈ, ਆਵਾਜ ਕਰਦੀ ਹੈ ਅਤੇ ਸੁੰਗੜ ਜਾਂਦੀ ਹੈ।

ਇਸ ਅਵਸਥਾ ਵਿੱਚ ਪੌਲੀਥੀਨ ਨੂੰ ਕੱਟ ਕੇ ਕੱਢ ਲਵੋ।

ਪੌਲੀਥੀਨ ਵਿੱਚਲੀ ਪਰਾਲੀ ਸੁੰਗੜ ਜਾਂਦੀ ਹੈ ਅਤੇ ਵੇਲਣਾਕਾਰ ਹੋ ਜਾਂਦੀ ਹੈ।

ਇਸ ਬੇਲਣਾਕਾਰ ਪਰਾਲੀ ਦੇ ਆਕਾਰ ਨੂੰ ਸ਼ੈਲਫ ਤੇ ਲਗਾਓ ਅਤੇ ਇਸ ਵਿੱਚ ਪਾਣੀ ਦੇ ਛਿੜਕਾਅ ਦੁਆਰਾ ਨਮੀ ਬਣਾਈ ਰੱਖੋ।

ਪੌਦੇ ਦੀ ਦੇਖਭਾਲ

ਬਿਮਾਰੀਆਂ ਅਤੇ ਰੋਕਥਾਮ

ਫੰਗਸ ਦੀਆਂ ਬਿਮਾਰੀਆਂ:

ਭੂਰੇ ਧੱਬੇ, ਫੰਗਸ ਜਾਂ ਵਰਟੀਸਿਲੀਅਮ ਬਿਮਾਰੀਆਂ - ਕਦੇ-ਕਦੇ ਖੁੰਭ ਦੀ ਛੱਤਰੀ ਤੇ ਹਲਕੇ ਭੂਰੇ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ, ਜਿਸ ਨਾਲ ਖੁੰਭ ਦਾ ਆਕਾਰ ਹੌਲੀ-ਹੌਲੀ ਅਨਿਯਮਿਤ ਹੋ ਜਾਂਦਾ ਹੈ। ਪਰ ਸੂਖਮ-ਦਰਸ਼ੀ ਯੰਤਰ ਵਿੱਚ ਇਸ ਬਿਮਾਰੀ ਨੂੰ ਦੇਖਿਆ ਜਾਵੇ ਤਾਂ ਇਹ ਚਟਾਕ ਬਹੁਤ ਪਤਲੇ ਹੁੰਦੇ, ਜੋ ਕਿ ਚਿੱਟੇ ਰੰਗ ਤੋਂ ਸਲੇਟੀ ਰੰਗ ਦੇ ਹੁੰਦੇ ਅਤੇ ਇੱਕ ਸੈੱਲਡ ਫੰਗਜ ਦੇਖੀ ਜਾ ਸਕਦੀ ਹੈ। ਜੇਕਰ ਇਹ ਬਿਮਾਰੀ ਫੈਲ ਜਾਵੇ ਤਾਂ ਖੁੰਭ ਚਮੜੇ ਵਰਗੀ ਹੋ ਜਾਂਦੀ ਹੈ ਅਤੇ ਬਿਨਾ ਕਿਸੇ ਗੰਧ ਦੇ ਸੁੱਕ ਜਾਂਦੀ ਹੈ।

ਇਲਾਜ - ਇਸ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਇਸ ਨੂੰ ਰੋਕਣਾ ਜ਼ਰੂਰੀ ਹੈ। ਕਮਰੇ ਨੂੰ ਸਾਫ਼ ਰੱਖੋ, ਸਾਰੇ ਯੰਤਰਾਂ ਨੂੰ ਮਿੱਟੀ ਤੋਂ ਬਚਾਅ ਕੇ ਰੱਖੋ। ਤਾਪਮਾਨ ਨੂੰ ਨਾ ਵਧਾਓ ਅਤੇ ਇੰਡੋਫਿਲ ਐੱਮ- 45, 0.25-0.5% ਦੀ ਸਪਰੇਅ ਤਿੰਨ ਵਾਰ ਕਰੋ। ਪਹਿਲੇ ਕੇਸਿੰਗ ਦੇ ਸਮੇਂ, ਦੂਜੀ ਪਿੰਨ ਬੰਨਣ ਦੇ ਸਮੇਂ ਅਤੇ ਤੀਜੀ 2 ਫਸਲਾਂ ਦੀ ਕਟਾਈ ਤੋਂ ਬਾਅਦ ਕਰੋ।

ਚਿੱਟੀ ਫੰਗਸ ਮਾਈਕੋਜ਼ਨ ਬਿਮਾਰੀ- ਇਸ ਬਿਮਾਰੀ ਦੁਆਰਾ ਖੁੰਭ ਭੂਰੇ ਰੰਗ ਦੀ ਹੋ ਜਾਂਦੀ ਹੈ ਅਤੇ ਬੁਰੀ ਗੰਧ ਦਿੰਦੀ ਹੈ। ਇਸ ਦੇ ਲੱਛਣ ਹਨ ਜਿਵੇਂ- ਖੁੰਭ ਦਾ ਨਰਮ ਹੋਣਾ, ਥੱਲੇ ਵਾਲੇ ਭਾਗ ਦਾ ਮੋਟਾ ਹੋਣਾ ਅਤੇ ਛਤਰੀ ਦਾ ਛੋਟੇ ਆਕਾਰ ਦਾ ਹੋਣਾ ਆਦਿ।

ਇਲਾਜ - ਮਿੱਟੀ ਨੂੰ ਪਾਸਚੁਰਾਈਜ਼ਿੰਗ ਜਾਂ ਰਸਾਇਣਿਕ ਖਾਦਾਂ ਤੋਂ ਵਿਸ਼ਾਣੂ ਰਹਿਤ ਬਣਾਓ। ਇਸ ਦੇ ਲਈ ਇੰਡੋਫਿਲ ਐੱਮ 45 ਦੀ ਸਪਰੇਅ ਕੀਤੀ ਜਾ ਸਕਦੀ ਹੈ।

 

ਹਰੀ ਫੰਗਸ- ਇਹ ਬਿਮਾਰੀ ਮੁੱਖ ਤੌਰ ਤੇ ਕੰਪੋਸਟ ਅਤੇ ਕੇਸਿੰਗ ਮਿੱਟੀ ਤੇ ਹੁੰਦੀ ਹੈ। ਇਹ ਵਿਸ਼ਾਣੂ ਕੇਸਿੰਗ ਮਿੱਟੀ ਵਿੱਚ ਜ਼ਹਿਰੀਲੇ ਤੱਤ ਦਾ ਉਤਪਾਦਨ ਕਰਦੀ ਹੈ। ਇਹ ਖੁੰਭ ਦੇ ਪਤਲੇ ਤੱਤ ਨੂੰ ਮਾਰ ਦਿੰਦੇ ਹਨ ਅਤੇ ਡੰਡੀ ਗੂੜੇ ਭੂਰੇ ਰੰਗ ਤੋਂ ਲਾਲ ਭੂਰੇ ਰੰਗ ਦੀ ਹੋ ਜਾਂਦੀ ਹੈ। ਇਹ ਫੰਗਸ ਗੂੜੇ ਭੂਰੇ ਰੰਗ ਦੀ ਹੁੰਦੀ ਹੈ ਅਤੇ ਖੁੰਭ ਦੀ ਛੱਤਰੀ ਤੇ ਜ਼ਖ਼ਮ ਬਣਾਉਂਦੀ ਹੈ।

ਇਲਾਜ - ਡਿਥੀਓਕਾਰਬੋਮੇਟ ਜਾਂ ਬੇਨਜ਼ਾਈਮਡਾਜ਼ੋਲ ਤੋਂ ਕੰਪੋਸਟ ਜਾਂ ਕੇਸਿੰਗ ਨੂੰ ਵਿਸ਼ਾਣੂ ਰਹਿਤ ਬਣਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ।

ਟ੍ਰਫਲ- ਇਹ ਬਿਮਾਰੀ ਡਿਲਿਓਮਾਈਸਿਸ ਮਾਈਕ੍ਰੋਪੋਰਸ ਦੇ ਦੁਆਰਾ ਫੈਲਦੀ ਹੈ। ਇਸ ਨਾਲ ਅਨਿਯਮਿਤ ਆਕਾਰ ਦੀ ਤੇ ਹਲਕੇ ਪੀਲੇ ਰੰਗ ਦੀ ਖੁੰਭ ਵਿਕਸਿਤ ਹੋ ਜਾਂਦੀ ਹੈ।

ਇਲਾਜ - ਟ੍ਰਫਲ ਨੂੰ ਦੂਰ ਕਰਨ ਦੇ ਲਈ ਕਮਰੇ ਚੰਗੀ ਤਰ੍ਹਾਂ ਨਾਲ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਨਮੀਂ ਤੋਂ ਬਚਾਉਣਾ ਚਾਹੀਦਾ ਹੈ। ਇਸ ਨੂੰ ਦੂਰ ਕਰਨ ਦੇ ਲਈ ਸਪਾੱਨ ਦੇ ਵਿਕਸਿਤ ਹੋਣ ਸਮੇਂ ਤਾਪਮਾਨ 18° ਸੈ. ਹੋਣਾ ਚਾਹੀਦਾ ਹੈ ਅਤੇ ਫਸਲ ਦਾ ਤਾਪਮਾਨ 17° ਸੈ. ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

ਪਲਾਸਟਰ ਮੋਲਡ- ਸਕੋਪੂਲੈਰਿਆਪਸਿਸ ਫਿਮੀਂਕੋਲਾ ਇੱਕ ਪ੍ਰਕਾਰ ਦੀ ਫੰਗਸ ਹੈ, ਜਿਸ ਦੇ ਕਾਰਨ ਇਹ ਬਿਮਾਰੀ ਹੁੰਦੀ ਹੈ। ਇਹ ਫੰਗਸ ਚਿੱਟੇ ਰੰਗ ਦੀ ਹੁੰਦੀ ਹੈ ਜੋ ਚਿੱਟੇ ਧੱਬੇ ਬਣਾਉਂਦੀ ਹੈ। ਧੱਬੇ ਚਿੱਟੇ ਰੰਗ ਤੋਂ ਬਦਲ ਕੇ ਹਲਕੇ ਗੁਲਾਬੀ ਰੰਗ ਦੇ ਹੋ ਜਾਂਦੇ ਹਨ।

ਇਲਾਜ - ਜੇਕਰ ਇਸ ਫੰਗਸ ਦਾ ਹਮਲਾ ਹੋਵੇ ਤਾਂ ਫਾੱਰਮੈਲੀਨ 2% ਦੀ ਸਪਰੇਅ ਕਰੋ। ਸਪਾਨਿੰਗ ਦੇ ਸਮੇਂ ਖਾਦ ਵਿੱਚ ਕਾਰਬੇਡਾਜ਼ਿਮ 10 PFM ਦੀ ਸਪਰੇਅ ਕਰੋ।

ਬੈਕਟੀਰੀਅਲ ਬਲਾੱਚ- ਇਸ ਦੇ ਕਾਰਨ ਛੱਤਰੀ ਦੀ ਸਤਹਿ ਤੇ ਭੂਰੇ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ। ਸ਼ੁਰੂ ਵਿੱਚ ਇਹ ਹਲਕੇ ਰੰਗ ਦੇ ਹੁੰਦੇ ਹਨ ਅਤੇ ਬਾਅਦ ਵਿੱਚ ਗੂੜ੍ਹੇ ਭੂਰੇ ਰੰਗ ਦੇ ਹੋ ਜਾਂਦੇ ਹਨ।

ਇਲਾਜ - ਇਸ ਬਿਮਾਰੀ ਨੂੰ ਦੂਰ ਕਰਨ ਦੇ ਲਈ ਹਾਈਪੋਕਲੋਰਾਈਡ 150 ppm ਦੀ ਸਪਰੇਅ ਕਰੋ।

 • ਹਾਨੀਕਾਰਕ ਕੀਟ ਅਤੇ ਰੋਕਥਾਮ

ਨਿਮਾਟੋਡ- ਨਿਮਾਟੋਡ ਸਪਾੱਨ ਨੂੰ ਖਾਂਦੇ ਹਨ।

ਇਲਾਜ - ਇਸ ਨੂੰ ਪਾਸਚੂਰਾਈਜ਼ੇਸ਼ਨ ਤੋਂ ਨਿਯੰਤਰਿਤ ਕੀਤਾ ਜਾ ਸਕਦਾ ਹੈ। ਕੰਪੋਸਟ ਦੇ ਸਮੇਂ ਇਸ ਦੀ ਰੋਕਥਾਮ ਦੇ ਲਈ 120 ਗ੍ਰਾਮ (ਪ੍ਰਤੀ 300ਗ੍ਰਾਮ) ਪਾਉਣਾ ਚਾਹੀਦਾ ਹੈ।

ਫਸਲ ਦੀ ਕਟਾਈ

ਸਪੋਨਿੰਗ ਦੇ 18-20 ਦਿਨ ਬਾਅਦ ਪਹਿਲੀ ਖੁੰਭ ਦਿਖਣੀ ਸ਼ੁਰੂ ਹੋ ਜਾਂਦੀ ਹੈ ਇੱਕ ਹਫਤੇ ਦੇ ਅੰਤਰਾਲ ਤੇ ਦੋ ਤੋਂ ਤਿੰਨ ਖੁੰਭ ਦਿਖਣੇ ਸ਼ੁਰੂ ਹੋ ਜਾਣਗੇ।

ਜਦੋਂ ਖੁੰਭ ਦੀ ਟੋਪੀ ਮੁੜਨੀ ਸ਼ੁਰੂ ਹੋ ਜਾਵੇ ਤਾਂ ਖੁੰਭ ਦੀ ਤੜਾਈ ਕਰੋ।

ਤੁੜਾਈ ਦੇ ਲਈ ਤਿੱਖੇ ਚਾਕੂ ਦਾ ਪ੍ਰਯੋਗ ਕਰੋ ਅਤੇ ਇਸ ਨੂੰ ਉਂਗਲੀਆਂ ਨਾਲ ਮਰੋੜ ਕੇ ਵੀ ਤੋੜਿਆ ਜਾ ਸਕਦਾ ਹੈ।

ਇਸ ਨੂੰ ਤਾਜਾ ਵੀ ਖਾਇਆ ਜਾ ਸਕਦਾ ਹੈ ਜਾਂ ਧੁੱਪ ਵਿੱਚ ਜਾਂ ਮਸ਼ੀਨੀ ਡਰਾਇਰ ਨਾਲ ਸੁਕਾ ਕੇ ਇਸ ਦਾ ਪ੍ਰਯੋਗ ਕੀਤਾ ਜਾਂ ਸਕਦਾ ਹੈ।

45-60 ਦਿਨਾਂ ਦੇ ਅੰਦਰ-ਅੰਦਰ ਇੱਕ ਟਨ ਸੁੱਕੀ ਪਰਾਲੀ ਤੋਂ 500 ਕਿਲੋ ਤੋਂ ਜ਼ਿਆਦਾ ਤਾਜੀ ਖੁੰਭ ਪ੍ਰਾਪਤ ਕੀਤੀ ਜਾ ਸਕਦੀ ਹੈ।