ਮਰਾਠਵਾਦੀ ਮੱਝ

ਆਮ ਜਾਣਕਾਰੀ

ਇਸ ਨਸਲ ਨੂੰ ਦੁਧਾਣਾ ਥਾਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮਹਾਂਰਾਸ਼ਟਰ ਦੇ ਜਲਨਾ, ਪ੍ਰਭਾਣੀ, ਨਾਂਦੇੜ, ਬੀੜ ਅਤੇ ਲਾਤੁਰ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ। ਇਸਦੇ ਸਿੰਗ ਵੱਡੇ ਚਪਟੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੀ ਗਰਦਨ ਛੋਟੀ ਅਤੇ ਸਰੀਰ ਦਾ ਭਾਰ 320-400 ਕਿਲੋ ਹੁੰਦਾ ਹੈ। ਇਹ ਨਸਲ ਇੱਕ ਸੂਏ ਵਿੱਚ ਲਗਭਗ 1120 ਲੀਟਰ ਦੁੱਧ ਦਿੰਦੀ ਹੈ।

ਖੁਰਾਕ ਪ੍ਰਬੰਧ

ਇਸ ਨਸਲ ਦੀਆਂ ਮੱਝਾਂ ਨੂੰ ਜ਼ਰੂਰਤ ਅਨੁਸਾਰ ਹੀ ਖੁਰਾਕ ਦਿਓ। ਫਲੀਦਾਰ ਚਾਰਾ ਖਿਲਾਉਣ ਤੋਂ ਪਹਿਲਾਂ ਇਸ ਵਿੱਚ ਤੂੜੀ ਜਾਂ ਹੋਰ ਚਾਰਾ ਮਿਲਾਓ, ਤਾਂ ਕਿ ਅਫਾਰਾ ਜਾਂ ਬਦਹਜ਼ਮੀ ਨਾ ਹੋਵੇ। ਹੇਠਾਂ ਲਿਖੇ ਅਨੁਸਾਰ ਲੋੜ ਮੁਤਾਬਿਕ ਖੁਰਾਕ ਪ੍ਰਬੰਧਨ ਕਰੋ।

ਲੋੜੀਂਦੇ ਖੁਰਾਕੀ ਤੱਤ: ਊਰਜਾ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ।

ਹੋਰ ਖੁਰਾਕੀ ਵਸਤਾਂ:

 • ਦਾਣੇ: ਮੱਕੀ, ਕਣਕ, ਜੌਂ, ਜਵੀਂ, ਬਾਜਰਾ।
 • ਤੇਲ ਬੀਜਾਂ ਦੀ ਖਲ: ਮੂੰਗਫਲੀ, ਤਿਲ, ਸੋਇਆਬੀਨ, ਅਲਸੀ,ਵੜੇਵੇਂ, ਸਰੋਂ, ਸੂਰਜਮੁਖੀ।
 • ਬਾਈ-ਪ੍ਰੋਡਕਟ: ਕਣਕ ਦਾ ਚੋਕਰ, ਚੌਲਾਂ ਦੀ ਪਾੱਲਿਸ਼, ਬਿਨਾਂ ਤੇਲ ਦੇ ਚੌਲਾਂ ਦੀ ਪਾੱਲਿਸ਼
 • ਧਾਤਾਂ: ਨਮਕ, ਧਾਤਾਂ ਦਾ ਚੂਰਾ


ਸਸਤੇ ਖਾਣਯੋਗ ਪਦਾਰਥਾਂ ਲਈ ਖੇਤੀ ਉਦਯੋਗਿਕ ਅਤੇ ਜਾਨਵਰਾਂ ਦੇ ਮਲ ਦਾ ਪ੍ਰਯੋਗ:

 • ਸ਼ਰਾਬ ਦੇ ਕਾਰਖਾਨਿਆਂ ਦੇ ਬਚੇ-ਖੁਚੇ ਦਾਣੇ
 • ਖਰਾਬ ਆਲੂ
 • ਮੁਰਗੀਆਂ ਦੀਆਂ ਸੁੱਕੀਆਂ ਵਿੱਠਾਂ

ਸਾਂਭ ਸੰਭਾਲ

ਸ਼ੈੱਡ ਦੀ ਲੋੜ
ਚੰਗੀ ਕਾਰਗੁਜ਼ਾਰੀ ਲਈ, ਪਸ਼ੂਆਂ ਨੂੰ ਅਨੁਕੂਲ ਵਾਤਾਵਰਣ ਹਾਲਾਤਾਂ ਦੀ ਲੋੜ ਹੁੰਦੀ ਹੈ। ਪਸ਼ੂਆਂ ਨੂੰ ਭਾਰੀ ਵਰਖਾ, ਤੇਜ਼ ਧੁੱਪ, ਬਰਫਬਾਰੀ, ਠੰਡ ਅਤੇ ਪਰਜੀਵੀਆਂ ਤੋਂ ਬਚਾਉਣ ਲਈ ਸ਼ੈੱਡ ਦੀ ਲੋੜ ਹੁੰਦੀ ਹੈ। ਧਿਆਨ ਰੱਖੋ ਕਿ ਚੁਣੇ ਹੋਏ ਸ਼ੈੱਡ ਵਿੱਚ ਸਾਫ ਹਵਾ ਅਤੇ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ। ਪਸ਼ੂਆਂ ਦੀ ਸੰਖਿਆ ਅਨੁਸਾਰ ਭੋਜਨ ਲਈ ਜਗ੍ਹਾ ਵੱਡੀ ਅਤੇ ਖੁੱਲੀ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਸਾਨੀ ਨਾਲ ਭੋਜਨ ਖਾ ਸਕਣ। ਪਸ਼ੂਆਂ ਦੇ ਮਲ-ਨਿਕਾਸ ਵਾਲੀ ਪਾਈਪ  30-40 ਸੈ.ਮੀ. ਚੌੜੀ ਅਤੇ 5-7 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ।

ਗੱਭਣ ਪਸ਼ੂਆਂ ਦੀ ਦੇਖ-ਭਾਲ
ਚੰਗੇ ਪ੍ਰਬੰਧਨ ਨਾਲ ਕਟੜੂ ਵਧੀਆ ਤਿਆਰ ਹੁੰਦੇ ਹਨ ਅਤੇ ਦੁੱਧ ਦੀ ਮਾਤਰਾ ਵੀ ਵਧੇਰੇ ਮਿਲਦੀ ਹੈ। ਗੱਭਣ ਮੱਝ ਨੂੰ 1 ਕਿਲੋ ਵਧੇਰੇ ਖੁਰਾਕ ਦਿਓ, ਕਿਉਂਕਿ ਉਹ ਸਰੀਰਕ ਤੌਰ 'ਤੇ ਵੱਧਦੀ ਹੈ।

ਵਛੇਰਿਆਂ ਦੀ ਦੇਖਭਾਲ ਅਤੇ ਪ੍ਰਬੰਧਨ

ਜਨਮ ਤੋਂ ਤੁਰੰਤ ਬਾਅਦ ਨੱਕ ਅਤੇ ਮੂੰਹ ਤੋਂ ਚਿਪਚਿਪਾ ਪਦਾਰਥ ਸਾਫ ਕਰੋ। ਜੇਕਰ ਕਟੜੂ ਸਾਹ ਨਹੀਂ ਲੈ ਰਿਹਾ ਤਾਂ ਉਸਨੂੰ ਦਬਾਅ ਦੁਆਰਾ ਬਣਾਉਟੀ ਸਾਹ ਦਿਓ ਅਤੇ ਹੱਥਾਂ ਨਾਲ ਉਸਦੀ ਛਾਤੀ ਨੂੰ ਦਬਾ ਕੇ ਆਰਾਮ ਦਿਓ। ਨਾਭੀ ਨੂੰ ਬੰਨ੍ਹ ਕੇ ਸਰੀਰ ਤੋਂ 2-5 ਸੈ.ਮੀ. ਦੀ ਦੂਰੀ ਤੋਂ ਨਾੜੂ ਨੂੰ ਕੱਟ ਦਿਓ। ਨਾਭੀ ਨੂੰ 1-2% ਆਇਓਡੀਨ ਦੀ ਮਦਦ ਨਾਲ ਸਾਫ ਕਰੋ।

ਸਿਫਾਰਿਸ਼ ਕੀਤੇ ਗਏ ਟੀਕੇ
ਜਨਮ ਤੋਂ 7-10 ਦਿਨ ਬਾਅਦ ਇਲੈਕਟ੍ਰੀਕਲ ਢੰਗ ਨਾਲ ਕਟੜੂ ਦੇ ਸਿੰਗ ਦਾਗਣੇ ਚਾਹੀਦੇ ਹਨ।  30 ਦਿਨਾਂ ਦੇ ਨਿਯਮਿਤ ਅੰਤਰਾਲ 'ਤੇ ਡੀਵਾਰਮਿੰਗ ਦਿਓ। 2-3 ਹਫਤੇ ਦੇ ਵਛੇਰੇ ਨੂੰ ਵਾਇਰਲ ਰੇਸਪਿਰੇਟਰੀ ਟੀਕਾ ਲਗਵਾਓ। ਕਲੋਸਟ੍ਰੀਡਾਇਲ ਟੀਕਾਕਰਣ 1-3 ਮਹੀਨੇ ਦੇ ਵਛੇਰੇ ਨੂੰ ਦਿਓ।

ਬਿਮਾਰੀਆਂ ਅਤੇ ਰੋਕਥਾਮ

ਪਾਚਣ ਪ੍ਰਣਾਲੀ ਦੀਆਂ ਬਿਮਾਰੀਆਂ:

ਸਾਦੀ ਬਦਹਜ਼ਮੀ ਦਾ ਇਲਾਜ

 • ਛੇਤੀ ਪਚਣ ਵਾਲੀ ਖੁਰਾਕ ਦਿਓ।
 • ਭੁੱਖ ਵਧਾਉਣ ਵਾਲੇ ਮਸਾਲੇ ਦਿਓ।


ਤੇਜ਼ਾਬੀ ਬਦਹਜ਼ਮੀ ਦਾ ਇਲਾਜ

 • ਜਿਆਦਾ ਨਿਸ਼ਾਸ਼ਤੇ ਵਾਲੀ ਖੁਰਾਕ ਬੰਦ ਕਰ ਦਿਓ।
 • ਮੱਠੀ ਬਿਮਾਰੀ ਦੀ ਹਾਲਤ ਵਿੱਚ ਮੂੰਹ ਰਾਹੀਂ ਖਾਰੇ ਪਦਾਰਥ ਜਿਵੇਂ ਕਿ ਮਿੱਠਾ ਸੋਡਾ ਆਦਿ ਅਤੇ ਮਿਹਦੇ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ ਦਿਓ।


ਖਾਰੀ ਬਦਹਜ਼ਮੀ ਦਾ ਇਲਾਜ

 • ਮੱਠੀ ਬਿਮਾਰੀ ਵਿੱਚ ਰਿਊਮਨ ਦੀ ਪੀ.ਐੱਚ. ਹਲਕੇ ਤੇਜ਼ਾਬ ਜਿਵੇਂ ਕਿ 5% ਐਸਟਿਕ ਤੇਜ਼ਾਬ ਨੂੰ 5-10 ਮਿ.ਲੀ. ਪ੍ਰਤੀ ਕਿਲੋ ਪਸ਼ੂ ਦੇ ਭਾਰ ਮੁਤਾਬਕ ਜਾਂ ਅੰਦਾਜ਼ਾ 750 ਮਿ.ਲੀ. ਸਿਰਕਾ ਦੇ ਕੇ ਠੀਕ ਕਰੋ।
 • ਜੇਕਰ ਦਿਮਾਗੀ ਦੌਰੇ ਪੈ ਰਹੇ ਹੋਣ ਅਤੇ 2-3 ਵਾਰ ਦਵਾਈ ਦੇਣ ਨਾਲ ਵੀ ਫਰਕ ਨਾ ਪਵੇ ਤਾਂ ਪਸ਼ੂਆਂ ਵਾਲੇ ਡਾਕਟਰ ਕੋਲੋਂ ਰਿਊਮੋਨੋਟੋਮੀ ਆਪ੍ਰੇਸ਼ਨ ਕਰਵਾਓ।


ਕਬਜ਼ ਦਾ ਇਲਾਜ

 • ਸ਼ੁਰੂ ਵਿੱਚ ਅਲਸੀ ਦਾ ਤੇਲ 500 ਮਿ.ਲੀ. ਦਿਓ ਅਤੇ ਸੁੱਕਾ ਚਾਰਾ ਨਾ ਪਾਓ। ਪੀਣ ਲਈ ਜ਼ਿਆਦਾ ਪਾਣੀ ਦਿਓ।
 • ਵੱਡੇ ਜਾਨਵਰਾਂ ਲਈ 800 ਗ੍ਰਾਮ ਮੈਗਨੀਸ਼ੀਅਮ ਸਲਫੇਟ ਪਾਣੀ ਵਿੱਚ ਘੋਲ ਕੇ ਅਤੇ 30 ਗ੍ਰਾਮ ਅਧਰਕ ਦਾ ਚੂਰਾ ਮੂੰਹ ਰਾਹੀਂ ਦਿਓ।


ਅਫਾਰੇ ਦਾ ਇਲਾਜ

 • ਤਾਰਪੀਨ ਦਾ ਤੇਲ 30-60 ਮਿ.ਲੀ., ਹਿੰਗ ਦਾ ਅਰਕ 60 ਮਿ.ਲੀ. ਜਾਂ ਸਰੋਂ/ਅਲਸੀ ਦਾ 500 ਮਿ.ਲੀ. ਤੇਲ ਪਸ਼ੂ ਨੂੰ ਦਿਓ। ਤਾਰਪੀਨ ਦਾ ਤੇਲ ਜ਼ਿਆਦਾ ਮਾਤਰਾ 'ਚ ਨਾ ਦਿਓ, ਇਸ ਨਾਲ ਪੇਟ ਖਰਾਬ ਹੋ ਸਕਦਾ ਹੈ।
 • ਜੇਕਰ ਕਿਸੇ ਪਸ਼ੂ ਨੂੰ ਬਾਰ ਬਾਰ ਅਫਾਰਾ ਹੋਵੇ ਤਾਂ, ਐਕਟੀਵੇਟਡ ਚਾਰਕੋਲ, 40% ਫਾਰਮਲੀਨ 15-30 ਮਿ.ਲੀ. ਅਤੇ ਡੇਟੋਲ ਦਾ ਪਾਣੀ ਵੀ ਦਿੱਤਾ ਜਾ ਸਕਦਾ ਹੈ।
 • ਬਿਮਾਰੀ ਦੀ ਕਿਸਮ ਅਤੇ ਪਸ਼ੂ ਦੀ ਹਾਲਤ ਦੇਖਦੇ ਹੋਏ ਡਾਕਟਰ ਦੀ ਸਹਾਇਤਾ ਲਓ।


ਮੋਕ/ਮਰੋੜ/ਖੂਨੀ ਦਸਤ ਦਾ ਇਲਾਜ

 • ਮੂੰਹ ਰਾਹੀਂ ਜਾਂ ਟੀਕੇ ਨਾਲ ਸਲਫਾ ਦਵਾਈਆਂ ਦਿਓ ਅਤੇ ਨਾਲ ਹੀ 5% ਗੁਲੂਕੋਜ਼ ਅਤੇ ਲੂਣ ਦਾ ਪਾਣੀ ਜ਼ਿਆਦਾ ਦਿਓ।
 • ਗੋਹੇ ਦੀ ਜਾਂਚ ਕਰਾਓ ਅਤੇ ਜੇਕਰ ਇਸ ਵਿੱਚ ਕੀੜੇ ਮਿਲਣ ਤਾਂ ਉਸ ਮੁਤਾਬਿਕ ਮਲੱਪ ਕੱਢਣ ਵਾਲੀ ਦਵਾਈ ਦਿਓ।
 • ਐਂਟੀਬਾਇਓਟਿਕ, ਸਲਫਾ ਦਵਾਈਆਂ ਅਤੇ ਓਪੀਏਟ, ਟੈਨੋਫਾੱਰਮ ਜਾਂ ਲੋਹੇ ਦੇ ਤੱਤ ਦੇਣ ਨਾਲ ਵੀ ਮਰੋੜ ਰੋਕੇ ਜਾ ਸਕਦੇ ਹਨ।


ਪੀਲੀਆ


ਪੀਲੀਏ ਦੀਆਂ ਕਿਸਮਾਂ

 • ਪ੍ਰੀ ਹੈਪਟਿਕ ਜਾਂ ਹੀਮੋਲਿਟਕ ਪੀਲੀਆ - ਲਾਲ ਰਕਤਾਣੂਆਂ ਦੇ ਨਸ਼ਟ ਹੋਣ ਕਾਰਨ
 • ਇੰਟਰਾ ਹੈਪਟਿਕ ਜਾਂ ਜ਼ਹਿਰੀਲਾ ਪੀਲੀਆ - ਜਿਗਰ ਦੀ ਬਿਮਾਰੀ ਕਾਰਨ
 • ਪਿੱਤੇ ਦੀ ਨਾਲੀ ਬੰਦ ਹੋਣ ਨਾਲ ਪੀਲੀਆ


ਪੀਲੀਏ ਦਾ ਇਲਾਜ

 • ਸਭ ਤੋਂ ਪਹਿਲਾਂ ਜ਼ਹਿਰੀਲੇ ਪੀਲੀਏ ਦਾ ਕਾਰਨ ਲੱਭ ਕੇ, ਉਸ ਨੂੰ ਦੂਰ ਕਰੋ।
 • ਜਿਨ੍ਹਾਂ ਪਸ਼ੂਆਂ ਵਿੱਚ ਲਾਗ ਅਤੇ ਖੂਨ ਦੇ ਕੀੜਿਆਂ ਦੀ ਬਿਮਾਰੀ ਹੈ, ਉਨ੍ਹਾਂ ਨੂੰ ਤੁਰੰਤ ਬਾਕੀ ਪਸ਼ੂਆਂ ਨਾਲੋਂ ਦੂਰ ਕਰ ਦਿਓ।
 • ਗੁਲੂਕੋਜ਼ ਅਤੇ ਲੂਣ ਦਾ ਘੋਲ, ਕੈਲਸ਼ੀਅਮ ਗਲੂਕੋਨੇਟ ਦਾ ਘੋਲ, ਵਿਟਾਮਨ ਏ ਅਤੇ ਸੀ ਦਿਓ ਅਤੇ ਉਸ ਦੇ ਨਾਲ-ਨਾਲ ਐਂਟੀਬਾਇਓਟਿਕ ਦਵਾਈਆਂ ਵੀ ਦੇਣੀਆਂ ਚਾਹੀਦੀਆਂ ਹਨ।
 • ਪਸ਼ੂ ਨੂੰ ਹਰਾ ਚਾਰਾ ਅਤੇ ਚਰਬੀ ਰਹਿਤ ਖੁਰਾਕ ਦੇ ਨਾਲ ਲਿਵਰ ਟਾੱਨਿਕ ਦਿਓ।
 • ਫਾਸਫੋਰਸ ਦੀ ਘਾਟ ਵਿੱਚ ਸੋਡੀਅਮ ਐਸਿਡ ਮੋਨੋਫਾਸਫੇਟ ਦਿਓ।


ਮੱਝਾਂ ਦਾ ਗਲ-ਘੋਟੂ ਰੋਗ

ਗਲ-ਘੋਟੂ ਰੋਗ ਮੱਝਾਂ ਵਿੱਚ ਹੋਣ ਵਾਲੀ ਇੱਕ ਜਾਨਲੇਵਾ ਬਿਮਾਰੀ ਹੈ, ਜੋ ਜ਼ਿਆਦਾਤਰ 6 ਮਹੀਨੇ ਤੋਂ 2 ਸਾਲ ਤੱਕ ਦੇ ਪਸ਼ੂ ਨੂੰ ਹੁੰਦੀ ਹੈ।

ਗਲ-ਘੋਟੂ ਰੋਗ ਦੇ ਕਾਰਨ

 • ਇਹ ਬਿਮਾਰੀ ਪਾਸਚੁਰੇਲਾ ਮਲਟੂਸਿਡਾ ਨਾਮਕ ਜੀਵਾਣੂ ਨਾਲ ਹੁੰਦੀ ਹੈ, ਜੋ ਪਸ਼ੂ ਦੀ ਨਾਸਿਕਾ ਗ੍ਰੰਥੀ ਜਾਂ ਟਾਂਸਿਲ ਵਿੱਚ ਪਾਈ ਜਾਂਦੀ ਹੈ।
 • ਜ਼ਿਆਦਾ ਕੰਮ ਦਾ ਬੋਝ, ਖਰਾਬ ਪੋਸ਼ਣ, ਗਰਮੀ ਅਤੇ ਹੋਰ ਬਿਮਾਰੀਆਂ ਜਿਵੇਂ ਕਿ ਖੁਰ ਪੱਕਾ-ਮੂੰਹ ਪੱਕਾ ਰੋਗ, ਖੂਨ ਵਿੱਚ ਪਰਜੀਵੀ ਹੋਣਾ ਆਦਿ ਇਸ ਬਿਮਾਰੀ ਨੂੰ ਵਧਾਉਂਦੇ ਹਨ।
 • ਉਂਝ ਤਾਂ ਇਹ ਬਿਮਾਰੀ ਸਾਲ ਵਿੱਚ ਕਦੇ ਵੀ ਹੋ ਸਕਦੀ ਹੈ, ਪਰ ਬਰਸਾਤ ਦੇ ਮੌਸਮ ਵਿੱਚ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ, ਉਸ ਸਮੇਂ ਇਸਦੀ ਸੰਭਾਵਨਾ ਵੱਧ ਜਾਂਦੀ ਹੈ।
 • ਇਸ ਬਿਮਾਰੀ ਦੇ ਜੀਵਾਣੂ ਇੱਕ ਬਿਮਾਰ ਪਸ਼ੂ ਤੋਂ ਨਿਰੋਗੀ ਪਸ਼ੂ ਤੱਕ ਮੂੰਹ ਜਾਂ ਨੱਕ ਦੁਆਰਾ, ਜੂਠਾ ਪਾਣੀ ਜਾਂ ਚਾਰਾ ਖਾਣ ਨਾਲ ਜਾ ਸਕਦੇ ਹਨ।


ਲੱਛਣ

 • ਬੁਖਾਰ ਹੋਣਾ
 • ਮੂੰਹ 'ਚੋਂ ਲਾਰ ਡਿੱਗਣਾ
 • ਅੱਖ ਅਤੇ ਨੱਕ 'ਚੋਂ ਪਾਣੀ ਵਗਣਾ
 • ਭੁੱਖ ਨਾ ਲੱਗਣਾ
 • ਗਲੇ ਦੇ ਹੇਠਲੇ ਭਾਗ ਵਿੱਚ ਸੋਜ
 • ਸਾਹ ਲੈਣ ਵਿੱਚ ਸਮੱਸਿਆ
 • ਪੇਟ ਦਰਦ ਅਤੇ ਦਸਤ ਆਦਿ
 • ਕਈ ਵਾਰ ਬਿਮਾਰੀ ਤੇਜ਼ੀ ਨਾਲ ਵੱਧਣ ਕਾਰਨ ਕੁੱਝ ਲੱਛਣਾਂ ਦਾ ਪਤਾ ਨਹੀਂ ਲੱਗਦਾ। ਰੋਗ ਦੇ ਅਗਲੇ ਪੜਾਅ 'ਤੇ ਪਸ਼ੂ ਜ਼ਮੀਨ 'ਤੇ ਡਿੱਗ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ।


ਰੋਕਥਾਮ

 • ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਨੂੰ ਇਕੱਠੇ ਅਤੇ ਤੰਗ ਜਗ੍ਹਾ 'ਤੇ ਨਾ ਬੰਨ੍ਹੋ।
 • ਬਿਮਾਰ ਪਸ਼ੂਆਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ।
 • ਮਾਨਸੂਨ ਆਉਣ ਤੋਂ ਪਹਿਲਾਂ ਟੀਕਾਕਰਣ ਕਰਵਾਓ। ਪਸ਼ੂਆਂ ਦੇ ਪਹਿਲਾ ਟੀਕਾ 6 ਮਹੀਨੇ ਦੀ ਉਮਰ ਵਿੱਚ ਅਤੇ ਫਿਰ ਹਰ ਸਾਲ ਕਰਵਾਓ।
 • ਇਸ ਤੋਂ ਇਲਾਵਾ ਬੇ-ਮੌਸਮੀ ਵਰਖਾ, ਚੱਕਰਵਾਤੀ ਤੂਫਾਨ ਅਤੇ ਹੋਰ ਕੁਦਰਤੀ ਆਫਤਾਂ ਦੇ ਸਮੇਂ ਵੀ ਟੀਕਾਕਰਣ ਕਰਵਾਇਆ ਜਾ ਸਕਦਾ ਹੈ।
 • ਲੱਛਣ ਦਿਖਦੇ ਹੀ ਤੁਰੰਤ ਡਾਕਟਰ ਦੀ ਸਲਾਹ ਲਓ।


ਤਿੱਲੀ ਦਾ ਰੋਗ(ਐਂਥਰੈਕਸ): ਇਹ ਇੱਕ ਤੇਜ਼ ਬੁਖਾਰ ਦੀ ਬਿਮਾਰੀ ਹੈ। ਇਹ ਬਿਮਾਰੀ ਆਮ ਤੌਰ 'ਤੇ ਕੀਟਾਣੂਆਂ, ਦੂਸ਼ਿਤ ਪਾਣੀ ਜਾਂ ਖੁਰਾਕ ਕਾਰਨ ਹੁੰਦੀ ਹੈ। ਇਹ ਬਿਮਾਰੀ ਕੁੱਝ ਸਮੇਂ ਦੇ ਵਿੱਚ ਜਾਂ ਅਚਾਨਕ ਵੀ ਹੋ ਸਕਦੀ ਹੈ। ਇਸ ਨਾਲ ਸਰੀਰ ਦੇ ਗੁਪਤ ਅੰਗਾਂ ਵਿੱਚੋਂ ਲੁੱਕ ਵਰਗਾ ਖੂਨ ਵਹਿਣ ਲੱਗ ਜਾਂਦਾ ਹੈ। ਇਸ ਬਿਮਾਰੀ ਵਿੱਚ ਪਸ਼ੂ ਨੂੰ ਤੇਜ਼ ਬੁਖਾਰ ਹੁੰਦਾ ਹੈ ਅਤੇ ਉਹ ਮੁਸ਼ਕਿਲ ਨਾਲ ਸਾਹ ਲੈਂਦਾ ਹੈ, ਲੱਤਾਂ ਮਾਰਦਾ ਹੈ ਅਤੇ ਪਸ਼ੂ ਨੂੰ ਦੌਰੇ ਪੈਂਦੇ ਹਨ। ਪਸ਼ੂ ਦਾ ਸਰੀਰ ਆਕੜ ਜਾਂਦਾ ਹੈ ਅਤੇ ਚਾਰੋਂ ਲੱਤਾਂ ਬਾਹਰ ਵੱਲ ਖਿੱਚ ਹੋ ਜਾਂਦੀਆਂ ਹਨ। ਨਾਸਿਕਾ, ਗੋਬਰ ਸਥਾਨ ਅਤੇ ਯੋਨੀ ਵਿੱਚੋਂ ਗਾੜ੍ਹਾ ਲੁੱਕ ਵਰਗਾ ਖੂਨ ਵਹਿੰਦਾ ਹੈ।
ਇਲਾਜ: ਇਸਦਾ ਕੋਈ ਅਸਰਦਾਇਕ ਇਲਾਜ ਨਹੀਂ ਹੈ। ਹਰ ਸਾਲ ਇਸ ਦੇ ਬਚਾਅ ਲਈ ਟੀਕੇ ਲਗਵਾਉਣੇ ਚਾਹੀਦੇ ਹਨ। ਮਰੇ ਹੋਏ ਜਾਨਵਰਾਂ ਦਾ ਪੋਸਟ-ਮਾਰਟਮ ਨਾ ਕਰਵਾਓ। ਮਰੇ ਹੋਏ ਪਸ਼ੂ ਨੂੰ ਘੱਟ ਤੋਂ ਘੱਟ 1 ਮੀਟਰ ਡੂੰਘੇ ਟੋਏ ਵਿੱਚ ਆਬਾਦੀ ਵਾਲੇ ਇਲਾਕੇ ਤੋਂ ਦੂਰ ਦਬਾਓ ਅਤੇ 15 ਸੈ.ਮੀ. ਚੂਨੇ ਦੀ ਪਰਤ ਪਸ਼ੂ ਦੇ ਸਰੀਰ ਦੇ ਆਲੇ-ਦੁਆਲੇ ਪਾਓ। ਪਸ਼ੂਆਂ ਦਾ ਵਿਛੌਣਾ ਅਤੇ ਸੰਪਰਕ 'ਚ ਆਉਣ ਵਾਲੀਆਂ ਹੋਰ ਵਸਤਾਂ ਨੂੰ ਸਾੜ ਦਿਓ।

ਐਨਾਪਲਾਜ਼ਮੋਸਿਸ: ਇਹ ਇੱਕ ਲਾਗ ਵਾਲੀ ਬਿਮਾਰੀ ਹੈ, ਜੋ ਐਨਾਪਲਾਜ਼ਮਾ ਮਾਰਜਿਨਲ ਦੇ ਕਾਰਨ ਹੁੰਦੀ ਹੈ। ਇਸ ਕਾਰਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਨੱਕ ਵਿੱਚੋਂ ਗਾੜ੍ਹਾ ਤਰਲ ਪਦਾਰਥ ਨਿਕਲਦਾ ਹੈ, ਖੂਨ ਦੀ ਕਮੀ, ਪੀਲੀਆ ਅਤੇ ਮੂੰਹ 'ਚੋਂ ਲਾਰਾਂ ਡਿੱਗਦੀਆਂ ਹਨ।
ਇਲਾਜ: ਪਰਜੀਵੀਆਂ ਦੀ ਸੰਖਿਆਂ ਦਾ ਰੋਕਥਾਮ ਲਈ ਅਕਾਰਡੀਕਲ ਦਵਾਈ ਦਿਓ। ਇਸ ਬਿਮਾਰੀ ਦੀ ਜਾਂਚ ਲਈ ਸੀਰੋਲੋਜਿਕਲ ਟੈੱਸਟ ਕਰਵਾਓ। ਜੇਕਰ ਰਿਪੋਰਟ ਪੋਜ਼ਿਟਿਵ ਆਵੇ ਤਾਂ ਤੁਰੰਤ ਕਿਸੇ ਚੰਗੇ ਪਸ਼ੂਆਂ ਦੇ ਡਾਕਟਰ ਤੋਂ ਇਲਾਜ ਕਰਵਾਓ।

ਅਨੀਮੀਆ: ਇਸਦੇ ਲੱਛਣ ਹਨ, ਮਾਸ-ਪੇਸ਼ੀਆਂ ਦੀ ਕਮਜ਼ੋਰੀ, ਤਣਾਅ ਅਤੇ ਤਾਪ ਦਰ ਦਾ ਵੱਧਣਾ। ਇਹ ਰੋਗ ਖਰਾਬ ਪੋਸ਼ਣ ਪ੍ਰਬੰਧਨ ਅਤੇ ਆਹਾਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦਾ ਹੈ।
ਇਲਾਜ: ਆਹਾਰ ਵਿੱਚ ਵਿਟਾਮਿਨ ਏ, ਬੀ ਅਤੇ ਈ ਦਿਓ ਅਤੇ ਅਨੀਮੀਆ ਤੋਂ ਬਚਾਅ ਲਈ ਆਇਰਨ ਡੈਕਸਟ੍ਰਿਨ 150 ਮਿ.ਗ੍ਰਾ. ਦਾ ਟੀਕਾ ਪਸ਼ੂ ਦੇ ਲਗਵਾਓ।

ਮੂੰਹ-ਖੁਰ ਰੋਗ: ਇਹ ਇੱਕ ਵਿਸ਼ਾਣੂ ਰੋਗ ਹੈ ਅਤੇ ਇਸਦੀਆਂ ਚਾਰ ਕਿਸਮਾਂ ਓ, ਏ, ਸੀ ਅਤੇ ਏਸ਼ੀਆ 1 ਭਾਰਤ ਵਿੱਚ ਪ੍ਰਚੱਲਿਤ ਹਨ। ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ ਹੋਣਾ, ਮੂੰਹ 'ਚੋਂ ਪਾਣੀ ਵਗਣਾ, ਭੁੱਖ ਨਾ ਲਗਣਾ, ਭਾਰ ਘੱਟ ਜਾਣਾ, ਦੁੱਧ ਘੱਟ ਜਾਣਾ ਅਤੇ ਮੂੰਹ ਵਿੱਚ ਛਾਲੇ ਹੋਣਾ ਆਦਿ ਹਨ। ਦੁੱਧ ਪੀਂਦੇ ਕੱਟੜੂਆਂ ਨੂੰ ਮਾਂ ਤੋਂ ਇਹ ਬਿਮਾਰੀ ਲੱਗ ਸਕਦੀ ਹੈ। ਇਹ ਬਿਮਾਰੀ ਬਿਮਾਰ ਪਸ਼ੂਆਂ ਦੇ ਸੰਪਰਕ ਨਾਲ ਅਤੇ ਬਿਮਾਰ ਪਸ਼ੂ ਦੇ ਸੰਪਰਕ ਵਿੱਚ ਆਉਣ ਵਾਲੇ ਬਰਤਨ, ਚਾਰੇ ਅਤੇ ਮਜ਼ਦੂਰਾਂ ਤੋਂ ਵੀ ਇਹ ਅੱਗੇ ਫੈਲਦੀ ਹੈ। ਮੂੰਹ, ਲੇਵੇ ਅਤੇ ਖੁਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਹਨ। ਜ਼ਖਮ ਕਈ ਵਾਰ ਮਿਹਦੇ, ਦਿਲ, ਰਸ-ਗ੍ਰੰਥੀਆਂ 'ਤੇ ਵੀ ਮੌਜੂਦ ਹੁੰਦੇ ਹਨ।
ਇਲਾਜ: ਬਿਮਾਰੀ ਤੋਂ ਬਚਾਅ ਲਈ ਟੀਕੇ ਲਗਵਾਉਣੇ ਚਾਹੀਦੇ ਹਨ। ਮੂੰਹ ਅਤੇ ਖੁਰਾਂ ਦੇ ਛਾਲਿਆਂ ਨੂੰ ਲਾਲ ਦਵਾਈ ਵਾਲੇ ਪਾਣੀ ਨਾਲ ਧੋਵੋ। ਪੈਰਾਂ 'ਤੇ ਫਿਨਾਈਲ ਅਤੇ ਲੁੱਕ 1:5 ਦੇ ਅਨੁਪਾਤ ਵਿੱਚ ਵਰਤੋ। ਬਿਮਾਰੀ ਫੈਲਣ 'ਤੇ ਕੋਈ ਨਵਾਂ ਪਸ਼ੂ ਨਾ ਲਓ ਅਤੇ ਬਿਮਾਰ ਪਸ਼ੂਆਂ ਨੂੰ ਅਲੱਗ ਰੱਖੋ।

ਮੈਗਨੀਸ਼ੀਅਮ ਦੀ ਕਮੀ: ਇਹ ਮੱਝਾਂ, ਗਾਵਾਂ, ਬਲਦਾਂ, ਕੱਟੜੂਆਂ ਅਤੇ ਵਛੜਿਆਂ ਵਿੱਚ ਆ ਸਕਦੀ ਹੈ। ਕੱਟੜੂਆਂ ਨੂੰ ਤਿੰਨ ਮਹੀਨੇ ਦੀ ਉਮਰ ਤੋਂ ਬਾਅਦ ਕੇਵਲ ਦੁੱਧ ਨਹੀਂ ਦੇਣਾ ਚਾਹੀਦਾ ਸਗੋਂ ਨਾਲ-ਨਾਲ ਹਰਾ ਚਾਰਾ ਵੀ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਕੱਟੜੂਆਂ ਵਿੱਚ ਮੈਗਨੀਸ਼ੀਅਮ ਦੀ ਕਮੀ ਆ ਜਾਂਦੀ ਹੈ, ਕਿਉਂਕਿ ਦੁੱਧ ਵਿੱਚ ਮੈਗਨੀਸ਼ੀਅਮ ਨਹੀਂ ਹੁੰਦਾ ਹੈ। ਇਸਦੀ ਕਮੀ ਨਾਲ ਪਸ਼ੂਆਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਅਤੇ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ।
ਇਲਾਜ: ਇਸਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ ਵਿੱਚ 5 ਗ੍ਰਾਮ ਮੈਗਨੀਸ਼ੀਅਮ ਆਕਸਾਈਡ ਜਾਂ ਮੈਗਨੀਸ਼ੀਅਮ ਕਾਰਬੋਨੇਟ 8 ਗ੍ਰਾਮ ਪਾਇਆ ਜਾ ਸਕਦਾ ਹੈ।

ਸਿੱਕੇ ਦਾ ਜ਼ਹਿਰ: ਇਸਦੇ ਮੁੱਖ ਲੱਛਣ ਪਸ਼ੂਆਂ ਦਾ ਚਲਦੇ ਸਮੇਂ ਲੜਖੜਾਉਣਾ, ਅੱਖਾਂ ਘੁਮਾਉਣਾ ਅਤੇ ਮੂੰਹ ਵਿੱਚੋਂ ਝੱਗ ਨਿਕਲਣਾ ਆਦਿ ਹਨ। ਇਹ ਜ਼ਿਆਦਾਤਰ ਪੇਂਟ(ਰੰਗ) ਚੱਟਣ ਜਾਂ ਪੇਂਟ ਕੀਤੀਆਂ ਚੀਜ਼ਾਂ ਨੂੰ ਚੱਟਣ ਨਾਲ ਹੋ ਸਕਦਾ ਹੈ। ਇਸਦਾ ਇੱਕ ਹੋਰ ਕਾਰਨ ਸਿੱਕਾ ਪਿਘਲਾਉਣ ਵਾਲੀ ਜਾਂ ਬੈਟਰੀਆਂ ਢਾਲਣ ਵਾਲੀ ਜਗ੍ਹਾ 'ਤੇ ਪਸ਼ੂਆਂ ਦਾ ਚਰਨਾ ਵੀ ਹੈ।
ਇਲਾਜ: ਜੇਕਰ ਜ਼ਹਿਰ ਪੇਟ ਤੋਂ ਅੱਗੇ ਨਿਕਲ ਗਿਆ ਹੋਵੇ ਤਾਂ ਕੈਲਸ਼ੀਅਮ ਵਰਸੇਨੇਟ 25% ਦਿਨ ਵਿੱਚ ਦੋ ਬਾਰ ਦੇਣਾ ਚਾਹੀਦਾ ਹੈ।

ਰਿੰਡਰਪੈਸਟ(ਸ਼ੀਤਲਾ ਮਾਤਾ): ਇਹ ਪਸ਼ੂਆਂ ਵਿੱਚ ਹੋਣ ਵਾਲੀ ਗੰਭੀਰ ਬਿਮਾਰੀ ਹੈ। ਇਹ ਲਾਗ ਦੀ ਬਹੁਤ ਜਲਦੀ ਫੈਲਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਨੂੰ ਫੈਲਣ ਵਿੱਚ 6-9 ਦਿਨ ਲਗਦੇ ਹਨ। ਇਸ ਦੇ ਲੱਛਣ ਤੇਜ਼ ਬੁਖਾਰ ਹੋਣਾ, ਮੂੰਹ 'ਚੋਂ ਪਾਣੀ ਵਗਣਾ ਅਤੇ ਖੂਨੀ ਦਸਤ ਲਗਣਾ, ਭੁੱਖ ਨਾ ਲੱਗਣਾ, ਦੁੱਧ ਘੱਟ ਜਾਣਾ ਆਦਿ ਹਨ। ਇਸ ਅੱਖਾਂ, ਜਣਨ-ਅੰਗਾਂ, ਮੂੰਹ, ਨੱਕ ਦੀ ਝਿੱਲੀ ਆਦਿ 'ਤੇ ਸੋਜ ਪੈ ਜਾਂਦੀ ਹੈ। ਜਭੜਿਆਂ, ਜੀਭ ਅਤੇ ਮਸੂੜਿਆਂ 'ਤੇ ਜ਼ਖਮ ਹੋ ਜਾਂਦੇ ਹਨ। ਇਸ ਤੋਂ ਬਾਅਦ ਇੱਕ ਦਮ ਮੋਕਾਂ ਲੱਗ ਜਾਦੀਆਂ ਹਨ, ਜਿਨ੍ਹਾਂ 'ਚ ਖੂਨ ਆਉਂਦਾ ਹੈ। ਸਰੀਰ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਜਾਂਦਾ ਹੈ।
ਇਲਾਜ: ਇਸਦਾ ਇਲਾਜ ਸ਼ੁਰੂਆਤੀ ਸਮੇਂ 'ਤੇ ਸਟ੍ਰੇਪਟੋਮਾਈਸਿਨ ਜਾਂ ਪੈਂਸੀਲਿਨ ਨਾਲ ਕੀਤਾ ਜਾ ਸਕਦਾ ਹੈ।

ਬਲੈਕ ਕਵਾਰਟਰ: ਇਹ ਲਾਗ ਵਾਲੇ ਜੀਵਾਣੂ ਪਸ਼ੂ-ਧਨ 'ਤੇ ਘਾਤਕ ਪ੍ਰਭਾਵ ਪਾਉਂਦੇ ਹਨ। ਪਸ਼ੂ ਜ਼ਿਆਦਾਤਰ 6-24 ਮਹੀਨੇ ਦੀ ਜਵਾਨ ਅਵਸਥਾ ਵਿੱਚ ਇਸ ਲਾਗ ਦੇ ਸ਼ਿਕਾਰ ਹੁੰਦੇ ਹਨ। ਇਹ ਲਾਗ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਮਿੱਟੀ ਤੋਂ ਪੈਦਾ ਹੁੰਦੀ ਹੈ। ਇਸ ਨਾਲ ਪਸ਼ੂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਸਾਹ ਲੈਣ ਵਿੱਚ ਪ੍ਰੇਸ਼ਾਨੀ ਆਉਂਦੀ ਹੈ।
ਇਲਾਜ: ਬਿਮਾਰੀ ਜਲਦੀ ਪਤਾ ਲੱਗਣ 'ਤੇ ਪੈਨਸੀਲਿਨ ਦੇ ਟੀਕੇ ਪ੍ਰਭਾਵਿਤ ਨਿਚਲੇ ਹਿੱਸੇ ਅਤੇ ਮਾਸ ਵਿੱਚ ਲਗਵਾਏ ਜਾ ਸਕਦੇ ਹਨ। 4 ਮਹੀਨੇ ਤੋਂ 3 ਸਾਲ ਦੇ ਪਸ਼ੂ ਦੇ ਸੋਜ ਵਾਲੇ ਅੰਗ 'ਤੇ 2 ਪ੍ਰਤੀਸ਼ਤ ਹਾਈਡ੍ਰੋਜਨ ਪੈਰੋਕਸਾਈਸਡ ਅਤੇ ਪੋਟਾਸ਼ੀਅਮ ਪਰਮੈਗਨੇਟ ਨਾਲ ਡ੍ਰੈੱਸਿੰਗ ਕਰੋ।

ਨਿਮੋਨੀਆ: ਪਸ਼ੂਆਂ ਵਿੱਚ ਮੁੱਖ ਤੌਰ 'ਤੇ ਨਿਮੋਨੀਆ ਗਿੱਲੇ ਫਰਸ਼ ਜਾਂ ਗਿੱਲੇ ਬਿਸਤਰ ਕਾਰਨ ਹੁੰਦਾ ਹੈ। ਇਹ ਪੇਰੇਨਫਲੂਏਂਜ਼ਾ, ਬੋਵਾਈਨ ਰੇਸਪਿਰੇਟਰੀ ਸਾਈਂਕਿਟਿਲ ਵਾਇਰਸ, ਮਾਇਕੋਪਲਾਜ਼ਮਾ ਆਦਿ  ਲਾਗ ਵਾਲੇ ਏਜੰਟਾਂ ਕਾਰਨ ਹੁੰਦਾ ਹੈ ਅਤੇ ਰੋਗੀ ਜਾਨਵਰਾਂ ਦੇ ਸੰਪਰਕ 'ਚ ਆਉਣ ਨਾਲ ਹੁੰਦਾ ਹੈ।
ਇਲਾਜ: ਪਸ਼ੂਆਂ ਨੂੰ ਉਚਿੱਤ ਸੁੱਕੇ ਬੈੱਡ ਵਾਲੀ ਅਤੇ ਹਵਾਦਾਰ ਜਗ੍ਹਾ ਵਿੱਚ ਰੱਖੋ।

ਡਾਇਰੀਆ:
ਇਸ ਬਿਮਾਰੀ ਨਾਲ ਪਹਿਲਾਂ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋ ਜਾਦੀ ਹੈ, ਫਿਰ ਐਸਿਡੋਸਿਸ ਅਤੇ ਡਿਹਾਈਡ੍ਰੇਸ਼ਨ ਹੁੰਦਾ ਹੈ। ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਗੰਦਗੀ ਵਾਲੀ ਜਗ੍ਹਾ, ਗੰਦਾ ਪਾਣੀ ਅਤੇ ਅਪੌਸ਼ਟਿਕ ਆਹਾਰ ਪ੍ਰਣਾਲੀ ਕਾਰਨ ਹੁੰਦਾ ਹੈ।
ਇਲਾਜ: ਪਸ਼ੂਆਂ ਵਾਲੀ ਜਗ੍ਹਾ ਨੂੰ ਸਾਫ ਰੱਖੋ। ਨਾਈਟ੍ਰੋਫੁਰਾਜ਼ੋਨ 20 ਮਿ.ਗ੍ਰਾ. ਪ੍ਰਤੀ ਕਿਲੋ ਜਾਂ ਟ੍ਰਿਮਥੋਪ੍ਰਿਮ ਅਤੇ ਸਲਫਾਡੋਕਸਿਨ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।

ਅੰਦਰੂਨੀ ਪਰਜੀਵੀ: ਇਸਦੇ ਲੱਛਣ ਚਮੜੀ 'ਤੇ ਖੁਜਲੀ, ਉਤੇਜਨਾ, ਜਲਨ ਅਤੇ ਫੋੜੇ ਹੋਣਾ ਆਦਿ ਹਨ। ਇਹ ਰੋਗ ਮੁੱਖ ਤੌਰ 'ਤੇ ਅਸ਼ੁੱਧ ਵਾਤਾਵਰਨ ਅਤੇ ਗਿੱਲੇ ਰਹਿਣ ਦੀ ਸਥਿਤੀ ਕਾਰਨ ਹੁੰਦਾ ਹੈ।
ਇਲਾਜ: ਨਾਰੀਅਲ ਅਤੇ ਮੂੰਗਫਲੀ ਤੇਲ ਦੇ 3:1 ਅਨੁਪਾਤ ਨੂੰ ਸਲਫਰ ਵਿੱਚ ਮਿਲਾ ਕੇ ਇਸ ਬਿਮਾਰੀ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ।

ਬਾਹਰੀ ਪਰਜੀਵੀ: ਇਸਦੇ ਲੱਛਣ ਦਸਤ ਹੋਣਾ ਅਤੇ ਪਸ਼ੂ ਦਾ ਸੁਸਤ ਹੋਣਾ ਆਦਿ ਹਨ। ਇਹ ਬਿਮਾਰੀ ਮੁੱਖ ਤੌਰ 'ਤੇ ਅਸ਼ੁੱਧ ਵਾਤਾਵਰਨ, ਦੀਵਾਰਾਂ ਨੂੰ ਚੱਟਣ ਅਤੇ ਲਾਗ ਵਾਲੀ ਫਰਸ਼ ਤੋਂ ਫੈਲਦੀ ਹੈ।
ਇਲਾਜ: ਪਸ਼ੂਆਂ ਨੂੰ ਪੀਣ ਲਈ ਸਾਫ ਪਾਣੀ ਦਿਓ। ਪਹਿਲਾਂ 2 ਹਫਤਿਆਂ ਅਤੇ ਫਿਰ 6 ਮਹੀਨੇ ਦੇ ਅੰਤਰਾਲ 'ਤੇ ਡੀਵਾਰਮਿੰਗ ਕਰਨਾ ਜ਼ਰੂਰੀ ਹੈ। ਬਿਮਾਰੀ ਦੇ ਇਲਾਜ ਲਈ ਸਲਫਾਮੈਥਾਈਜ਼ਿਨ/ਸਲਫੈਡੀਮਿਡਾਈਨ ਦੀ ਖੁਰਾਕ ਦਿਓ।

ਥਨੈਲਾ ਰੋਗ: ਇਹ ਦੁਧਾਰੂ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਸਮੇਂ ਵਿੱਚ ਪਸ਼ੂਆਂ ਦੇ ਥਣ ਗਰਮ ਹੁੰਦੇ ਹਨ ਅਤੇ ਥਣਾਂ ਵਿੱਚ ਦਰਦ ਅਤੇ ਸੋਜ ਸ਼ੁਰੂ ਹੋ ਜਾਂਦੀ ਹੈ। ਸਰੀਰਕ ਤਾਪਮਾਨ ਵੀ ਆਮ ਨਾਲੋਂ ਵੱਧ ਜਾਂਦਾ ਹੈ। ਲੱਛਣ ਦਿਖਣ 'ਤੇ ਦੁੱਧ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਦੁੱਧ ਵਿੱਚ ਖੂਨ ਅਤੇ ਪਸ ਆਉਣ ਲੱਗ ਜਾਂਦੀ ਹੈ। ਪਸ਼ੂ ਖਾਣਾ ਪੀਣਾ ਛੱਡ ਦਿੰਦਾ ਹੈ। ਇਹ ਬਿਮਾਰੀ ਕਈ ਪ੍ਰਕਾਰ ਦੇ ਜੀਵਾਣੂਆਂ, ਵਿਸ਼ਾਣੂਆਂ ਅਤੇ ਫੰਗਸ ਕਾਰਨ ਹੁੰਦਾ ਹੈ।
ਇਲਾਜ: ਇਸ ਰੋਗ ਦਾ ਇਲਾਜ ਸ਼ੁਰੂਆਤੀ ਅਵਸਥਾ ਵਿੱਚ ਹੀ ਸੰਭਵ ਹੈ, ਨਹੀਂ ਤਾਂ ਬਿਮਾਰੀ ਵੱਧ ਜਾਣ 'ਤੇ ਥਣ ਨੂੰ ਬਚਾਉਣਾ ਔਖਾ ਹੋ ਜਾਂਦਾ ਹੈ। ਇਸਦੇ ਬਚਾਅ ਲਈ ਦੁਧਾਰੂ ਪਸ਼ੂ ਦੇ ਦੁੱਧ ਦੀ ਜਾਂਚ ਸਮੇਂ ਸਿਰ ਕਰਵਾ ਕੇ ਜੀਵਾਣੂਨਾਸ਼ਕ ਦਵਾਈਆਂ ਦੁਆਰਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਇਹ ਦਵਾਈਆਂ ਥਣਾਂ 'ਤੇ ਟਿਊਬ ਚੜਾ ਕੇ ਅਤੇ ਨਾਲ ਦੀ ਨਾਲ ਮਾਸ-ਪੇਸ਼ੀਆਂ 'ਚ ਟੀਕੇ ਦੁਆਰਾ ਦਿੱਤੀਆਂ ਜਾਂਦੀਆਂ ਹਨ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਦਾਦ: ਇਹ ਚਮੜੀ ਦਾ ਰੋਗ ਹੈ, ਜੋ ਇੱਕ ਤਰ੍ਹਾ ਦੀ ਫੰਗਸ ਕਾਰਨ ਹੁੰਦਾ ਹੈ, ਜਿਸ ਕਾਰਨ ਪਸ਼ੂ ਦੀ ਚਮੜੀ 'ਤੇ ਗੋਲ ਨਿਸ਼ਾਨ ਬਣ ਜਾਂਦੇ ਹਨ। ਇਹ ਬਿਮਾਰੀ ਜ਼ਿਆਦਾਤਰ ਸਰਦੀਆਂ ਦੇ ਮਹੀਨੇ ਵਿੱਚ ਦੇਖੀ ਜਾਂਦੀ ਹੈ ਅਤੇ ਛੋਟੀ ਉਮਰ ਦੇ ਜਾਨਵਰਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਬਿਮਾਰੀ ਦੌਰਾਨ ਚਮੜੀ 'ਤੇ ਗੋਲ ਧੱਬੇ ਇਸ ਤਰ੍ਹਾਂ ਦਿਖਾਈ ਦਿੰਦੇ ਹਨ, ਜਿਵੇਂ ਕਿ ਚਮੜੀ 'ਤੇ ਆਟਾ ਛਿੜਕਿਆ ਹੋਵੇ। ਬਿਮਾਰੀ ਦੀ ਜਾਂਚ ਲਈ ਪ੍ਰਭਾਵਿਤ ਜਗ੍ਹਾ ਤੋਂ ਵਾਲ ਪੁੱਟ ਕੇ ਜਾਂ ਚਮੜੀ ਨੂੰ ਖੁਰਚ ਕੇ ਸਾਫ ਕਾਗਜ਼ 'ਤੇ ਰੱਖ ਕੇ ਲੈਬਾਰਟਰੀ ਭੇਜਿਆ ਜਾ ਸਕਦਾ ਹੈ। ਇਲਾਜ ਲਈ ਡਾਕਟਰ ਦੀ ਸਲਾਹ ਲਓ।

ਪੈਰਾਂ ਦਾ ਗਲਣਾ: ਇਹ ਕੀਟਾਣੂਆਂ ਦੁਆਰਾ ਹੋਣ ਵਾਲੀ ਬਿਮਾਰੀ ਹੈ, ਜੋ ਕਿ ਪਸ਼ੂਆਂ ਦੇ ਖੁਰਾਂ 'ਤੇ ਅਸਰ ਕਰਦੀ ਹੈ। ਗਰਮ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਇਹ ਰੋਗ ਜ਼ਿਆਦਾ ਫੈਲਦਾ ਹੈ। ਇਸ ਬਿਮਾਰੀ ਦੇ ਕੀਟਾਣੂ ਪਸ਼ੂ ਦੇ ਪੈਰਾਂ ਦੀ ਚਮੜੀ ਦੁਆਰਾ ਸਰੀਰ ਅੰਦਰ ਦਾਖਲ ਹੁੰਦੇ ਹਨ, ਖਾਸ ਕਰ ਜਦੋਂ ਕੋਈ ਜ਼ਖਮ ਬਣਿਆ ਹੋਵੇ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਐਂਟੀਬਾਇਓਟਿਕ ਟੀਕੇ ਲਗਵਾਓ। ਪੈਰਾਂ 'ਤੇ ਹੋਏ ਜ਼ਖਮਾਂ 'ਤੇ ਨੀਲਾ ਥੋਥਾ 5%, ਫਾਰਮਾਲੀਨ 2% ਜਾਂ ਜ਼ਿੰਕ ਸਲਫੇਟ 10% ਦਾ ਘੋਲ ਬਣਾ ਕੇ ਲਗਾਉਣ ਨਾਲ ਪੈਰਾਂ ਦੇ ਜ਼ਖਮ ਠੀਕ ਹੋ ਜਾਣਗੇ। ਬਿਮਾਰੀ ਤੋਂ ਬਚਾਅ ਲਈ ਪਸ਼ੂ ਨੂੰ ਸਾਫ-ਸੁਥਰੀ ਜਗ੍ਹਾ 'ਤੇ ਰੱਖੋ।