ਤਰ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਤਰ ਕੁਕੁਰਬਿਟਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ ਅਤੇ ਇਸਦਾ ਬੋਟੇਨੀਕਲ ਨਾਮ ਕੁਕੁਮਿਸ ਮੇਲੋ ਹੈ। ਇਸਦਾ ਮੂਲ ਸਥਾਨ ਭਾਰਤ ਹੈ। ਇਹ ਹਲਕੇ ਹਰੇ ਰੰਗ ਦੀ ਹੁੰਦੀ ਹੈ ਜਿਸਦਾ ਛਿਲਕਾ ਨਰਮ ਅਤੇ ਗੁੱਦਾ ਚਿੱਟੇ ਰੰਗ ਦਾ ਹੁੰਦਾ ਹੈ। ਇਸਨੂੰ ਮੁੱਖ ਤੌਰ ਤੇ ਸਲਾਦ ਦੇ ਰੂਪ ਵਿੱਚ ਲੂਣ ਅਤੇ ਕਾਲੀ ਮਿਰਚ ਨਾਲ ਖਾਧਾ ਜਾਂਦਾ ਹੈ। ਇਸਦੇ ਫਲ ਦੀ ਤਾਸੀਰ ਠੰਡੀ ਹੁੰਦੀ ਹੈ, ਇਸ ਲਈ ਇਸਨੂੰ ਮੁੱਖ ਤੌਰ ਤੇ ਗਰਮੀਆਂ ਦੇ ਮੌਸਮ ਵਿੱਚ ਖਾਧਾ ਜਾਂਦਾ ਹੈ।

ਮਿੱਟੀ

ਇਸਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ, ਜਿਵੇਂ ਕਿ ਵਧੀਆ ਨਿਕਾਸ ਵਾਲੀ ਰੇਤਲੀ ਦੋਮਟ ਤੋਂ ਭਾਰੀ ਮਿੱਟੀ। ਇਸਦੀ ਖੇਤੀ ਲਈ ਮਿੱਟੀ ਦਾ pH 5.8-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab longmelon-1: ਇਹ ਕਿਸਮ 1995 ਵਿੱਚ ਤਿਆਰ ਕੀਤੀ ਗਈ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਵੇਲਾਂ ਲੰਬੀਆਂ, ਤਣਾ ਹਲਕੇ ਹਰੇ ਰੰਗ, ਪਤਲਾ ਅਤੇ ਫਲ ਲੰਬਾ ਹੁੰਦਾ ਹੈ। ਇਸਦਾ ਔਸਤਨ ਝਾੜ 86 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Karnal selection: ਇਹ ਕਿਸਮ ਜ਼ਿਆਦਾ ਮਾਤਰਾ ਵਿੱਚ ਫਲ ਪੈਦਾ ਕਰਦੀ ਹੈ। ਇਸਦੇ ਫਲ ਹਲਕੇ ਹਰੇ ਰੰਗ ਦੇ, ਕੱਦ ਲੰਬਾ ਅਤੇ ਗੁੱਦਾ ਕੁਰਕੁਰਾ ਅਤੇ ਸੁਆਦ ਵਿੱਚ ਵਧੀਆ ਹੁੰਦਾ ਹੈ।

Arka Sheetal: ਇਹ ਕਿਸਮ ਆਈ ਆਈ ਐਚ ਆਰ, ਲਖਨਊ ਦੁਆਰਾ ਵਿਕਸਿਤ ਕੀਤੀ ਗਈ ਹੈ। ਇਸਦੇ ਫਲ ਹਰੇ ਰੰਗ ਦੇ ਹੁੰਦੇ ਹਨ ਜੋ ਕੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਸਦਾ ਗੁੱਦਾ ਕੁਰਕੁਰਾ ਅਤੇ ਸੁਆਦ ਵਿੱਚ ਵਧੀਆ ਹੁੰਦਾ ਹੈ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ।

ਖੇਤ ਦੀ ਤਿਆਰੀ

ਤਰ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਹੈਰੋ ਨਾਲ 2-3 ਵਾਰ ਵਾਹੀ ਕਰਨੀ ਜਰੂਰੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਲਈ ਫਰਵਰੀ-ਮਾਰਚ ਮਹੀਨੇ ਦਾ ਸਮਾਂ ਅਨੁਕੂਲ ਹੈ।

ਫਾਸਲਾ
ਖਾਲ਼ੀਆਂ ਵਿੱਚ 200-250 ਸੈ.ਮੀ. ਅਤੇ ਵੱਟਾਂ ਵਿੱਚ 60-90 ਸੈ.ਮੀ. ਫਾਸਲਾ ਰੱਖੋ। ਫਸਲ ਦੇ ਵਧੀਆ ਵਿਕਾਸ ਲਈ ਦੋ ਬੀਜਾਂ ਨੂੰ ਇੱਕ ਜਗ੍ਹਾ 'ਤੇ ਬੀਜੋ।

ਬੀਜ ਦੀ ਡੂੰਘਾਈ
ਬੀਜਾਂ ਨੂੰ 2.5-4 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਬੀਜਾਂ ਨੂੰ ਬੈੱਡ ਜਾਂ ਵੱਟਾਂ 'ਤੇ ਸਿੱਧਾ ਟੋਇਆਂ ਵਿੱਚ ਬੀਜੋ।

ਬੀਜ

ਬੀਜ ਦੀ ਮਾਤਰਾ
ਪ੍ਰਤੀ ਏਕੜ ਵਿੱਚ 1 ਕਿਲੋ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੈਨਲੇਟ ਜਾਂ ਬਵਿਸਟਿਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MOP
90 125 35

 

ਤੱਤ (ਕਿਲੋ ਪ੍ਰਤੀ ਏਕੜ)

NITROGEN P2O5 K2O
40 20 20

 

ਨਰਸਰੀ ਬੈੱਡਾਂ ਤੋਂ 15 ਸੈ.ਮੀ. ਦੀ ਦੂਰੀ ਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦਾ 1/3 ਭਾਗ ਬਿਜਾਈ ਸਮੇਂ ਪਾਓ। ਬਾਕੀ ਬਚੀ ਹੋਈ ਨਾਈਟ੍ਰੋਜਨ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਵੇਲਾਂ ਫੈਲਣ ਤੋਂ ਪਹਿਲਾਂ ਇਹਨਾਂ ਦੀ ਦੋ ਵਾਰ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ।

ਸਿੰਚਾਈ

ਬਿਜਾਈ ਦੇ ਤੁਰੰਤ ਬਾਅਦ ਸਿੰਚਾਈ ਕਰਨਾ ਜਰੂਰੀ ਹੈ। ਗਰਮੀਆਂ ਵਿੱਚ, 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ ਅਤੇ ਵਰਖਾ ਦੇ ਮੌਸਮ ਵਿੱਚ ਲੋੜ ਅਨੁਸਾਰ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਚੇਪਾ ਅਤੇ ਥਰਿੱਪ
  • ਕੀੜੇ-ਮਕੌੜੇ ਅਤੇ ਰੋਕਥਾਮ

ਚੇਪਾ ਅਤੇ ਥ੍ਰਿਪਸ: ਇਹ ਕੀੜੇ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਝੜ ਜਾਂਦੇ ਹਨ। ਥ੍ਰਿਪਸ ਦੇ ਕਾਰਨ ਪੱਤੇ ਕੱਪ ਦੇ ਆਕਾਰ ਦੇ ਹੋ ਕੇ ਅਤੇ ਉੱਪਰ ਵੱਲ ਨੂੰ ਮੁੜ ਜਾਂਦੇ ਹਨ।
ਇਸਦਾ ਹਮਲਾ ਫਸਲ ਤੇ ਦਿਖੇ ਤਾਂ ਥਾਇਆਮੈਥੋਕਸਮ 5 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ।

ਭੂੰਡੀ

ਭੂੰਡੀ: ਇਸਦੇ ਕਾਰਨ ਫੁੱਲ, ਪੱਤੇ ਅਤੇ ਤਣੇ ਨਸ਼ਟ ਹੋ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਮੈਲਾਥਿਆਨ 2 ਮਿ.ਲੀ. ਜਾਂ ਕਾਰਬਰਿਲ 4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰੋ। ਇਹ ਭੂੰਡੀ ਦੀ ਰੋਕਥਾਮ ਲਈ ਸਹਾਇਕ ਹੈ।

ਫਲ ਦੀ ਮੱਖੀ

ਫਲ ਦੀ ਮੱਖੀ: ਇਹ ਤਰ ਦੀ ਫਸਲ ਦਾ ਗੰਭੀਰ ਕੀੜਾ ਹੈ। ਮਾਦਾ ਮੱਖੀ ਫਲ ਦੀ ਬਾਹਰਲੀ ਪਰਤ ਦੇ ਹੇਠਾਂ ਅੰਡੇ ਦਿੰਦੀ ਹੈ। ਫਿਰ ਇਹ ਛੋਟੇ ਕੀੜੇ ਫਲ ਦੇ ਗੁੱਦੇ ਨੂੰ ਆਪਣਾ ਭੋਜਨ ਬਣਾਉਂਦੇ ਹਨ ਅਤੇ ਫਲ ਗਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਝੜ ਜਾਂਦੇ ਹਨ।

ਇਲਾਜ: ਫਸਲ ਨੂੰ ਫਲ ਦੀ ਮੱਖੀ ਤੋਂ ਬਚਾਉਣ ਲਈ ਨਿੰਮ ਦੇ ਤੇਲ 3.0% ਦੀ ਪੱਤਿਆਂ ਤੇ ਸਪਰੇਅ ਕਰੋ।

ਪੱਤਿਆਂ ਤੇ ਚਿੱਟੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਚਿੱਟੀ ਫੰਗਸ: ਪੱਤਿਆਂ ਦੇ ਉੱਪਰ ਵਾਲੀ ਪਰਤ ਤੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਹ ਨੁਕਸਾਨੇ ਪੌਦੇ ਦੇ ਮੁੱਖ ਤਣੇ ਤੇ ਵੀ ਦਿਖਦੇ ਹਨ। ਇਸਦੇ ਕੀੜੇ ਪੌਦੇ ਨੂੰ ਆਪਣੇ ਭੋਜਨ ਦੇ ਤੌਰ ਤੇ ਵਰਤਦੇ ਹਨ। ਇਸਦਾ ਹਮਲਾ ਹੋਣ ਤੇ ਪੱਤੇ ਝੜ ਜਾਂਦੇ ਹਨ ਅਤੇ ਫਲ ਪੱਕਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਪਾਣੀ ਵਿੱਚ ਘੁਲਣਸ਼ੀਲ ਸਲਫ਼ਰ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਪਾ ਕੇ 10 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ।

ਐਂਥਰਾਕਨੌਸ

ਐਂਥਰਾਕਨੌਸ: ਇਹ ਬਿਮਾਰੀ ਪੱਤਿਆਂ ਤੇ ਹਮਲਾ ਕਰਦੇ ਹਨ, ਜਿਸ ਕਾਰਨ ਪੱਤੇ ਝੁਲਸੇ ਹੋਏ ਦਿਖਦੇ ਹਨ।

ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਨਕੋਜ਼ੇਬ ਜਾਂ ਕਾਰਬੈਂਡਾਜ਼ਿਮ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਹ ਰੋਗ ਸੂਡੋਪ੍ਰਨੋਸਪੋਰਾ ਕੁਬੇਨਸਿਸ ਦੇ ਕਾਰਨ ਹੁੰਦਾ ਹੈ। ਇਸ ਨਾਲ ਪੱਤਿਆਂ ਦੀ ਹੇਠਲੀ ਪਰਤ ਤੇ ਛੋਟੇ ਅਤੇ ਜਾਮੁਨੀ ਰੰਗ ਦੇ ਧੱਬੇ ਦਿੱਖਦੇ ਹਨ।

ਇਸਦੀ ਰੋਕਥਾਮ ਲਈ ਡਾਈਥੇਨ ਐਮ-45 ਜਾਂ ਡਾਈਥੇਨ ਜ਼ੈੱਡ-78 ਦੀ ਵਰਤੋਂ ਕਰੋ।

ਮੁਰਝਾਉਣਾ

ਮੁਰਝਾਉਣਾ: ਇਹ ਪੌਦਿਆਂ ਦੇ ਵੈਸਕੂਲਰ ਟਿਸ਼ੂਆਂ ਤੇ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਪੌਦਾ ਤੁਰੰਤ ਹੀ ਮੁਰਝਾ ਜਾਂਦਾ ਹੈ।

ਇਸਦੀ ਰੋਕਥਾਮ ਲਈ ਕਪਤਾਨ ਜਾਂ ਹੇਕਸੋਕੈਪ 0.2-0.3% ਦਾ ਛਿੱਟਾ ਦਿਓ।

ਕੁਕੁਰਬਿਟ ਫਿਲੌਡੀ: ਇਸ ਬਿਮਾਰੀ ਨਾਲ ਟਾਹਣੀਆਂ ਵਿੱਚਲੀਆਂ ਨਾੜੀਆਂ ਛੋਟੀਆਂ ਰਹਿ ਜਾਂਦੀਆਂ ਹਨ ਅਤੇ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ, ਜਿਸ ਨਾਲ ਫਸਲ ਫਲ ਨਹੀਂ ਦਿੰਦੀ।

ਇਸ ਬਿਮਾਰੀ ਦੀ ਰੋਕਥਾਮ ਲਈ ਫਿਊਰਾਡਾਨ 5 ਕਿਲੋ ਬਿਜਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਓ। ਜੇਕਰ ਇਸਦਾ ਹਮਲਾ ਦਿਖੇ ਤਾਂ ਡਿਮੇਕਰੋਨ 0.05% 10 ਦਿਨਾਂ ਦੇ ਫਾਸਲੇ 'ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਇਸਦੇ ਫਲ 60-70 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ। ਕਟਾਈ ਮੁੱਖ ਤੌਰ 'ਤੇ ਫਲ ਦੇ ਪੂਰੀ ਤਰ੍ਹਾਂ ਵਿਕਸਿਤ ਅਤੇ ਨਰਮ ਹੋਣ 'ਤੇ ਕਰੋ। ਕਟਾਈ ਫੁੱਲ ਨਿਕਲਣ ਦੇ ਮੌਸਮ ਵਿੱਚ 3-4 ਦਿਨਾਂ ਦੇ ਫਾਸਲੇ 'ਤੇ ਕਰੋ।

ਬੀਜ ਉਤਪਾਦਨ

ਤਰ ਨੂੰ ਹੋਰ ਕਿਸਮਾਂ ਜਿਵੇਂ ਕਿ ਚਿੱਬੜ, ਖਰਬੂਜੇ ਆਦਿ ਤੋਂ 1000 ਮੀਟਰ ਦੇ ਫਾਸਲੇ 'ਤੇ ਰੱਖੋ। ਖੇਤ ਵਿੱਚੋਂ ਨੁਕਸਾਨੇ ਪੌਦਿਆਂ ਨੂੰ ਹਟਾ ਦਿਓ। ਜਦੋਂ ਫਲ ਪੱਕ ਜਾਣ ਤਾਂ ਉਹਨਾਂ ਦਾ ਰੰਗ ਬਦਲ ਕੇ ਹਲਕਾ ਹੋ ਜਾਵੇ ਤਾਂ ਉਹਨਾਂ ਨੂੰ ਤਾਜ਼ੇ ਪਾਣੀ ਵਿੱਚ ਰੱਖ ਕੇ ਹੱਥਾਂ ਨਾਲ ਤੋੜੋ ਅਤੇ ਗੁੱਦੇ ਵਿੱਚੋ ਬੀਜਾਂ ਨੂੰ ਵੱਖ ਕਰ ਲਓ। ਜਿਹੜੇ ਬੀਜ ਹੇਠਲੇ ਪਰਤ 'ਤੇ ਬੈਠ ਜਾਣ, ਉਹ ਬੀਜ ਇਕੱਠੇ ਕਰ ਲਏ ਜਾਂਦੇ ਹਨ।